ਹਰਭਜਨ ਸਿੰਘ ਈਟੀਓ ਵੱਲੋਂ ਆਬੋ-ਹਵਾ ਸਾਫ ਰੱਖਣ ਦਾ ਸੱਦਾ

ਹਰਭਜਨ ਸਿੰਘ ਈਟੀਓ ਵੱਲੋਂ ਆਬੋ-ਹਵਾ ਸਾਫ ਰੱਖਣ ਦਾ ਸੱਦਾ

ਕੈਬਨਿਟ ਮੰਤਰੀ ਨੇ ‘ਪ੍ਰਾਜੈਕਟ ਅੰਮ੍ਰਿਤ’ ਤਹਿਤ ਸਫ਼ਾਈ ਮੁਹਿੰਮ ਵਿੱਚ ਹਿੱਸਾ ਲਿਆ; ਚਾਟੀਵਿੰਡ ਨਹਿਰ, ਤਾਰਾਂ ਵਾਲਾ ਪੁਲ, ਵੱਲਾ ਨਹਿਰ ਦੇ ਜਲ ਸਰੋਤਾਂ ਦੀ ਸਫ਼ਾਈ ਕੀਤੀ

ਅੰਮ੍ਰਿਤਸਰ,(ਪੰਜਾਬੀ ਰਾਈਟਰ)- ਸੰਤ ਨਿਰੰਕਾਰੀ ਮਿਸ਼ਨ ਦੇ ‘ਪ੍ਰਾਜੈਕਟ ਅੰਮ੍ਰਿਤ’ ਅਧੀਨ ‘ਸਾਫ਼ ਪਾਣੀ, ਸਾਫ਼ ਮਨ’ ਦੇ ਤੀਜੇ ਪੜਾਅ ਤਹਿਤ ਅੱਜ ਸ਼ਹਿਰ ਦੀ ਚਾਟੀਵਿੰਡ ਨਹਿਰ, ਤਾਰਾਂ ਵਾਲਾ ਪੁਲ, ਵੱਲਾ ਨਹਿਰ ਆਦਿ ਸਥਾਨਾਂ ਦੇ ਜਲ ਸਰੋਤਾਂ ਦੀ ਸਫ਼ਾਈ ਕੀਤੀ ਗਈ, ਜਿਸ ਵਿੱਚ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵੀ ਸ਼ਾਮਲ ਹੋਏ ਅਤੇ ਸਫ਼ਾਈ ਦੀ ਕਮਾਨ ਸੰਭਾਲਦਿਆਂ ਸਫ਼ਾਈ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਵੀ ਪਿਛਲੇ ਤਿੰਨ ਸਾਲਾਂ ਤੋਂ ਪੂਰੇ ਸੂਬੇ ਵਿੱਚ ਸਾਫ਼ ਸਫਾਈ ਦੀ ਮੁਹਿੰਮ ਵੱਡੇ ਪੱਧਰ ’ਤੇ ਚਲਾ ਰਹੀ ਹੈ। ਜੇ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ ਵਾਤਾਵਰਨ ਦੇਣਾ ਚਾਹੁੰਦੇ ਹਾਂ ਤਾਂ ਆਪਣੀ ਹਵਾ-ਪਾਣੀ ਨੂੰ ਸਾਫ਼ ਕਰਨਾ ਪਵੇਗਾ।


ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਹਿਰਾਂ ਵਿੱਚ ਪਲਾਸਟਿਕ ਦੇ ਲਿਫਾਫੇ ਅਤੇ ਹੋਰ ਗੰਦਗੀ ਨਾ ਸੁੱਟੀ ਜਾਵੇ। ਇਸ ਨਾਲ ਨਹਿਰਾਂ ਦਾ ਪਾਣੀ ਖਰਾਬ ਹੋ ਰਿਹਾ ਹੈ ਅਤੇ ਜਲ ਜੰਤੂ ਵੀ ਵੱਡੀ ਗਿਣਤੀ ਵਿੱਚ ਮਰ ਜਾਂਦੇ ਹਨ। ਉਨ੍ਹਾਂ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਦੀ ਅਪੀਲ ਵੀ ਕੀਤੀ। ਇਸ ਸਫ਼ਾਈ ਮੁਹਿੰਮ ਵਿਚ ਸੰਤ ਨਿਰੰਕਾਰੀ ਮਿਸ਼ਨ ਦੇ ਸੈਂਕੜੇ ਸੇਵਾਦਾਰ ਹਿੱਸਾ ਲੈ ਰਹੇ ਹਨ ਅਤੇ ਇਹ ਸਫ਼ਾਈ ਮੁਹਿੰਮ ਸਮੁੱਚੇ ਦੇਸ਼ ਵਿੱਚ ਅਨੇਕਾਂ ਜਲ ਸਰੋਤਾਂ ’ਤੇ ਚਲਾਈ ਜਾਵੇਗੀ। ਇਸ ਪ੍ਰਾਜੈਕਟ ਦਾ ਉਦੇਸ਼ ਪਾਣੀ ਦੀ ਸੰਭਾਲ ਅਤੇ ਸਫ਼ਾਈ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ੁੱਧ ਪਾਣੀ ਅਤੇ ਸਾਫ ਵਾਤਾਵਰਨ ਮਿਲ ਸਕੇ। ਕੈਬਨਿਟ ਮੰਤਰੀ ਨੇ ਸੰਤ ਨਿਰੰਕਾਰੀ ਮਿਸ਼ਨ ਦੀ ਸਲਾਘਾ ਕੀਤੀ।

ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਜੋਗਿੰਦਰ ਸੁਖੀਜਾ ਨੇ ਕਿਹਾ ਕਿ ਇਹ ਮੁਹਿੰਮ ਦੇਸ਼ ਭਰ ਦੇ 27 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 900 ਤੋਂ ਵੱਧ ਸ਼ਹਿਰਾਂ ਵਿੱਚ 1600 ਤੋਂ ਵੱਧ ਥਾਵਾਂ ’ਤੇ ਇੱਕੋ ਸਮੇਂ ਚਲਾਈ ਗਈ ਹੈ। ਇਸ ਮੌਕੇ ਅੰਮ੍ਰਿਤਸਰ ਜ਼ੋਨ ਦੇ ਇੰਚਾਰਜ ਰਾਕੇਸ਼ ਸੇਠੀ, ਪ੍ਰਬੰਧਕ ਸੂਰਜ ਪ੍ਰਕਾਸ਼ ਤੇ ਡਾ. ਦੇਸ ਰਾਜ ਸਮੇਤ ਵੱਡੀ ਗਿਣਤੀ ਵਿੱਚ ਵਾਲੰਟੀਅਰ ਮੌਜੂਦ ਸਨ।