
ਦੇਸ਼-ਵਿਦੇਸ਼ ਦੀਆਂ ਸੰਗਤਾਂ ਵਿੱਚ ਰੋਸ ਹੋਣ ਦਾ ਦਾਅਵਾ
ਅੰਮ੍ਰਿਤਸਰ,(ਪੰਜਾਬੀ ਰਾਈਟਰ)- ਇਥੇ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਅੱਜ ਦੋਸ਼ ਲਾਇਆ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਅਤੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਵਜੋਂ ਨਿਯੁਕਤੀ ਅਤੇ ਸੇਵਾ ਸੰਭਾਲ ਸਮਾਗਮ ਮੌਕੇ ਮਰਿਆਦਾ ਦੀ ਘੋਰ ਉਲੰਘਣਾ ਹੋਈ ਹੈ। ਉਹ ਇਥੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਮਾਮਲੇ ਵਿੱਚ ਬੀਤੇ ਦਿਨ ਮਰਿਆਦਾ ਦੀ ਉਲੰਘਣਾ ਦਾ ਦੋਸ਼ ਲਾਇਆ ਸੀ। ਉਨ੍ਹਾਂ ਤੋਂ ਇਲਾਵਾ ਚੀਫ ਖਾਲਸਾ ਦੀਵਾਨ ਅਤੇ ਹੋਰ ਵੀ ਕਈ ਜਥੇਬੰਦੀਆਂ ਵੱਲੋਂ ਅਜਿਹੇ ਹੀ ਦੋਸ਼ ਲਾਏ ਗਏ ਹਨ।
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਦੇਸ਼-ਵਿਦੇਸ਼ ਤੋਂ ਸੁਨੇਹੇ ਆ ਰਹੇ ਹਨ ਅਤੇ ਮਰਿਆਦਾ ਦਾ ਘਾਣ ਕੀਤੇ ਜਾਣ ਖ਼ਿਲਾਫ਼ ਸੰਗਤ ਵੱਲੋਂ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਜਥੇਦਾਰਾਂ ਦੀ ਨਵੀਂ ਨਿਯੁਕਤੀ ਦਾ ਐਲਾਨ ਕੀਤਾ ਜਾਂਦਾ ਹੈ ਅਤੇ ਦਸਤਾਰਾਂ ਭੇਟ ਕੀਤੀਆਂ ਜਾਂਦੀਆਂ ਹਨ ਪਰ ਇਸ ਮਾਮਲੇ ਵਿੱਚ ਵਿਧੀ ਵਿਧਾਨ ਦੀ ਉਲੰਘਣਾ ਕਰਕੇ ਮਰਿਆਦਾ ਦਾ ਘਾਣ ਕੀਤਾ ਗਿਆ। ਇਸ ਕਾਰਨ ਸਿੱਖ ਸੰਗਤ ਵਿੱਚ ਕਾਫ਼ੀ ਰੋਸ ਹੈ।
ਟਕਰਾਅ ਤੋਂ ਬਚਣ ਲਈ ਕੀਤਾ ਸੰਖੇਪ ਸਮਾਗਮ: ਸ਼੍ਰੋਮਣੀ ਕਮੇਟੀ
ਅੰਮ੍ਰਿਤਸਰ : ਤਖ਼ਤ ਕੇਸਗੜ੍ਹ ਸਾਹਿਬ ਦੇ ਨਵ-ਨਿਯੁਕਤ ਜਥੇਦਾਰ ਗਿਆਨੀ ਕੁਲਦੀਪ ਸਿੰਘ ਦੇ ਸੇਵਾ ਸੰਭਾਲ ਬਾਰੇ ਚੁੱਕੇ ਜਾ ਰਹੇ ਸਵਾਲਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਅੱਜ ਦਾਅਵਾ ਕੀਤਾ ਕਿ ਮੌਜੂਦਾ ਸਮੇਂ ਪੰਥਕ ਹਾਲਤਾਂ ਦੇ ਮੱਦੇਨਜ਼ਰ ਆਪਸੀ ਟਕਰਾਅ ਤੋਂ ਬਚਣ ਲਈ ਜਥੇਦਾਰ ਦਾ ਸੇਵਾ ਸੰਭਾਲ ਸਮਾਗਮ ਸੰਖੇਪ ਵਿਚ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਜਥੇਬੰਦੀਆਂ ਦਾ ਸਤਿਕਾਰ ਕਰਦੀ ਹੈ ਅਤੇ ਇਹ ਨਹੀਂ ਚਾਹੁੰਦੀ ਕਿ ਸਿੱਖਾਂ ਵਿਚ ਆਪਸੀ ਟਕਰਾਅ ਵਾਲੀ ਸਥਿਤੀ ਬਣੇ।
ਹੋਲੇ-ਮਹੱਲੇ ਮੌਕੇ ਹੁੱਲੜਬਾਜ਼ੀ ਨਾ ਕੀਤੀ ਜਾਵੇ: ਜਥੇਦਾਰ ਕੁਲਦੀਪ ਸਿੰਘ
ਅੰਮ੍ਰਿਤਸਰ : ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਤਖ਼ਤ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਹੋਲੇ-ਮਹੱਲੇ ਮੌਕੇ ਹੁੱਲੜਬਾਜ਼ੀ ਨਾ ਕੀਤੀ ਜਾਵੇ। ਉਨ੍ਹਾਂ ਮੇਲੇ ਮੌਕੇ ਨਤਮਸਤਕ ਹੋਣ ਵਾਸਤੇ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਦਸਤਾਰਾਂ ਸਜਾ ਕੇ ਆਉਣ ਦਾ ਸੱਦਾ ਦਿੱਤਾ। ਜਥੇਦਾਰ ਗਿਆਨੀ ਕੁਲਦੀਪ ਸਿੰਘ ਨੇ ਅਹੁਦੇ ਦੀ ਸੇਵਾ-ਸੰਭਾਲ ਮਗਰੋਂ ਅੱਜ ਆਪਣਾ ਪਹਿਲਾ ਸੰਦੇਸ਼ ਜਾਰੀ ਕਰਦਿਆਂ ਵੀਡੀਓ ਸੁਨੇਹੇ ਵਿੱਚ ਕਿਹਾ ਕਿ ਸਿੱਖ ਕੌਮ ਕਈ ਕੌਮੀ ਤਿਉਹਾਰ ਮਨਾਉਂਦੀ ਹੈ ਅਤੇ ਇਨ੍ਹਾਂ ਵਿੱਚੋਂ ਹੀ ਹੋਲੇ-ਮਹੱਲੇ ਦਾ ਤਿਉਹਾਰ ਹੈ ਜਿਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤ ਨਤਮਸਤਕ ਹੋਣ ਪੁੱਜਦੀ ਹੈ। ਪਿਛਲੇ ਸਮੇਂ ਦੀਆਂ ਕੁਝ ਘਟਨਾਵਾਂ ਨੇ ਸਾਨੂੰ ਸਾਰਿਆਂ ਨੂੰ ਸੁਚੇਤ ਕੀਤਾ ਹੈ। ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਉਣ ਵਾਲਾ ਕੋਈ ਵੀ ਨੌਜਵਾਨ ਜਾਂ ਕੋਈ ਵੀ ਵਿਅਕਤੀ ਹੁੱਲੜਬਾਜ਼ੀ ਨਾ ਕਰੇ।