
ਮਰਹੂਮ ਕਹਾਣੀਕਾਰ ਪ੍ਰੇਮ ਗੋਰਖੀ ਦੀ ਪਤਨੀ ਦਾ ਸਨਮਾਨ; ਕਰਨੈਲ ਸ਼ੇਰਗਿੱਲ ਦਾ ਨਾਵਲ ‘ਲਾਕਡਾਊਨ ਇਨਫਿਨਿਟੀ’ ਰਿਲੀਜ਼
ਅੰਮ੍ਰਿਤਸਰ,(ਪੰਜਾਬੀ ਰਾਈਟਰ)- ਅੱਖਰ ਸਾਹਿਤ ਅਕਾਦਮੀ ਅੰਮ੍ਰਿਤਸਰ ਵੱਲੋਂ ਪੰਜਾਬ ਨਾਟਸ਼ਾਲਾ ਵਿੱਚ ਸਾਲਾਨਾ ਸਨਮਾਨ ਸਮਾਰੋਹ ਕਰਵਾਇਆ ਗਿਆ। ਮੁੱਖ ਮਹਿਮਾਨ ਵਜੋਂ ਖ਼ਾਲਸਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਮਹਿਲ ਸਿੰਘ ਨੇ ਸ਼ਮੂਲੀਅਤ ਕੀਤੀ। ਸਮਾਰੋਹ ਦੀ ਪ੍ਰਧਾਨਗੀ ‘ਹੁਣ’ ਮੈਗਜ਼ੀਨ ਦੇ ਸੰਪਾਦਕ ਸੁਸ਼ੀਲ ਦੁਸਾਂਝ ਨੇ ਕੀਤੀ। ਵਿਸ਼ੇਸ਼ ਮਹਿਮਾਨ ਪੰਜਾਬੀ ਦੇ ਵਿਦਵਾਨ ਡਾ. ਮਨਮੋਹਨ, ਦਰਸ਼ਨ ਸਿੰਘ ਬੁੱਟਰ, ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ, ਜੰਮੂ ਤੋਂ ਕਹਾਣੀਕਾਰ ਖ਼ਾਲਿਦ ਹੁਸੈਨ, ਅਕਾਦਮੀ ਦੇ ਪ੍ਰਧਾਨ ਡਾ. ਕਰਨੈਲ ਸ਼ੇਰਗਿੱਲ, ਸਰਪ੍ਰਸਤ ਡਾ. ਵਿਕਰਮਜੀਤ ਅਤੇ ਡਾ. ਆਂਚਲ ਅਰੋੜਾ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ। ਡਾ. ਵਿਕਰਮਜੀਤ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਮੰਚ ਸੰਚਾਲਨ ਅਕਾਦਮੀ ਦੇ ਪ੍ਰੈੱਸ ਸਕੱਤਰ ਧਰਵਿੰਦਰ ਸਿੰਘ ਔਲਖ ਅਤੇ ਜਨਰਲ ਸਕੱਤਰ ਹਰਮੀਤ ਆਰਟਿਸਟ ਨੇ ਕੀਤਾ। ਇਸ ਮੌਕੇ ਡਾ. ਕਰਨੈਲ ਸ਼ੇਰਗਿੱਲ ਦਾ ਨਾਵਲ ‘ਲਾਕਡਾਊਨ ਇਨਫਿਨਿਟੀ’ ਲੋਕ ਅਰਪਣ ਕੀਤਾ ਗਿਆ। ਜਸਵੀਰ ਰਾਣਾ ਵੱਲੋਂ ਲਿਖੇ ਪਰਚੇ ਨੂੰ ਸਤਨਾਮ ਕੌਰ ਨੇ ਪੜ੍ਹਿਆ। ਅਕਾਦਮੀ ਵੱਲੋਂ ‘ਡਾ. ਕੁਲਵੰਤ ਯਾਦਗਾਰੀ ਪੁਰਸਕਾਰ’ ਮਰਹੂਮ ਕਹਾਣੀਕਾਰ ਪ੍ਰੇਮ ਗੋਰਖੀ ਦੀ ਪਤਨੀ ਨੂੰ ਅਤੇ ‘ਪਰਮਿੰਦਰਜੀਤ ਯਾਦਗਾਰੀ ਪੁਰਸਕਾਰ’ ਗ਼ਜ਼ਲਗੋ ਰਮਨ ਸੰਧੂ ਨੂੰ ਦਿੱਤੇ ਗਏ। ਹਾਣੀਕਾਰ ਮੁਖਤਾਰ ਗਿੱਲ ਨੇ ਪ੍ਰੇਮ ਗੋਰਖੀ ਨਾਲ ਆਪਣੀਆਂ ਸਾਂਝਾਂ ਬਿਆਨ ਕੀਤੀਆਂ। ਅਵਤਾਰਜੀਤ ਨੇ ਸ਼ਾਇਰ ਰਮਨ ਸੰਧੂ ਦੇ ਸਾਹਿਤਕ ਸਫ਼ਰ ਬਾਰੇ ਦੱਸਿਆ। ਕਵੀ ਦਰਬਾਰ ’ਚ ਸੁਸ਼ੀਲ ਦੁਸਾਂਝ, ਦਰਸ਼ਨ ਸਿੰਘ ਬੁੱਟਰ, ਬਲਵਿੰਦਰ ਸੰਧੂ, ਹਰਮੀਤ ਆਰਟਿਸਟ, ਡਾ. ਆਂਚਲ ਅਰੋੜਾ, ਸਵੰਸ਼ ਨਰੂਲਾ, ਰਿੰਕੂ ਸਿੰਘ, ਜੱਸਾ, ਅਮਰੀਕ ਡੋਗਰਾ, ਡਾ. ਨਿਰੰਜਨ, ਪੰਮੀ ਦਿਵੇਦੀ, ਨਿਰਮਲ ਅਰਪਣ, ਰੋਜ਼ੀ ਸਿੰਘ, ਸੀਮਾ ਗਰੇਵਾਲ, ਰੋਸ਼ਨਦੀਪ ਕੌਰ, ਅੱਕਪ੍ਰੀਤ ਕੌਰ ਨੇ ਮਹਿਫ਼ਿਲ ਵਿੱਚ ਰੰਗ ਭਰੇ। ਡਾ. ਮਹਿਲ ਸਿੰਘ ਨੇ ਕਿਹਾ ਕਿ ਸਾਹਿਤ ਅਤੇ ਵਿਦਿਆ ਬੰਦੇ ਨੂੰ ਸਿਆਣਾ ਬਣਾਉਂਦੀ ਹੈ, ਇਸ ਲਈ ਸਾਹਿਤ ਤੇ ਕਿਤਾਬਾਂ ਦਾ ਮਨੁੱਖ ਦੀ ਜ਼ਿੰਦਗੀ ’ਚ ਬਹੁਤ ਵੱਡਾ ਮਹੱਤਵ ਹੈ। ਮੁੰਬਈ ਤੋਂ ਆਏ ਫਿਲਮ ਡਾਇਰੈਕਟਰ ਇਕਬਾਲ ਸਿੰਘ ਚਾਨਾ ਨੂੰ ਵੀ ਸਨਮਾਨਿਤ ਕੀਤਾ ਗਿਆ।