
41 ਸਾਲਾਂ ਦੌਰਾਨ ਲੱਖਾਂ ਮਰੀਜ਼ਾਂ ਦਾ ਕਰ ਚੁੱਕਿਆ ਇਲਾਜ; ਬਾਬਾ ਬੁੱਧ ਸਿੰਘ ਢਾਹਾਂ ਦੀ ਸੋਚ ਸਦਕਾ ਅਦਾਰੇ ਨੇ ਬਣਾਈ ਵੱਖਰੀ ਪਛਾਣ
ਬੰਗਾ,(ਪੰਜਾਬੀ ਰਾਈਟਰ)-ਇਥੇ ਢਾਹਾਂ ਕਲੇਰਾਂ ਵਿੱਚ 1984 ’ਚ ਸਥਾਪਤ ਗੁਰੂ ਨਾਨਕ ਮਿਸ਼ਨ ਹਸਪਤਾਲ ਅੱਜ ਆਪਣੀਆਂ ਸਿਹਤ ਸੇਵਾਵਾਂ ਦੇ 41 ਸਾਲ ਦਾ ਸਫ਼ਰ ਤੈਅ ਕਰ ਚੁੱਕਿਆ ਹੈ। 17 ਅਪਰੈਲ ਨੂੰ ਹਸਪਤਾਲ ਦਾ 41ਵਾਂ ਦਿਵਸ ਮਨਾਇਆ ਜਾ ਰਿਹਾ ਹੈ। ਇਸ ਹਸਪਤਾਲ ਦੇ ਬਾਨੀ ਬਾਬਾ ਬੁੱਧ ਸਿੰਘ ਢਾਹਾਂ ਜਦੋਂ ਕੈਨੇਡਾ ਤੋਂ ਇਹ ਮਿਸ਼ਨ ਲੈ ਕੇ ਵਤਨ ਪਰਤੇ ਤਾਂ ਦਾਨੀਆਂ ਅਤੇ ਸ਼ੁੱਭ ਚਿੰਤਕਾਂ ਦੇ ਬੱਝੇ ਕਾਫ਼ਲੇ ਨੇ ਉਨ੍ਹਾਂ ਦਾ ਹੌਸਲਾ ਹੋਰ ਬੁਲੰਦ ਕੀਤਾ। ਇਸ ਕਾਰਜ ਲਈ 1981 ਵਿੱਚ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਹੋਂਦ ਵਿੱਚ ਆਇਆ।
ਹਸਪਤਾਲ ਲਈ ਪਿੰਡ ਢਾਹਾਂ ਦੀ ਪੰਚਾਇਤ ਨੇ 23 ਏਕੜ ਅਤੇ ਕਲੇਰਾਂ ਦੀ ਪੰਚਾਇਤ ਨੇ ਸਾਢੇ ਸੱਤ ਏਕੜ ਜ਼ਮੀਨ ਟਰੱਸਟ ਨੂੰ ਦਾਨ ਕੀਤੀ। 27 ਸਤੰਬਰ 1981 ਵਿੱਚ ਸਮਾਜ ਸੇਵਕ ਭਗਤ ਪੂਰਨ ਸਿੰਘ, ਪਿੰਗਲਵਾੜਾ ਤੋਂ ਨੀਂਹ ਰਖਵਾ ਕੇ ਹਸਪਤਾਲ ਦੀ ਉਸਾਰੀ ਸ਼ੁਰੂ ਕੀਤੀ ਗਈ। 17 ਅਪਰੈਲ 1984 ਵਿੱਚ ਇਸ ਹਸਪਤਾਲ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਬੀਡੀ ਪਾਂਡੇ ਨੇ ਕੀਤਾ। ਹੁਣ ਤੱਕ ਇਹ ਅਦਾਰਾ ਲੱਖਾਂ ਮਰੀਜ਼ਾਂ ਦਾ ਇਲਾਜ ਕਰ ਚੁੱਕਿਆ ਹੈ। ਇੱਥੇ ਦਾਖ਼ਲ ਮਰੀਜ਼ਾਂ ਅਤੇ ਉਨ੍ਹਾਂ ਨਾਲ ਆਏ ਪਰਿਵਾਰਕ ਮੈਂਬਰਾਂ ਲਈ ਪੌਸ਼ਟਿਕ ਭੋਜਨ ਵੀ ਦਿੱਤਾ ਜਾਂਦਾ ਹੈ। ਕਰੋਨਾ ਦੀ ਮਾਰ ਸਮੇਂ ਇਸ ਹਸਪਤਾਲ ਨੇ ਮਰੀਜ਼ਾਂ ਦੇ ਇਲਾਜ ਵਿੱਚ ਮੋਹਰੀ ਭੂਮਿਕਾ ਨਿਭਾਈ। ਕਈ ਔਕੜਾਂ ਦਾ ਸਾਹਮਣਾ ਕਰਦੇ ਹੋਏ ਬਾਬਾ ਬੁੱਧ ਸਿੰਘ ਢਾਹਾਂ ਤੋਂ ਲੈ ਕੇ ਸਾਰੇ ਪ੍ਰਧਾਨ, ਟਰੱਸਟੀ ਮੈਂਬਰ, ਡਾਕਟਰ, ਨਰਸਾਂ, ਅਧਿਆਪਕਾਂ ਸਦਕਾ ਗੁਰੂ ਨਾਨਕ ਮਿਸ਼ਨ ਹਸਪਤਾਲ ਦੁਨੀਆ ਭਰ ’ਚ ਆਪਣੀ ਵੱਖਰੀ ਪਛਾਣ ਸਥਾਪਤ ਕਰ ਚੁੱਕਾ ਹੈ। ਇਸ ਦੌਰਾਨ ਟਰੱਸਟ ਦੇ ਮੌਜੂਦਾ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਕਿਹਾ ਕਿ ਅੱਜ ਹਸਪਤਾਲ ਦੇ ਵਿਹੜੇ ਇਸ ਦੇ 41ਵੇਂ ਸਥਾਪਨਾ ਦਿਵਸ ਮੌਕੇ ਵਿਸ਼ਾਲ ਸਮਾਗਮ ਕਰਵਾਇਆ ਜਾ ਰਿਹਾ ਹੈ। ਸਮਾਗਮ ਦੌਰਾਨ ਗੁਰੂ ਨਾਨਕ ਮਿਸ਼ਨ ਹਸਪਤਾਲ ਤੋਂ ਇਲਾਵਾ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਅਤੇ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੇ ਕਰਮਚਾਰੀ ਅਤੇ ਵਿਦਿਆਰਥੀਆਂ ਵੱਲੋਂ ਇਸ ਮਿਸ਼ਨ ਨਾਲ ਸਬੰਧਤ ਪੇਸ਼ਕਾਰੀਆਂ ਵੀ ਸਾਂਝੀਆਂ ਕੀਤੀਆਂ ਜਾਣਗੀਆਂ।