ਅਯੁੱਧਿਆ: ਰਾਮ ਮੰਦਰ ਸਮਾਗਮਾਂ ਲਈ ਸਖ਼ਤ ਸੁਰੱਖਿਆ ਪ੍ਰਬੰਧ

ਅਯੁੱਧਿਆ: ਰਾਮ ਮੰਦਰ ਸਮਾਗਮਾਂ ਲਈ ਸਖ਼ਤ ਸੁਰੱਖਿਆ ਪ੍ਰਬੰਧ

ਨਵੀਂ ਦਿੱਲੀ/-ਅਯੁੱਧਿਆ ਦੇ ਰਾਮ ਮੰਦਰ ਦੇ ਸਮਾਗਮਾਂ ਦੇ ਮੱਦੇਨਜ਼ਰ ਜਿੱਥੇ ਵੱਡੀ ਗਿਣਤੀ ’ਚ ਲੋਕ ਪਹੁੰਚ ਰਹੇ ਹਨ ਉੱਥੇ ਹੀ ਇੱਥੇ ਸੁਰੱਖਿਆ ਦੇ ਸਖਤ ਬੰਦੋਬਸਤ ਕੀਤੇ ਗਏ ਹਨ। ਭੂਚਾਲ ਤੇ ਹੜ੍ਹਾਂ ਜਿਹੀਆਂ ਘਟਨਾਵਾਂ ਦੇ ਨਾਲ ਹੀ ਰਾਸਾਇਣਕ, ਜੈਵਿਕ, ਰੇਡੀਆਲੋਜੀਕਲ ਤੇ ਪਰਮਾਣੂ ਹਮਲਿਆਂ ਨਾਲ ਨਜਿੱਠਣ ਲਈ ਐੱਨਡੀਆਰਐੱਫ ਦੀਆਂ ਟੀਮਾਂ ਅਯੁੱਧਿਆ ’ਚ ਤਾਇਨਾਤ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਸ਼ਹਿਰ ਦੇ ਹਸਪਤਾਲਾਂ ਤੇ ਮੈਡੀਕਲ ਕਾਲਜਾਂ ’ਚ ਬੈੱਡ ਰਾਖਵੇਂ ਰੱਖੇ ਗਏ ਹਨ ਤੇ ਏਮਸ ਦੇ ਮਾਹਰਾਂ ਨੇ ਅਯੁੱਧਿਆ ’ਚ ਸਿਹਤ ਸੰਭਾਲ ਸੰਸਥਾਵਾਂ ’ਚ ਡਾਕਟਰਾਂ ਨੂੰ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਦੀ ਸਿਖਲਾਈ ਦਿੱਤੀ ਗਈ ਹੈ। ਐੱਨਡੀਆਰਐੱਫ ਦੇ ਡਾਇਰੈਕਟਰ ਜਨਰਲ ਅਤੁਲ ਕੜਵਾਲ ਨੇ ਦੱਸਿਆ ਕਿ ਇਹ ਟੀਮਾਂ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਅਯੁੱਧਿਆ ’ਚ ਅਭਿਆਸ ਕਰ ਰਹੀਆਂ ਹਨ। ਉਨ੍ਹਾਂ ਨਵੀਂ ਦਿੱਲੀ ’ਚ ਐੱਨਡੀਆਰਐੱਫ ਦੇ 19ਵੇਂ ਸਥਾਪਨਾ ਦਿਵਸ ਸਮਾਗਮ ਦੌਰਾਨ ਕਿਹਾ, ‘ਐੱਨਡੀਆਰਐੱਫ ਦੀਆਂ ਕਈ ਟੀਮਾਂ, ਦਿੱਲੀ ’ਚ ਹਾਲ ਹੀ ਵਿੱਚ ਮੁਕੰਮਲ ਹੋਏ ਜੀ-20 ਸਿਖਰ ਸੰਮੇਲਨ ਦੌਰਾਨ ਖਰੀਦੇ ਗਏ ਹਜ਼ਮਤ ਵਾਹਨ ਅਯੁੱਧਿਆ ’ਚ ਤਾਇਨਾਤ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਆਫਤ ਜਾਂ ਪ੍ਰੇਸ਼ਾਨੀ ਨਾਲ ਅਸਰਦਾਰ ਢੰਗ ਨਾਲ ਨਜਿੱਠਿਆ ਜਾ ਸਕੇ।’ ਕੜਵਾਲ ਨੇ ਕਿਹਾ ਕਿ ਸਾਡੀ ਬਟਾਲੀਅਨ ਦੇ ਕਮਾਂਡਿੰਗ ਅਫਸਰ ਅਯੁੱਧਿਆ ’ਚ ਤਾਇਨਾਤ ਹਨ। ਇਹ ਟੀਮਾਂ 22 ਜਨਵਰੀ ਦੇ ਸਮਾਗਮ ਤੋਂ ਬਾਅਦ ਵੀ ਅਯੁੱਧਿਆ ’ਚ ਉਦੋਂ ਤੱਕ ਤਾਇਨਾਤ ਰਹਿਣਗੀਆਂ ਜਦੋਂ ਤੱਕ ਸ਼ਹਿਰ ’ਚ ਸ਼ਰਧਾਲੂਆਂ ਦੀ ਭੀੜ ਬਣੀ ਰਹੇਗੀ। ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਐੱਨਡੀਆਰਐੱਫ ਦੀ ਗੋਤਾਖੋਰ ਟੀਮਾਂ ਨੂੰ ਸਰਯੂ ਨਦੀ ਤੇ ਸ਼ਹਿਰ ਦੇ ਹੋਰ ਜਲ ਸਰੋਤਾਂ ਨੇੜੇ ਤਾਇਨਾਤ ਕੀਤਾ ਗਿਆ ਤਾਂ ਜੋ ਕਿਸੇ ਵੀ ਡੁੱਬਣ ਨਾਲ ਸਬੰਧਤ ਘਟਨਾ ਨਾਲ ਨਜਿੱਠਿਆ ਜਾ ਸਕੇ। ਐੱਨਡੀਆਰਐੱਫ ਦੀ 2006 ’ਚ ਅੱਜ ਦੇ ਹੀ ਦਿਨ ਸਥਾਪਨਾ ਹੋਈ ਸੀ ਅਤੇ ਇਸ ਸਮੇਂ ਉਸ ਦੀਆਂ 16 ਬਟਾਲੀਅਨਾਂ ਤੇ 25 ਖੇਤਰੀ ਕੇਂਦਰਾਂ ਤਹਿਤ ਦੇਸ਼ ਭਰ ’ਚ 18 ਹਜ਼ਾਰ ਪੁਰਸ਼ ਤੇ ਮਹਿਲਾ ਕਰਮੀ ਤਾਇਨਾਤ ਹਨ। ਇਸੇ ਤਰ੍ਹਾਂ ਮੰਦਰ ’ਚ ਵੱਡੀ ਗਿਣਤੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੇ ਮੱਦੇਨਜ਼ਰ ਅਯੁੱਧਿਆ ਜ਼ਿਲ੍ਹਾ ਪ੍ਰਸ਼ਾਸਨ ਨੇ ਸਿਹਤ ਸਬੰਧੀ ਤੇ ਖਾਸ ਕਰਕੇ ਕੜਾਕੇ ਦੀ ਠੰਢ ਨੂੰ ਦੇਖਦਿਆਂ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਦਾ ਪ੍ਰਬੰਧ ਕੀਤਾ ਹੈ।