ਸ਼ਰਧਾਲੂਆਂ ਦੀ ਬੱਸ ’ਤੇ ਅਤਿਵਾਦੀ ਹਮਲਾ; ਨੌਂ ਹਲਾਕ

ਸ਼ਰਧਾਲੂਆਂ ਦੀ ਬੱਸ ’ਤੇ ਅਤਿਵਾਦੀ ਹਮਲਾ; ਨੌਂ ਹਲਾਕ

ਜੰਮੂ,-ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਅੱਜ ਸ਼ਾਮ ਨੂੰ ਉੱਤਰ ਪ੍ਰਦੇਸ਼ ਤੋਂ ਸ਼ਰਧਾਲੂਆਂ ਨੂੰ ਲਿਜਾ ਰਹੀ ਇਕ ਬੱਸ ’ਤੇ ਅਤਿਵਾਦੀਆਂ ਨੇ ਗੋਲੀਬਾਰੀ ਕੀਤੀ। ਹਮਲੇ ਦੌਰਾਨ ਸੰਤੁਲਨ ਵਿਗੜਨ ਕਾਰਨ ਬੱਸ ਖੱਡ ਵਿੱਚ ਜਾ ਡਿੱਗੀ, ਜਿਸ ਕਾਰਨ ਨੌਂ ਸ਼ਰਧਾਲੂਆਂ ਦੀ ਮੌਤ ਹੋ ਗਈ ਤੇ 33 ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਇਹ ਅਤਿਵਾਦੀ ਹਮਲਾ ਸ਼ਾਮ ਕਰੀਬ ਸਵਾ ਛੇ ਵਜੇ ਸ਼ਿਵ ਖੋੜੀ ਮੰਦਿਰ ਤੋਂ ਮਾਤਾ ਵੈਸ਼ਨੋ ਦੇਵੀ ਮੰਦਿਰ ਜਾ ਰਹੀ ਬੱਸ ’ਤੇ ਕਟੜਾ ਵਿੱਚ ਪੋਨੀ ਖੇਤਰ ਦੇ ਤੇਰਯਾਥ ਪਿੰਡ ਨੇੜੇ ਹੋਇਆ।

ਰਿਆਸੀ ਦੇ ਐੱਸਐੱਸਪੀ ਮੋਹਿਤਾ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ, ‘‘ਇੱਕ ਮੰਦਭਾਗੀ ਘਟਨਾ ਵਾਪਰੀ ਹੈ ਅਤੇ ਸ਼ੁਰੂਆਤੀ ਰਿਪੋਰਟਾਂ ਅਨੁਸਾਰ ਅਤਿਵਾਦੀਆਂ ਨੇ ਬੱਸ ’ਤੇ ਹਮਲਾ ਕਰਦਿਆਂ ਗੋਲੀਬਾਰੀ ਕੀਤੀ। ਡਰਾਈਵਰ ਸੰਤੁਲਨ ਗੁਆ ​​ਬੈਠਾ ਅਤੇ ਬੱਸ ਖੱਡ ਵਿੱਚ ਡਿੱਗ ਗਈ।’’ ਉਨ੍ਹਾਂ ਕਿਹਾ ਕਿ ਰਾਹਤ ਅਤੇ ਬਚਾਅ ਕਾਰਜ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ, ਜ਼ਖ਼ਮੀਆਂ ਨੂੰ ਇਲਾਜ ਲਈ ਵੱਖ ਵੱਖ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਅਧਿਕਾਰੀ ਨੇ ਦੱਸਿਆ, ‘‘ਮ੍ਰਿਤਕਾਂ ਦੀ ਸ਼ਨਾਖਤ ਨਹੀਂ ਹੋ ਸਕੀ ਹੈ ਪਰ ਮੁੱਢਲੀਆਂ ਰਿਪੋਰਟਾਂ ਅਨੁਸਾਰ ਸਾਰੇ ਉੱਤਰ ਪ੍ਰਦੇਸ਼ ਨਾਲ ਸਬੰਧਿਤ ਦੱਸੇ ਜਾ ਰਹੇ ਹਨ।’’ ਹਮਲੇ ਦੌਰਾਨ ਵਾਲ-ਵਾਲ ਬਚੇ ਇੱਕ ਵਿਅਕਤੀ ਨੇ ਦੱਸਿਆ ਕਿ ਬੱਸ ’ਤੇ 25 ਤੋਂ 30 ਗੋਲੀਆਂ ਦਾਗ਼ੀਆਂ ਗਈਆਂ ਸਨ।