ਬੱਬਰ ਅਕਾਲੀ ਭਾਈ ਕਰਮ ਸਿੰਘ ਦੌਲਤਪੁਰ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ

ਬੱਬਰ ਅਕਾਲੀ ਭਾਈ ਕਰਮ ਸਿੰਘ ਦੌਲਤਪੁਰ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ

ਸਰੀ: ਪੰਜਾਬੀ ਪ੍ਰੈੱਸ ਕਲੱਬ ਬੀ.ਸੀ. ਵੱਲੋਂ ਬੱਬਰ ਅਕਾਲੀ ਲਹਿਰ ਦੇ ਮਹਾਨ ਯੋਧੇ ਅਤੇ ‘ਬੱਬਰ ਅਕਾਲੀ ਦੋਆਬਾ’ ਅਖ਼ਬਾਰ ਦੇ ਮੁੱਖ ਸੰਪਾਦਕ ਭਾਈ ਕਰਮ ਸਿੰਘ ਬੱਬਰ ਅਕਾਲੀ ਦੀ ਸ਼ਹਾਦਤ ਦੇ ਸ਼ਤਾਬਦੀ ਵਰ੍ਹੇ ’ਤੇ ਜਰਨੈਲ ਆਰਟ ਗੈਲਰੀ ਸਰੀ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਵਿੱਚ ਵੱਖ ਵੱਖ ਵਿਦਵਾਨਾਂ ਅਤੇ ਬੁਲਾਰਿਆਂ ਨੇ ਬੱਬਰ ਅਕਾਲੀ ਲਹਿਰ, ਗ਼ਦਰ ਲਹਿਰ, ਗ਼ਦਰੀ ਬਾਬਿਆਂ ਅਤੇ ਬੱਬਰ ਅਕਾਲੀਆਂ ਵੱਲੋਂ ਭਾਰਤ ਦੀ ਆਜ਼ਾਦੀ ਲਈ ਕੀਤੀਆਂ ਕੁਰਬਾਨੀਆਂ ਨੂੰ ਯਾਦ ਕੀਤਾ।

ਸਮਾਗਮ ਦੇ ਮੁੱਖ ਬੁਲਾਰੇ ਡਾ. ਗੁਰਦੇਵ ਸਿੰਘ ਸਿੱਧੂ ਨੇ ਇਸ ਮੌਕੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਪੰਜਾਬੀਆਂ ਅਤੇ ਖ਼ਾਸ ਕਰ ਕੇ ਸਿੱਖਾਂ ਨੇ ਆਪਣੀ ਹੋਂਦ ਅਤੇ ਪਛਾਣ ਨੂੰ ਕਾਇਮ ਰੱਖਣ ਵਾਸਤੇ ਅੰਗਰੇਜ਼ੀ ਹਕੂਮਤ ਨਾਲ ਲੰਮੀ ਲੜਾਈ ਲੜੀ। 1846 ਵਿੱਚ ਅੰਗਰੇਜ਼ਾਂ ਨੇ ਅਜੇ ਪੰਜਾਬ ਦੀ ਧਰਤੀ ’ਤੇ ਪੈਰ ਹੀ ਧਰਿਆ ਸੀ ਕਿ ਸਿੱਖਾਂ ਨੇ ਉਨ੍ਹਾਂ ਦੇ ਵਿਰੋਧ ਵਿੱਚ ਪੈਂਤੜੇ ਕਸ ਲਏ ਸਨ। ਡਾ. ਸਿੱਧੂ ਨੇ ਲੰਮੇ ਆਜ਼ਾਦੀ ਸੰਘਰਸ਼ ਦਾ ਵਰਣਨ ਕਰਦਿਆਂ ਬੱਬਰ ਅਕਾਲੀ ਕਰਮ ਸਿੰਘ ਦੌਲਤਪੁਰ ਵੱਲੋਂ ਇਸ ਵਿੱਚ ਪਾਏ ਯੋਗਦਾਨ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਨੇ ਇੱਕ ਨਵਾਂ ਇਤਿਹਾਸ ਸਿਰਜਿਆ ਅਤੇ ਲੋਕਾਂ ਨੂੰ ਦੇਸ਼ ਵਾਸਤੇ ਕੁਰਬਾਨੀ ਕਰਨ ਦੀ ਪ੍ਰੇਰਨਾ ਦਿੱਤੀ। ਸ਼ਹੀਦ ਭਗਤ ਸਿੰਘ ਵੀ ਬੱਬਰਾਂ ਤੋਂ ਬਹੁਤ ਪ੍ਰਭਾਵਿਤ ਸੀ ਅਤੇ ਭਗਤ ਸਿੰਘ ਨੇ ‘ਚਾਂਦ’ ਨਾਂ ਦੇ ਇੱਕ ਹਿੰਦੀ ਰਸਾਲੇ ਵਿੱਚ ਬੱਬਰ ਅਕਾਲੀ ਕਰਮ ਸਿੰਘ ਤੇ ਉਸ ਦੇ ਤਿੰਨ ਹੋਰ ਸਾਥੀਆਂ ਬਾਰੇ ‘ਫਾਂਸੀ’ ਵਿਸ਼ੇਸ਼ ਅੰਕ ਕੱਢਿਆ ਸੀ। ਡਾ. ਸਿੱਧੂ ਨੇ ਇਹ ਵੀ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਜਦੋਂ ਦੇਸ਼ ਨੂੰ ਆਜ਼ਾਦੀ ਮਿਲੀ ਤਾਂ ਏਨੀਆਂ ਕੁਰਬਾਨੀਆਂ ਕਰਨ ਵਾਲੇ ਮਹਾਨ ਯੋਧਿਆਂ, ਦੇਸ਼ ਭਗਤਾਂ ਨੂੰ ਭੁਲਾ ਦਿੱਤਾ ਗਿਆ ਅਤੇ ਆਜ਼ਾਦੀ ਦਾ ਸਮੁੱਚਾ ਸਿਹਰਾ ਸਿਰਫ਼ ਇੱਕ ਆਦਮੀ ਅਤੇ ਇੱਕ ਖ਼ਾਸ ਪਾਰਟੀ ਦੇ ਸਿਰ ’ਤੇ ਸਜਾ ਦਿੱਤਾ ਗਿਆ।