ਗੁਹਾਟੀ/ਸਿਲਚਰ/ਕੋਲਕਾਤਾ - ਮਨੀਪੁਰ ’ਚ ਦੋ ਮਹਿਲਾਵਾਂ ਦੀ ਨਗਨ ਪਰੇਡ ਸਬੰਧੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇੱਕ ਸਾਬਕਾ ਅਤਿਵਾਦੀ ਗਰੁੱਪ ਵੱਲੋਂ ਧਮਕੀ ਦਿੱਤੇ ਜਾਣ ਮਗਰੋਂ ਮੈਤੇਈ ਭਾਈਚਾਰੇ ਨਾਲ ਸਬੰਧਤ 41 ਲੋਕ ਮਿਜ਼ੋਰਮ ਛੱਡ ਕੇ ਅਸਾਮ ਪਹੁੰਚ ਗਏ ਹਨ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਜ਼ਿਕਰਯੋਗ ਹੈ ਕਿ ਪੀਸ ਅਕੌਰਡ ਐਮਐਨਐਫ ਰਿਟਰਨੀਜ਼ (ਪਾਮਰਾ) ਵੱਲੋਂ ਮਿਜ਼ੋਰਮ ’ਚ ਹਾਲਾਤ ਵਿਗੜਨ ਸਬੰਧੀ ਬਿਆਨ ਜਾਰੀ ਕੀਤਾ ਗਿਆ ਸੀ। ਇਸੇ ਦੌਰਾਨ ਪੁਲੀਸ ਨੇ ਦੱਸਿਆ ਕਿ ਅੱਜ ਤਿੰਨ ਉਡਾਣਾਂ ਰਾਹੀਂ 78 ਜਣੇ ਮਨੀਪੁਰ ਰਵਾਨਾ ਹੋਏ ਜਦਕਿ ਬੀਤੇ ਦਿਨ 65 ਲੋਕ ਗੁਆਂਢੀ ਸੂਬੇ ਵੱਲ ਚਲੇ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਨ੍ਹਾਂ ’ਚੋਂ ਕਿੰਨੇ ਲੋਕ ਆਮ ਮੁਸਾਫਰ ਹਨ ਤੇ ਕਿੰਨੇ ਲੋਕਾਂ ਨੇ ਡਰ ਕੇ ਉਡਾਣ ਫੜੀ ਹੈ। ਉੱਧਰ ਹਾਲਾਤ ਨੂੰ ਦੇਖਦਿਆਂ 31 ਮਿਜ਼ੋ ਵਿਦਿਆਰਥੀ ਮਨੀਪੁਰ ਤੋਂ ਮਿਜ਼ੋਰਮ ਮੁੜ ਆਏ ਹਨ।
ਕਾਚਰ ਦੇ ਐੱਸਪੀ ਨੁਮਲ ਮਾਹੱਟਾ ਨੇ ਦੱਸਿਆ ਕਿ ਇਹ ਵਿਅਕਤੀ ਲੰਘੀ ਰਾਤ ਗੁਆਂਢੀ ਸੂਬੇ ਮਿਜ਼ੋਰਮ ਤੋਂ ਸਿਲਚਰ ਪਹੁੰਚੇ ਹਨ ਤੇ ਇਨ੍ਹਾਂ ਨੂੰ ਬਿੰਨਾਕੰਡੀ ਇਲਾਕੇ ’ਚ ਲਖੀਪੁਰ ਵਿਕਾਸ ਬਲਾਕ ਦੀ ਇਮਾਰਤ ’ਚ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ, ‘ਇਹ ਸਾਰੇ ਲੋਕ ਰੱਜੇ-ਪੁੱਜੇ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ। ਇਨ੍ਹਾਂ ’ਚੋਂ ਕੁਝ ਕਾਲਜ ਪ੍ਰੋਫੈਸਰ ਹਨ ਜਦਕਿ ਕੁਝ ਸੀਨੀਅਰ ਸਰਕਾਰੀ ਅਧਿਕਾਰੀ ਵਜੋਂ ਕੰਮ ਕਰ ਰਹੇ ਹਨ। ਇਨ੍ਹਾਂ ਲੋਕਾਂ ਨੇ ਦੱਸਿਆ ਕਿ ਮਿਜ਼ੋਰਮ ’ਚ ਅਜੇ ਤੱਕ ਉਨ੍ਹਾਂ ’ਤੇ ਕੋਈ ਹਮਲਾ ਨਹੀਂ ਹੋਇਆ ਹੈ।’ ਉਨ੍ਹਾਂ ਕਿਹਾ ਕਿ ਮਿਜ਼ੋਰਮ ਸਰਕਾਰ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸੁਰੱਖਿਆ ਮੁਹੱਈਆ ਕਰ ਰਹੀ ਹੈ ਪਰ ਉਹ ਕੋਈ ਜੋਖਮ ਨਹੀਂ ਲੈਣਾ ਚਾਹੁੰਦੇ ਤੇ ਆਪਣੀ ਸੁਰੱਖਿਆ ਲਈ ਅਸਾਮ ਆਏ ਹਨ। ਐੱਸਪੀ ਨੇ ਕਿਹਾ ਕਿ ਇਨ੍ਹਾਂ ਵਿਅਕਤੀਆਂ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਇੱਥੇ ਹੀ ਰਹਿਣਗੇ ਜਦੋਂ ਤੱਕ ਹਾਲਾਤ ਆਮ ਵਰਗੇ ਨਹੀਂ ਹੋ ਜਾਂਦੇ। ਅਸਾਮ ਪੁਲੀਸ ਵੱਲੋਂ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕੀਤੀ ਜਾ ਰਹੀ ਹੈ। ਦੂਜੇ ਪਾਸੇ ਮਿਜ਼ੋਰਮ ਪੁਲੀਸ ਨੇ ਦੱਸਿਆ ਕਿ ਜਥੇਬੰਦੀ ਪਾਮਰਾ ਦਾ ਬਿਆਨ ਸਾਹਮਣੇ ਆਉਣ ਤੋਂ ਬਾਅਦ ਬਹੁਤ ਸਾਰੇ ਮੈਤੇਈ ਲੋਕ ਸ਼ਨਿਚਰਵਾਰ ਦੀ ਰਾਤ ਨੂੰ ਹੀ ਆਪਣੇ ਜੱਦੀ ਸੂਬਿਆਂ ਵੱਲ ਰਵਾਨਾ ਹੋ ਗਏ ਸਨ।
ਉੱਧਰ ਬੀਤੇ ਦਿਨ ਮਿਜ਼ੋਰਮ ਸਰਕਾਰ ਨੇ ਸਾਬਕਾ ਅਤਿਵਾਦੀ ਜਥੇਬੰਦੀ ਪਾਮਰਾ ਵੱਲੋਂ ਧਮਕੀ ਦਿੱਤੇ ਜਾਣ ਮਗਰੋਂ ਮੈਤੇਈ ਭਾਈਚਾਰੇ ਨੂੰ ਸੁਰੱਖਿਆ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ ਸੀ ਪਰ ਇਸ ਦੇ ਬਾਵਜੂਦ ਵੱਡੀ ਗਿਣਤੀ ਲੋਕ ਮਿਜ਼ੋਰਮ ਛੱਡ ਕੇ ਜਾ ਰਹੇ ਹਨ। ਮਿਜ਼ੋਰਮ ਦੇ ਗ੍ਰਹਿ ਕਮਿਸ਼ਨਰ ਤੇ ਸਕੱਤਰ ਐੱਚ ਲਾਲੇਂਗਮਾਵੀਆ ਨੇ ਇਸ ਸਬੰਧੀ ਮੈਤੇਈ ਭਾਈਚਾਰੇ ਦੇ ਆਗੂਆਂ ਨਾਲ ਮੀਟਿੰਗ ਵੀ ਕੀਤੀ ਸੀ। ਮੀਟਿੰਗ ਦੌਰਾਨ ਉਨ੍ਹਾਂ ਆਲ ਮਿਜ਼ੋਰਮ ਮਨੀਪੁਰੀ ਐਸੋਸੀਏਸ਼ਨ (ਏਐਮਐੱਏ) ਦੇ ਆਗੂਆਂ ਨੂੰ ਕਿਹਾ ਕਿ ਉਹ ਪੀਸ ਐਕੌਰਡ ਐਮਐਨਐਫ ਰਿਟਰਨੀਜ਼ (ਪਾਮਰਾ) ਵੱਲੋਂ ਦਿੱਤੀ ਗਈ ਧਮਕੀ ਕਾਰਨ ਮਿਜ਼ੋਰਮ ਛੱਡ ਕੇ ਨਾ ਜਾਣ। ਉਨ੍ਹਾਂ ਕਿਹਾ ਕਿ ਪਾਮਰਾ ਵੱਲੋਂ ਜਾਰੀ ਬਿਆਨ ਨੂੰ ਮੀਡੀਆ ਦੇ ਇੱਕ ਹਿੱਸੇ ਨੇ ਗਲਤ ਢੰਗ ਨਾਲ ਪੇਸ਼ ਕੀਤਾ ਹੈ। ਜ਼ਿਕਰਯੋਗ ਹੈ ਕਿ ਪਾਮਰਾ ਦੇ ਜਨਰਲ ਸਕੱਤਰ ਸੀ ਲਾਲਥੇਨਲੋਵਾ ਨੇ ਲੰਘੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਹ ਮਿਜ਼ੋਰਮ ’ਚ ਮੈਤੇਈ ਭਾਈਚਾਰੇ ਦੀ ਸੁਰੱਖਿਆ ਨੂੰ ਲੈ ਕੇ ਫਿਕਰਮੰਦ ਹਨ ਕਿਉਂਕਿ ਦੋ ਮਹਿਲਾਵਾਂ ਦੀ ਵੀਡੀਓ ਵਾਇਰਲ ਹੋਣ ਮਗਰੋਂ ਬਹੁਤ ਸਾਰੇ ਮਿਜ਼ੋ ਨੌਜਵਾਨ ਗੁੱਸੇ ’ਚ ਹਨ। ਉਨ੍ਹਾਂ ਕਿਹਾ ਕਿ ਉਹ ਸਿਰਫ਼ ਇਹਤਿਆਤ ਵਜੋਂ ਲੋਕਾਂ ਨੂੰ ਅਪੀਲ ਕਰ ਰਹੇ ਹਨ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।
ਜ਼ਿਕਰਯੋਗ ਹੈ ਕਿ ਮਨੀਪੁਰ ’ਚ 3 ਮਈ ਨੂੰ ਹਿੰਸਾ ਸ਼ੁਰੂ ਹੋਣ ਤੋਂ ਬਾਅਦ ਮੈਤੇਈ, ਕੁਕੀ ਤੇ ਹਮਾਰ ਭਾਈਚਾਰੇ ਨਾਲ ਸਬੰਧਤ ਹਜ਼ਾਰਾਂ ਲੋਕ ਮਨੀਪੁਰ ਛੱਡ ਕੇ ਅਸਾਮ ਵਿੱਚ ਰਹਿ ਰਹੇ ਹਨ। ਇਸੇ ਦੌਰਾਨ ਤ੍ਰਿਣਾਮੂਲ ਕਾਂਗਰਸ ਨੇ ਅੱਜ ਦੋਸ਼ ਲਾਇਆ 15 ਮਈ ਨੂੰ ਮਨੀਪੁਰ ਦੇ ਇੰਫਾਲ ਪੂਰਬੀ ਜ਼ਿਲ੍ਹੇ ’ਚ 18 ਸਾਲਾ ਲੜਕੀ ’ਤੇ ਹਮਲਾ ਕੀਤਾ ਗਿਆ ਤੇ ਉਸ ਨਾਲ ਸਮੂਹਿਕ ਜਬਰ ਜਨਾਹ ਕੀਤਾ ਗਿਆ। ਟੀਐੱਮਸੀ ਨੇ ਟਵੀਟ ਕੀਤਾ, ‘ਮਹਿਲਾਵਾਂ ਦੇ ਇੱਕ ਗਰੁੱਪ ਨੇ 18 ਸਾਲਾ ਇੱਕ ਲੜਕੀ ਨੂੰ ਚਾਰ ਹਥਿਆਰਬੰਦ ਲੋਕਾਂ ਹਵਾਲੇ ਕਰ ਦਿੱਤਾ। ਬਾਅਦ ਵਿੱਚ 15 ਮਈ ਨੂੰ ਮਨੀਪੁਰ ਦੇ ਇੰਫਾਲ ’ਚ ਉਸ ਨਾਲ ਕੁੱਟਮਾਰ ਕੀਤੀ ਗਈ ਤੇ ਸਮੂਹਿਕ ਜਬਰ ਜਨਾਹ ਕੀਤਾ ਗਿਆ।’
.jpg)
.jpg)

.jpg)
.jpg)



















.jpg)






























.jpg)


























.jpg)

.jpg)



















