ਗਿਆਨੀ ਰਘਬੀਰ ਸਿੰਘ ਅਮਰੀਕਾ ਲਈ ਰਵਾਨਾ

ਗਿਆਨੀ ਰਘਬੀਰ ਸਿੰਘ ਅਮਰੀਕਾ ਲਈ ਰਵਾਨਾ

ਜਹਾਜ਼ ’ਚ ਮਾੜੇ ਪ੍ਰਬੰਧਾਂ ਕਾਰਨ ਛੱਡ ਦਿੱਤੀ ਸੀ ਉਡਾਣ

ਅੰਮ੍ਰਿਤਸਰ,(ਪੰਜਾਬੀ ਰਾਈਟਰ)- ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਅਤੇ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਅੱਜ ਰਾਤ ਉਡਾਣ ਰਾਹੀਂ ਅਮਰੀਕਾ ਲਈ ਰਵਾਨਾ ਹੋ ਗਏ ਹਨ। ਉਹ ਸੈਕਰਾਮੈਂਟੋ ਸ਼ਹਿਰ ਵਿੱਚ ਗੁਰਮਤਿ ਸਮਾਗਮ ਵਿੱਚ ਸ਼ਾਮਲ ਹੋਣਗੇ। ਜ਼ਿਕਰਯੋਗ ਹੈ ਕਿ ਉਨ੍ਹਾਂ ਨੇ 24 ਅਪਰੈਲ ਨੂੰ ਨਵੀਂ ਦਿੱਲੀ ਹਵਾਈ ਅੱਡੇ ਤੋਂ ਏਅਰ ਇੰਡੀਆ ਦੀ ਉਡਾਣ ਰਾਹੀਂ ਅਮਰੀਕਾ ਜਾਣਾ ਸੀ ਪਰ ਜਹਾਜ਼ ਵਿੱਚ ਮਾੜੇ ਪ੍ਰਬੰਧਾਂ ਅਤੇ ਅਮਲੇ ਵੱਲੋਂ ਦੁਰਵਿਹਾਰ ਕੀਤੇ ਜਾਣ ਦੇ ਰੋਸ ਵਜੋਂ ਉਨ੍ਹਾਂ ਨੇ ਉਡਾਣ ਛੱਡ ਦਿੱਤੀ ਸੀ। ਗਿਆਨੀ ਰਘਬੀਰ ਸਿੰਘ ਨੇ ਦੱਸਿਆ ਏਅਰ ਇੰਡੀਆ ਖ਼ਿਲਾਫ਼ ਸਮਾਗਮ ਦੇ ਪ੍ਰਬੰਧਕਾਂ ਵੱਲੋਂ ਸ਼ਿਕਾਇਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਮਰੀਕਾ ਦੇ ਸੈਕਰੋਮੈਂਟੋ ਵਿੱਚ ਗੁਰਮਤਿ ਸਮਾਗਮ ਹੋ ਰਿਹਾ ਹੈ। ਸਮਾਗਮ ਦੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਸੀ। ਇਸ ਸਬੰਧ ਵਿੱਚ ਉਨ੍ਹਾਂ ਨੇ ਏਅਰ ਇੰਡੀਆ ਦੇ ਜਹਾਜ਼ ਰਾਹੀਂ ਜਾਣ ਵਾਸਤੇ ਇੱਕ ਬਿਜ਼ਨਸ ਅਤੇ ਦੋ ਇਕੌਨਮੀ ਸ਼੍ਰੇਣੀ ਦੀਆਂ ਸੀਟਾਂ ਬੁੱਕ ਕਰਾਈਆਂ ਸਨ। ਉਨ੍ਹਾਂ ਕਿਹਾ ਕਿ ਸਬੰਧਤ ਜਹਾਜ਼ ਵਿੱਚ ਇਕੌਨਮੀ ਸ਼੍ਰੇਣੀ ਦੀਆਂ ਸੀਟਾਂ ਫਟੀਆਂ ਹੋਈਆਂ ਸਨ ਤੇ ਬਿਜ਼ਨਸ ਕਲਾਸ ਵਿੱਚੋਂ ਬਦਬੂ ਆ ਰਹੀ ਸੀ। ਉਨ੍ਹਾਂ ਜਹਾਜ਼ ਦੇ ਅਮਲੇ ਕੋਲ ਸ਼ਿਕਾਇਤ ਕੀਤੀ ਪਰ ਉਨ੍ਹਾਂ ਦੁਰਵਿਹਾਰ ਕੀਤਾ ਤੇ ਉਨ੍ਹਾਂ ਦਾ ਪਾਸਪੋਰਟ ਲੈ ਲਿਆ। ਰੋਸ ਵਜੋਂ ਉਨ੍ਹਾਂ ਨੇ ਇਹ ਹਵਾਈ ਉਡਾਣ ਛੱਡ ਦਿੱਤੀ ਸੀ।

ਗਿਆਨੀ ਰਘਬੀਰ ਸਿੰਘ ਨਾਲ ਦੁਰਵਿਵਹਾਰ ਦੀ ਮੁੱਖ ਮੰਤਰੀ ਵੱਲੋਂ ਨਿਖੇਧੀ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਦੁਰਵਿਵਹਾਰ ਲਈ ਜ਼ਿੰਮੇਵਾਰ ਏਅਰ ਇੰਡੀਆ ਦੇ ਕਰਮਚਾਰੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਬਦਸਲੂਕੀ ਦੀ ਘਟਨਾ ਬਹੁਤ ਹੀ ਨਿੰਦਣਯੋਗ ਹੈ ਅਤੇ ਏਅਰ ਇੰਡੀਆ ਦੇ ਸਟਾਫ਼ ਦਾ ਗੈਰ-ਜ਼ਿੰਮੇਵਾਰਾਨਾ ਵਿਵਹਾਰ ਅਣਉੱਚਿਤ ਹੈ। ਭਗਵੰਤ ਸਿੰਘ ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਪੰਜਾਬ ਅਤੇ ਖ਼ਾਸ ਕਰਕੇ ਸਿੱਖ ਭਾਈਚਾਰੇ ਦੀ ਬਹੁਤ ਸਤਿਕਾਰਤ ਸ਼ਖ਼ਸੀਅਤ ਹਨ ਅਤੇ ਉਨ੍ਹਾਂ ਨਾਲ ਅਜਿਹੇ ਦੁਰਵਿਵਹਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਮੰਦਭਾਗੀ ਘਟਨਾ ਨੇ ਹਰੇਕ ਸਿੱਖ ਦੇ ਮਨ ਨੂੰ ਗਹਿਰੀ ਠੇਸ ਪਹੁੰਚਾਈ ਹੈ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਏਅਰ ਇੰਡੀਆ ਦੇ ਜ਼ਿੰਮੇਵਾਰ ਕਰਮਚਾਰੀਆਂ ਵਿਰੁੱਧ ਮਿਸਾਲੀ ਕਾਰਵਾਈ ਕਰਨ ਦੀ ਅਪੀਲ ਕੀਤੀ ਤਾਂ ਜੋ ਦੂਜਿਆਂ ਨੂੰ ਸਬਕ ਮਿਲ ਸਕੇ।