
ਮੰਦਰ ਤੋਂ ਮੱਥਾ ਟੇਕ ਕੇ ਆ ਰਹੀ ਸੀ ਔਰਤ; ਪੁਲੀਸ ਵੱਲੋਂ ਮੁਲਜ਼ਮਾਂ ਦੀ ਭਾਲ ਸ਼ੁਰੂ
ਅੰਮ੍ਰਿਤਸਰ,(ਪੰਜਾਬੀ ਰਾਈਟਰ)- ਇੱਥੋਂ ਦੇ ਰਾਮਬਾਲੀ ਚੌਕ ਵਿੱਚ ਅੱਜ ਬਾਅਦ ਦੁਪਹਿਰ ਗੋਲੀਆਂ ਚੱਲਣ ਕਾਰਨ ਇੱਕ ਔਰਤ ਸਣੇ ਦੋ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ’ਚੋਂ ਇਕ ਦੀ ਪਛਾਣ ਰਾਮਬਾਲੀ ਚੌਕ ਦੇ ਰਹਿਣ ਵਾਲੇ ਅਮਰ ਵਜੋਂ ਹੋਈ ਹੈ, ਜਦਕਿ ਜ਼ਖ਼ਮੀ ਔਰਤ ਦੀ ਹਾਲੇ ਪਛਾਣ ਨਹੀਂ ਹੋ ਸਕੀ ਹੈ।
ਮਿਲੀ ਜਾਣਕਾਰੀ ਅਨੁਸਾਰ ਅਮਰ ਦੇ ਪੇਟ ਅਤੇ ਔਰਤ ਦੇ ਹੱਥ ’ਤੇ ਗੋਲੀ ਲੱਗੀ ਹੈ। ਸਹਾਇਕ ਪੁਲੀਸ ਕਮਿਸ਼ਨਰ (ਉੱਤਰੀ) ਅਰਵਿੰਦ ਮੀਨਾ ਸਣੇ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉੁਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਵਿਨਾਸ਼ ਸਿੰਘ, ਕਰਨ ਸ਼ਰਮਾ ਅਤੇ ਅਮਰ ਬਾਅਦ ਦੁਪਹਿਰ ਬੱਬੂ ਸੈਲੂਨ ਨਾਮ ਦੀ ਦੁਕਾਨ ਨੇੜੇ ਖੜ੍ਹੇ ਸਨ। ਇਸ ਦੌਰਾਨ ਜਦੋਂ ਅਵਿਨਾਸ਼ ਦੁਕਾਨ ਦੇ ਅੰਦਰ ਗਿਆ ਤਾਂ ਅੰਦਰ ਮੌਜੂਦ ਦੋ ਨੌਜਵਾਨਾਂ ਨੇ ਅਚਾਨਕ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਗੋਲੀ ਅਮਰ ਦੇ ਪੇਟ ਅਤੇ ਦੂਜੀ ਉੱਥੋਂ ਲੰਘ ਰਹੀ ਔਰਤ ਦੇ ਹੱਥ ’ਤੇ ਲੱਗੀ। ਮਿਲੀ ਜਾਣਕਾਰੀ ਮੁਤਾਬਕ ਔਰਤ ਮੰਦਰ ਵਿੱਚ ਮੱਥਾ ਟੇਕ ਕੇ ਵਾਪਰ ਘਰ ਜਾ ਰਹੀ ਸੀ। ਪੁਲੀਸ ਅਨੁਸਾਰ ਗੋਲੀਆਂ ਚਲਾਉਣ ਵਾਲੇ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ।
ਏਸੀਪੀ ਅਰਵਿੰਦ ਮੀਨਾ ਨੇ ਦੱਸਿਆ ਕਿ ਘਟਨਾ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਨੇੜਲੀ ਇਕ ਹੋਰ ਦੁਕਾਨ ਦੇ ਮਾਲਕ ਤਿਲਕ ਰਾਜ ਨੇ ਦੱਸਿਆ ਕਿ ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਜਦੋਂ ਉਹ ਬਾਹਰ ਆਇਆ ਤਾਂ ਉਸ ਨੇ ਦੇਖਿਆ ਕਿ ਨੌਜਵਾਨ ਅਮਰ ਜ਼ਮੀਨ ’ਤੇ ਡਿੱਗਿਆ ਹੋਇਆ ਸੀ, ਜਦਕਿ ਇੱਕ ਔਰਤ ਵੀ ਜ਼ਖ਼ਮੀ ਹੋ ਗਈ ਸੀ। ਉਸ ਨੇ ਕਿਹਾ ਕਿ ਗੋਲੀ ਕਿਸ ਨੇ ਅਤੇ ਕਿਉਂ ਚਲਾਈ, ਇਸ ਬਾਰੇ ਉਸ ਨੂੰ ਕੁਝ ਨਹੀਂ ਪਤਾ ਹੈ।