ਇਹ ਜੰਗ ਦਾ ਸਮਾਂ ਨਹੀਂ: ਮੋਦੀ

ਇਹ ਜੰਗ ਦਾ ਸਮਾਂ ਨਹੀਂ: ਮੋਦੀ


ਆਸਟਰੀਆ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਨੇ ਮੁਲਕ ਦੇ ਚਾਂਸਲਰ ਨਾਲ ਕੀਤੀ ਗੱਲਬਾਤ

* ‘ਮਸਲਿਆਂ ਦਾ ਹੱਲ ਜੰਗ ਦੇ ਮੈਦਾਨ ’ਚ ਨਹੀਂ ਕੱਢਿਆ ਜਾ ਸਕਦਾ’

* ਦੋਵੇਂ ਆਗੂਆਂ ਨੇ ਸ਼ਾਂਤੀ ਤੇ ਸਥਿਰਤਾ ਦੀ ਫੌਰੀ ਬਹਾਲੀ ਲਈ ਗੱਲਬਾਤ ਤੇ ਕੂਟਨੀਤੀ ਉਪਰ ਦਿੱਤਾ ਜ਼ੋਰ

ਵਿਏਨਾ,- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟਰੀਆ ਦੇ ਚਾਂਸਲਰ ਕਾਰਲ ਨੇਹਮਰ ਵਿਚਕਾਰ ‘ਸਾਰਥਕ ਚਰਚਾ’ ਹੋਈ ਹੈ। ਇਸ ਦੌਰਾਨ ਦੋਵੇਂ ਆਗੂਆਂ ਵਿਚਾਲੇ ਯੂਕਰੇਨ ਜੰਗ ਅਤੇ ਪੱਛਮੀ ਏਸ਼ੀਆ ਦੇ ਹਾਲਾਤ ਸਮੇਤ ਦੁਨੀਆ ਦੇ ਹੋਰ ਮਸਲਿਆਂ ਬਾਰੇ ਵੀ ਖੁੱਲ੍ਹ ਕੇ ਗੱਲਬਾਤ ਹੋਈ। ਮੋਦੀ ਨੇ ਦੁਹਰਾਇਆ ਕਿ ‘ਇਹ ਜੰਗ ਦਾ ਸਮਾਂ ਨਹੀਂ ਹੈ।’ ਰੂਸ ਦੇ ਦੌਰੇ ਮਗਰੋਂ ਮੰਗਲਵਾਰ ਰਾਤ ਵਿਏਨਾ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਹਮਰ ਨਾਲ ਮੁਲਾਕਾਤ ਕੀਤੀ।

ਪਿਛਲੇ 40 ਸਾਲਾਂ ’ਚ ਕਿਸੇ ਵੀ ਭਾਰਤੀ ਪ੍ਰਧਾਨ ਮੰਤਰੀ ਦਾ ਇਹ ਆਸਟਰੀਆ ਦਾ ਪਹਿਲਾ ਦੌਰਾ ਹੈ। ਸਾਲ 1983 ’ਚ ਇੰਦਰਾ ਗਾਂਧੀ ਨੇ ਆਸਟਰੀਆ ਦਾ ਦੌਰਾ ਕੀਤਾ ਸੀ। ਮੋਦੀ ਨੇ ਕਿਹਾ ਕਿ ਭਾਰਤ ਅਤੇ ਆਸਟਰੀਆ ਨੇ ਆਪਸੀ ਸਹਿਯੋਗ ਹੋਰ ਮਜ਼ਬੂਤ ਕਰਨ ਲਈ ਨਵੀਆਂ ਸੰਭਾਵਨਾਵਾਂ ਦੀ ਪਛਾਣ ਕੀਤੀ ਹੈ ਅਤੇ ਅਗਲੇ ਦਹਾਕੇ ਦਾ ਖਾਕਾ ਤਿਆਰ ਕੀਤਾ ਹੈ। ਗੱਲਬਾਤ ਮਗਰੋਂ ਨੇਹਮਰ ਨਾਲ ਸਾਂਝੇ ਪ੍ਰੈੱਸ ਬਿਆਨ ’ਚ ਮੋਦੀ ਨੇ ਕਿਹਾ, ‘‘ਮੈਂ ਚਾਂਸਲਰ ਨੇਹਮਰ ਨਾਲ ਮਿਲ ਕੇ ਦੁਨੀਆ ’ਚ ਚੱਲ ਰਹੇ ਸੰਘਰਸ਼ਾਂ ਬਾਰੇ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਹੈ। ਇਹ ਭਾਵੇਂ ਯੂਕਰੇਨ ਜੰਗ ਹੋਵੇ ਜਾਂ ਪੱਛਮੀ ਏਸ਼ੀਆ ਦੇ ਹਾਲਾਤ ਹੋਣ। ਮੈਂ ਪਹਿਲਾਂ ਵੀ ਆਖਿਆ ਹੈ ਕਿ ਇਹ ਜੰਗ ਦਾ ਸਮਾਂ ਨਹੀਂ ਹੈ। ਮਸਲਿਆਂ ਦਾ ਹੱਲ ਜੰਗ ਦੇ ਮੈਦਾਨ ’ਚ ਨਹੀਂ ਕੱਢਿਆ ਜਾ ਸਕਦਾ ਹੈ। ਕਿਤੇ ਵੀ ਬੇਕਸੂਰਾਂ ਦੀਆਂ ਜਾਨਾਂ ਜਾਣ, ਇਹ ਮਨਜ਼ੂਰ ਨਹੀਂ ਹੈ।’’

ਉਨ੍ਹਾਂ ਕਿਹਾ ਕਿ ਭਾਰਤ ਅਤੇ ਆਸਟਰੀਆ ਸ਼ਾਂਤੀ ਤੇ ਸਥਿਰਤਾ ਦੀ ਫੌਰੀ ਬਹਾਲੀ ਲਈ ਗੱਲਬਾਤ ਤੇ ਕੂਟਨੀਤੀ ਉਪਰ ਜ਼ੋਰ ਦਿੰਦੇ ਹਨ। ‘ਦੋਵੇਂ ਮੁਲਕ ਇਸ ਟੀਚੇ ਨੂੰ ਹਾਸਲ ਕਰਨ ਲਈ ਹਰਸੰਭਵ ਸਹਿਯੋਗ ਦੇਣ ਲਈ ਤਿਆਰ ਹਨ।’ ਉਨ੍ਹਾਂ ਚੇਤੇ ਕੀਤਾ ਕਿ ਇਤਿਹਾਸਕ ਵਿਏਨਾ ਕਾਂਗਰਸ ਇਸੇ ਹਾਲ ’ਚ ਹੋਈ ਸੀ ਜਿਥੇ ਉਹ ਅੱਜ ਖੜ੍ਹੇ ਹਨ ਅਤੇ ਇਸੇ ਕਾਨਫਰੰਸ ਨੇ ਯੂਰਪ ’ਚ ਸ਼ਾਂਤੀ ਅਤੇ ਸਥਿਰਤਾ ਲਈ ਸੇਧ ਦਿੱਤੀ ਸੀ। ਉਨ੍ਹਾਂ ਕਿਹਾ ਕਿ ਭਾਰਤ ਅਤੇ ਆਸਟਰੀਆ ਅਤਿਵਾਦ ਦੀ ਸਖ਼ਤ ਨਿੰਦਾ ਕਰਦੇ ਹਨ ਅਤੇ ਇਸ ਗੱਲ ’ਤੇ ਰਾਜ਼ੀ ਹਨ ਕਿ ਇਹ ਕਿਸੇ ਵੀ ਰੂਪ ’ਚ ਮਨਜ਼ੂਰ ਨਹੀਂ ਹੈ। ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਪ੍ਰਧਾਨ ਮੰਤਰੀ ਵਜੋਂ ਤੀਜੇ ਕਾਰਜਕਾਲ ਦੀ ਸ਼ੁਰੂਆਤ ’ਚ ਹੀ ਆਸਟਰੀਆ ਦਾ ਦੌਰਾ ਕਰਨ ਦਾ ਮੌਕਾ ਮਿਲਿਆ ਹੈ। ‘ਮੇਰੀ ਇਹ ਯਾਤਰਾ ਇਤਿਹਾਸਕ ਅਤੇ ਵਿਸ਼ੇਸ਼ ਹੈ। ਆਪਸੀ ਵਿਸ਼ਵਾਸ ਅਤੇ ਸਾਂਝੇ ਹਿੱਤ ਦੋਵੇਂ ਮੁਲਕਾਂ ਦੇ ਸਬੰਧਾਂ ਨੂੰ ਮਜ਼ਬੂਤ ਬਣਾਉਂਦੇ ਹਨ। ਅਸੀਂ ਸੰਯੁਕਤ ਰਾਸ਼ਟਰ ਅਤੇ ਕੌਮਾਂਤਰੀ ਅਦਾਰਿਆਂ ’ਚ ਸੁਧਾਰ ਲਈ ਰਾਜ਼ੀ ਹੋਏ ਹਾਂ ਤਾਂ ਜੋ ਉਨ੍ਹਾਂ ਨੂੰ ਸਮੇਂ ਦੇ ਹਾਣ ਦਾ ਬਣਾਇਆ ਜਾ ਸਕੇ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਅਤੇ ਚਾਂਸਲਰ ਨੇਹਮਰ ਵਿਚਾਲੇ ਵਧੀਆ ਗੱਲਬਾਤ ਹੋਈ ਹੈ। ‘ਦੋਹਾਂ ਨੇ ਸਹਿਯੋਗ ਹੋਰ ਮਜ਼ਬੂਤ ਬਣਾਉਣ ਲਈ ਨਵੀਆਂ ਸੰਭਾਵਨਾਵਾਂ ਲੱਭੀਆਂ ਹਨ। ਅਸੀਂ ਸਬੰਧਾਂ ਨੂੰ ਰਣਨੀਤਕ ਸੇਧ ਦੇਣ ਦਾ ਵੀ ਫ਼ੈਸਲਾ ਲਿਆ ਹੈ। ਆਉਂਦੇ ਦਹਾਕੇ ਦਾ ਖਾਕਾ ਆਰਥਿਕ ਸਹਿਯੋਗ ਅਤੇ ਨਿਵੇਸ਼ ਤੱਕ ਹੀ ਸੀਮਤ ਨਹੀਂ ਹੋਵੇਗਾ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਨਰਮੰਦ ਵਿਅਕਤੀਆਂ ਦੇ ਆਦਾਨ-ਪ੍ਰਦਾਨ ਅਤੇ ਪਰਵਾਸੀਆਂ ਬਾਰੇ ਭਾਈਵਾਲੀ ਸਬੰਧੀ ਸਮਝੌਤੇ ਲਈ ਦੋਵੇਂ ਮੁਲਕ ਪਹਿਲਾਂ ਹੀ ਰਾਜ਼ੀ ਹੋ ਚੁੱਕੇ ਹਨ।