ਅਸਾਮ ਵਿੱਚ ਸੀਏਏ ਖ਼ਿਲਾਫ ਜ਼ੋਰਦਾਰ ਮੁਜ਼ਾਹਰੇ

ਅਸਾਮ ਵਿੱਚ ਸੀਏਏ ਖ਼ਿਲਾਫ ਜ਼ੋਰਦਾਰ ਮੁਜ਼ਾਹਰੇ

ਨਵੀਂ ਦਿੱਲੀ/ਗੁਹਾਟੀ- ਨਾਗਰਿਕਤਾ (ਸੋਧ) ਕਾਨੂੰਨ (ਸੀਏਏ) ਲਾਗੂ ਕਰਨ ਖ਼ਿਲਾਫ਼ ਅੱਜ ਪੂਰੇ ਅਸਾਮ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁਤਲੇ ਫੂਕੇ ਗਏ ਅਤੇ ਸੀਏਏ ਦੀਆਂ ਕਾਪੀਆਂ ਸਾੜੀਆਂ ਗਈਆਂ। ਅਸਾਮ ਜਾਤੀਯਤਾਵਾਦੀ ਯੁਵਾ ਛਾਤਰ ਪਰਿਸ਼ਦ (ਏਜੇਵਾਈਸੀਪੀ) ਨੇ ਲਖੀਮਪੁਰ ਵਿੱਚ ਮੋਦੀ ਤੇ ਸ਼ਾਹ ਦੇ ਪੁਤਲੇ ਫੂਕੇ ਜਦਕਿ ਕਾਂਗਰਸ ਨੇ ਸੀਏਏ ਲਾਗੂ ਕੀਤੇ ਜਾਣ ਦੇ ਵਿਰੋਧ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸ ਕਾਨੂੰਨ ਦੀਆਂ ਕਾਪੀਆਂ ਸਾੜੀਆਂ। ਇਸ ਤੋਂ ਇਲਾਵਾ ਆਲ ਅਸਾਮ ਸਟੂਡੈਂਟਸ ਯੂਨੀਅਨ (ਆਸੂ) ਅਤੇ 30 ਗੈਰ-ਸਿਆਸੀ ਸੰਗਠਨਾਂ ਨੇ ਮਸ਼ਾਲ ਜਲੂਸ ਕੱਢੇ। ਉਹ ਭਲਕੇ ਸਤਿਆਗ੍ਰਹਿ ਸ਼ੁਰੂ ਕਰਨਗੇ। ਇਸ ਦੌਰਾਨ ਸੁਪਰੀਮ ਕੋਰਟ ਵਿੱਚ ਇੱਕ ਅਰਜ਼ੀ ਦਾਇਰ ਕਰ ਕੇ ਸੀਏਏ-2019 ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਦੇ ਸਿਖਰਲੀ ਅਦਾਲਤ ਕੋਲ ਪੈਂਡਿੰਗ ਰਹਿਣ ਤੱਕ ਨਾਗਰਿਕਤਾ ਸੋਧ ਨਿਯਮ-2024 ਦੇ ਅਮਲ ’ਤੇ ਰੋਕ ਲਾਉਣ ਲਈ ਕੇਂਦਰ ਨੂੰ ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ। ਇਸੇ ਦੌਰਾਨ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨੇ ਸੀਏਏ ਨੂੰ ਲਾਗੂ ਕੀਤੇ ਜਾਣ ਦਾ ਵਿਰੋਧ ਕਰਦਿਆਂ ਦਾਅਵਾ ਕੀਤਾ ਕਿ ਇਹ ਨਾਗਰਿਕਤਾ ਨੂੰ ਧਾਰਮਿਕ ਪਛਾਣ ਨਾਲ ਜੋੜ ਕੇ ਸੰਵਿਧਾਨ ਦੇ ਧਰਮਨਿਰਪੱਖ ਸਿਧਾਂਤਾਂ ਦੀ ਉਲੰਘਣਾ ਕਰਦਾ ਹੈ। ਖੱਬੇ-ਪੱਖੀ ਧਿਰ ਨੇ ਨਵੀਂ ਦਿੱਲੀ ਤੋਂ ਜਾਰੀ ਬਿਆਨ ਵਿੱਚ ਇਹ ਵੀ ਦੋਸ਼ ਲਾਇਆ ਕਿ ਸੀਏਏ ਦੇ ਨਿਯਮ ਐੱਨਆਰਸੀ ਨਾਲ ਜੁੜੇ ਹੋਏ ਹਨ। ਉਸ ਨੇ ਇਹ ਵੀ ਸ਼ੰਕਾ ਜਤਾਈ ਕਿ ਇਸ ਨਾਲ ਮੁਸਲਿਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਉਧਰ ਕੇਰਲ ਵਿੱਚ ਸੀਪੀਐੱਮ ਦੀ ਅਗਵਾਈ ਵਾਲੇ ਐੱਲਡੀਐੱਫ ਅਤੇ ਕਾਂਗਰਸ ਦੀ ਅਗਵਾਈ ਵਾਲੇ ਯੂਡੀਐੱਫ ਵੱਲੋਂ ਵੱਖੋ-ਵੱਖਰੇ ਤੌਰ ’ਤੇ ਰੋਸ ਪ੍ਰਦਰਸ਼ਨ ਕੀਤੇ ਗਏ। ਅਸਾਮ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਦੇਵਵ੍ਰਤ ਸਾਇਕੀਆ ਨੇ ਗੁਹਾਟੀ ਸਥਿਤ ਰਾਜ ਭਵਨ ਸਾਹਮਣੇ, ਸੀਪੀਐੱਮ ਨੇ ਕਾਮਰੂਪ ਦੇ ਰੰਗੀਆ ਕਸਬੇ ਅਤੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਸ਼ਹਿਰ ਵਿੱਚ ਆਪੋ-ਆਪਣੀਆਂ ਸੰਸਥਾਵਾਂ ਬਾਹਰ ਰੋਸ ਪ੍ਰਦਰਸ਼ਨ ਕੀਤੇ। ਸ਼ਿਵਸਾਗਰ ਜ਼ਿਲ੍ਹੇ ਵਿੱਚ ਰਾਇਜੌਰ ਦਲ, ਕ੍ਰਿਸ਼ਕ ਮੁਕਤੀ ਸੰਗਰਾਮ ਸਮਿਤੀ ਅਤੇ ਛਾਤਰ ਮੁਕਤੀ ਪਰਿਸ਼ਦ ਦੇ ਕਾਰਕੁਨਾਂ ਦੇ ਵਿਧਾਇਕ ਅਖਿਲ ਗੋਗੋਈ ਨੇ ਕਾਨੂੰਨ ਖ਼ਿਲਾਫ਼ ਪ੍ਰਦਰਸ਼ਨ ਕੀਤਾ ਅਤੇ ਕੇਂਦਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸੇ ਤਰ੍ਹਾਂ ਕਾਂਗਰਸ ਤੇ ਏਜੇਵਾਈਸੀਪੀ ਵੱਲੋਂ ਬਾਰਪੇਟਾ ਅਤੇ ਨਲਬਾੜੀ ਵਿੱਚ ਸੀਏਏ ਦੀਆਂ ਕਾਪੀਆਂ ਸਾੜੀਆਂ ਗਈਆਂ। ਸੋਨਿਤਪੁਰ ਵਿੱਚ ਧਾਰਾ 144 ਲਾਗੂ ਕੀਤੀ ਗਈ ਹੈ। ਸੰਵੇਦਨਸ਼ੀਲ ਇਲਾਕਿਆਂ ਵਿੱਚ ਕਮਾਂਡੋਆਂ ਦੀ ਤਾਇਨਾਤੀ ਸਮੇਤ ਹੋਰ ਪੁਲੀਸ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਹਨ।