ਰਾਮ ਮੰਦਰ ਦੇ ਕਿਵਾੜ ਆਮ ਲੋਕਾਂ ਲਈ ਖੁੱਲ੍ਹੇ

ਰਾਮ ਮੰਦਰ ਦੇ ਕਿਵਾੜ ਆਮ ਲੋਕਾਂ ਲਈ ਖੁੱਲ੍ਹੇ

ਅਯੁੱਧਿਆ-ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਇੱਕ ਦਿਨ ਬਾਅਦ ਅੱਜ ਜਿਵੇਂ ਹੀ ਰਾਮ ਮੰਦਰ ਦੇ ਕਿਵਾੜ ਆਮ ਲੋਕਾਂ ਲਈ ਖੋਲ੍ਹ ਦਿੱਤੇ ਗਏ ਤਾਂ ਵੱਡੀ ਗਿਣਤੀ ਸ਼ਰਧਾਲੂ ਰਾਮ ਲੱਲਾ ਦੇ ਦਰਸ਼ਨਾਂ ਲਈ ਇਕੱਠੇ ਹੋ ਗਏ ਅਤੇ ਦੁਪਹਿਰ ਤੱਕ ਸ਼ਰਧਾਲੂਆਂ ਦੀ ਭੀੜ ਕਾਬੂ ਕਰਨੀ ਔਖੀ ਹੋ ਗਈ। ਵੱਡੀ ਗਿਣਤੀ ਸ਼ਰਧਾਲੂਆਂ ਕਾਰਨ ਮੁੱਖ ਮਾਰਗ ਰਾਮ ਪਥ ਪੂਰੀ ਤਰ੍ਹਾਂ ਬੰਦ ਹੋ ਗਿਆ। ਇੱਕ ਅਧਿਕਾਰੀ ਨੇ ਦੱਸਿਆ ਕਿ ਦੁਪਹਿਰ ਤੱਕ ਦੋ ਲੱਖ ਲੋਕ ਮੰਦਰ ਦੇ ਦਰਸ਼ਨ ਕਰ ਚੁੱਕੇ ਸਨ ਅਤੇ ਅਨੁਮਾਨ ਹੈ ਕਿ ਦਿਨ ਦੇ ਅੰਤ ਤੱਕ ਪੰਜ ਲੱਖ ਸ਼ਰਧਾਲੂ ਪੰਜ ਲੱਖ ਸ਼ਰਧਾਲੂਆਂ ਦੇ ਦਰਸ਼ਨ ਕਰ ਲੈਣਗੇ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਅੱਜ ਮੰਦਰ ਜਾ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਮਿਲੀ ਜਾਣਕਾਰੀ ਅਨੁਸਾਰ ਵੱਡੀ ਗਿਣਤੀ ਸ਼ਰਧਾਲੂ ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਪਹਿਲਾਂ ਹੀ ਅਯੁੱਧਿਆ ’ਚ ਡੇਰੇ ਲਗਾ ਕੇ ਬੈਠੇ ਹੋਏ ਸਨ। ਅੱਜ ਜਦੋਂ ਰਾਮ ਮੰਦਰ ਦੇ ਕਿਵਾੜ ਆਮ ਲੋਕਾਂ ਲਈ ਖੋਲ੍ਹੇ ਗਏ ਤਾਂ ਸ਼ਰਧਾਲੂਆਂ ਨੇ ਮੰਦਰ ਵੱਲ ਵਹੀਰਾਂ ਘੱਤ ਦਿੱਤੀਆਂ। ਬਾਅਦ ਦੁਪਹਿਰ ਤੱਕ ਤਾਂ ਸ਼ਰਧਾਲੂਆਂ ਦੀ ਇੰਨੀ ਭੀੜ ਇਕੱਠੀ ਹੋ ਗਈ ਕਿ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਸਥਿਤੀ ਸੰਭਾਲਣੀ ਮੁਸ਼ਕਲ ਹੋ ਗਈ। ਰਾਮ ਪਥ ’ਤੇ ਜਿੱਥੇ ਵੀ ਨਜ਼ਰ ਜਾ ਰਹੀ ਸੀ, ਉਥੇ ਸ਼ਰਧਾਲੂ ਦਿਖਾਈ ਦੇ ਰਹੇ ਸਨ। ਮੁੱਖ ਗੇਟ ’ਤੇ ਦਰਸ਼ਨ ਲਈ ਖੜ੍ਹਾ ਇੱਕ ਸ਼ਰਧਾਲੂ ਬੇਹੋਸ਼ ਹੋ ਗਿਆ ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਲੰਘੀ ਰਾਤ ਤੋਂ ਹੀ ਸ਼ਰਧਾਲੂਆਂ ਦੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ। ਇਸੇ ਦੌਰਾਨ ਬਾਰਾਬਾਂਕੀ ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਫਿਲਹਾਲ ਅਯੁੱਧਿਆ ਦੀ ਯਾਤਰਾ ’ਤੇ ਨਾ ਜਾਣ ਕਿਉਂਕਿ ਉੱਥੇ ਇਸ ਸਮੇਂ ਬਹੁਤ ਜ਼ਿਆਦਾ ਭੀੜ ਹੈ। ਪੁਲੀਸ ਨੇ ਦੱਸਿਆ ਕਿ ਅਯੁੱਧਿਆ ਨੂੰ ਜਾਣ ਵਾਲੇ ਸਾਰੇ ਟਰੈਫਿਕ ਨੂੰ ਬਦਲਵੇਂ ਰਸਤਿਆਂ ਰਾਹੀਂ ਭੇਜਿਆ ਜਾ ਰਿਹਾ ਹੈ। ਅਯੁੱਧਿਆ ਦੇ ਮੰਦਰ ’ਚ ਸਥਾਪਤ ਕੀਤੀ ਗਈ ਰਾਮ ਲੱਲਾ ਦੀ ਨਵੀਂ ਮੂਰਤੀ ‘ਬਾਲਕ ਰਾਮ’ ਦੇ ਨਾਂ ਨਾਲ ਜਾਣੀ ਜਾਵੇਗੀ ਕਿਉਂਕਿ ਇਸ ਵਿੱਚ ਭਗਵਾਨ ਰਾਮ ਨੂੰ ਪੰਜ ਸਾਲ ਦੀ ਉਮਰ ਦੇ ਲੜਕੇ ਦੇ ਰੂਪ ’ਚ ਦਰਸਾਇਆ ਗਿਆ ਹੈ। ਪ੍ਰਾਣ ਪ੍ਰਤਿਸ਼ਠਾ ਸਮਾਗਮ ’ਚ ਸ਼ਾਮਲ ਰਹੇ ਪੁਰੋਹਿਤ ਅਰੁਣ ਦੀਕਸ਼ਿਤ ਨੇ ਦੱਸਿਆ, ‘ਭਗਵਾਨ ਰਾਮ ਦੀ ਜਿਸ ਮੂਰਤੀ ਦੀ 22 ਜਨਵਰੀ ਨੂੰ ਪ੍ਰਾਣ ਪ੍ਰਤਿਸ਼ਠਾ ਕੀਤੀ ਗਈ ਹੈ, ਉਸ ਦਾ ਨਾਂ ‘ਬਾਲਕ ਰਾਮ’ ਰੱਖਿਆ ਗਿਆ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਮੂਰਤੀ ਵਿੱਚ ਭਗਵਾਨ ਰਾਮ ਨੂੰ ਪੰਜ ਸਾਲ ਦੇ ਬੱਚੇ ਦੇ ਰੂਪ ’ਚ ਦਿਖਾਇਆ ਗਿਆ ਹੈ।’