ਗੁਰਦੁਆਰਾ ਗੋਬਿੰਦ ਘਾਟ ਵਿੱਚ ਬਰਫਬਾਰੀ

ਗੁਰਦੁਆਰਾ ਗੋਬਿੰਦ ਘਾਟ ਵਿੱਚ ਬਰਫਬਾਰੀ

ਹੇਮਕੁੰਟ ਸਾਹਿਬ ਇਲਾਕੇ ’ਚ ਛੇ ਫੁੱਟ ਤੇ ਗੁਰਦੁਆਰਾ ਗੋਬਿੰਦ ਧਾਮ ਤੇ ਘਾਗਰੀਆ ’ਚ ਤਿੰਨ ਫੁੱਟ ਬਰਫ ਪਈ

ਅੰਮ੍ਰਿਤਸਰ,(ਪੰਜਾਬੀ ਰਾਈਟਰ)- ਉੱਤਰਾਖੰਡ ਸਥਿਤ ਗੁਰਦੁਆਰਾ ਹੇਮਕੁੰਟ ਸਾਹਿਬ ਦੇ ਇਲਾਕੇ ਵਿੱਚ ਭਾਰੀ ਬਰਫਬਾਰੀ ਹੋਈ ਅਤੇ ਇਸ ਯਾਤਰਾ ਦੇ ਆਧਾਰ ਕੈਂਪ ਗੁਰਦੁਆਰਾ ਗੋਬਿੰਦ ਘਾਟ ਵਿੱਚ ਵੀ ਇਸ ਵਾਰ ਬਰਫਬਾਰੀ ਹੋਈ ਹੈ। ਗੁਰਦੁਆਰਾ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਇਸ ਵਾਰ 25 ਮਈ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਗੁਰਦੁਆਰਾ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਮੁਖੀ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਹੇਮਕੁੰਟ ਸਾਹਿਬ ਯਾਤਰਾ ਦੇ ਮੁੱਖ ਆਧਾਰ ਕੈਂਪ ਗੁਰਦੁਆਰਾ ਗੋਬਿੰਦ ਘਾਟ ਦੇ ਇਲਾਕੇ ਵਿੱਚ ਵੀ ਇਸ ਵਾਰ ਬਰਫਬਾਰੀ ਹੋਈ ਹੈ। ਉਨ੍ਹਾਂ ਕਿਹਾ ਕਿ ਵਧੇਰੇ ਕਰ ਕੇ ਬਰਫ਼ਬਾਰੀ ਉੱਚੀਆਂ ਚੋਟੀਆਂ ’ਤੇ ਹੀ ਹੁੰਦੀ ਹੈ, ਘਾਟੀ ਵਿੱਚ ਨਹੀਂ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਦਿਨ ਤੋਂ ਹੇਮਕੁੰਟ ਸਾਹਿਬ ਦੇ ਇਲਾਕੇ ਵਿੱਚ ਲਗਪਗ ਛੇ ਫੁੱਟ ਬਰਫ ਪਈ ਹੈ ਜਦੋਂਕਿ ਹੇਠਾਂ ਗੁਰਦੁਆਰਾ ਗੋਬਿੰਦ ਧਾਮ ਤੇ ਘਾਗਰੀਆ ਵਾਲੇ ਇਲਾਕੇ ਵਿੱਚ ਤਿੰਨ ਫੁੱਟ ਤੱਕ ਬਰਫ ਪਈ ਹੈ।

ਉਨ੍ਹਾਂ ਕਿਹਾ ਕਿ ਬਰਫ ਨਾਲ ਜਿੱਥੇ ਗਰਮੀਆਂ ਵਿੱਚ ਨਦੀਆਂ ਨੂੰ ਪਾਣੀ ਮਿਲੇਗਾ, ਉੱਥੇ ਇਸ ਘਾਟੀ ਨੂੰ ਵੀ ਹਰਿਆਲੀ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਵੇਲੇ ਗੁਰਦੁਆਰਾ ਹੇਮਕੁੰਟ ਸਾਹਿਬ ਦੇ ਕਪਾਟ ਬੰਦ ਹਨ ਜੋ ਸੰਗਤ ਵਾਸਤੇ 25 ਮਈ ਨੂੰ ਖੋਲ੍ਹੇ ਜਾਣਗੇ ਅਤੇ ਸਾਲਾਨਾ ਯਾਤਰਾ ਆਰੰਭ ਹੋਵੇਗੀ।

ਸਾਲਾਨਾ ਯਾਤਰਾ ਦੀ ਸ਼ੁਰੂਆਤ ਦੇ ਸਬੰਧ ਵਿੱਚ ਟਰੱਸਟ ਦੀ ਉੱਤਰਾਖੰਡ ਸਰਕਾਰ ਦੇ ਅਧਿਕਾਰੀਆਂ ਨਾਲ ਮੀਟਿੰਗ ਹੋ ਚੁੱਕੀ ਹੈ ਅਤੇ ਸਰਕਾਰ ਦੀ ਸਹਿਮਤੀ ਨਾਲ ਹੀ ਸਾਲਾਨਾ ਯਾਤਰਾ 25 ਮਈ ਤੋਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।