
ਅੰਮ੍ਰਿਤਸਰ,(ਪੰਜਾਬੀ ਰਾਈਟਰ)- ਇੱਥੋਂ ਦੀ ਪੁਲੀਸ ਨੇ ਅਜਨਾਲਾ ਅਤੇ ਰਾਜਾਸਾਂਸੀ ਵਿੱਚੋਂ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਜੋ ਵਿਦੇਸ਼ ਵਿੱਚ ਬੈਠੇ ਗੈਂਗਸਟਰ ਅਤੇ ਦਹਿਸ਼ਤਗਰਦਾਂ ਦੀ ਸ਼ਹਿ ’ਤੇ ਇੱਥੇ ਅਪਰਾਧਕ ਗਤੀਵਿਧੀਆਂ ਕਰ ਰਹੇ ਸਨ। ਪੁਲੀਸ ਟੀਮ ਜਦੋਂ ਇਨ੍ਹਾਂ ਨੂੰ ਹਥਿਆਰ ਬਰਾਮਦਗੀ ਲਈ ਲੈ ਕੇ ਗਈ ਤਾਂ ਇਨ੍ਹਾਂ ਨੇ ਪੁਲੀਸ ’ਤੇ ਹਮਲਾ ਕਰ ਦਿੱਤਾ। ਪੁਲੀਸ ਦੀ ਜਵਾਬੀ ਕਾਰਵਾਈ ਵਿਚ ਦੋ ਜਣੇ ਜ਼ਖਮੀ ਹੋ ਗਏ। ਪੁਲੀਸ ਨੇ ਇਨ੍ਹਾਂ ਕੋਲੋਂ ਇੱਕ ਏਕੇ 47 ਅਤੇ ਦੋ ਪਿਸਤੌਲ ਤੇ ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਸ਼ਨਾਖਤ ਬੂਟਾ ਸਿੰਘ ਅਤੇ ਲਵਪ੍ਰੀਤ ਸਿੰਘ ਵਜੋਂ ਹੋਈ ਹੈ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੀਆਈਏ ਟੀਮ ਨੇ ਵਿਦੇਸ਼ ਬੈਠੇ ਗੈਂਗਸਟਰ ਹੈਪੀ ਪਾਸ਼ੀਆ ਦੇ ਤਿੰਨ ਸਾਥੀ ਕਾਬੂ ਕੀਤੇ ਸਨ ਜਿਨ੍ਹਾਂ ਦੀ ਸ਼ਨਾਖਤ ਬੂਟਾ ਸਿੰਘ, ਲਵਪ੍ਰੀਤ ਸਿੰਘ ਉਰਫ ਲੱਭਾ ਅਤੇ ਕਰਨਦੀਪ ਸਿੰਘ ਉਰਫ ਕਰਨ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਪੁਲੀਸ ਇਨ੍ਹਾਂ ਨੂੰ ਹਥਿਆਰ ਬਰਾਮਦਗੀ ਲਈ ਲੈ ਕੇ ਗਈ। ਪੁਲੀਸ ਜਦੋਂ ਕਰਨਦੀਪ ਸਿੰਘ ਉਰਫ ਕਰਨ ਨੂੰ ਲੈ ਕੇ ਜਾ ਰਹੀ ਸੀ ਤਾਂ ਉਸ ਨੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਲਵਪ੍ਰੀਤ ਸਿੰਘ ਨੇ ਏਐਸਆਈ ਗੁਰਜੀਤ ਸਿੰਘ ਦੀ ਸਰਵਿਸ ਪਿਸਤੌਲ ਖੋਹ ਲਈ ਅਤੇ ਪੁਲੀਸ ’ਤੇ ਗੋਲੀ ਚਲਾਈ। ਇਸ ਦੌਰਾਨ ਬੂਟਾ ਸਿੰਘ ਨੇ ਵੀ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਪੁਲੀਸ ਕਾਰਵਾਈ ਵਿਚ ਲਵਪ੍ਰੀਤ ਸਿੰਘ ਅਤੇ ਬੂਟਾ ਸਿੰਘ ਜ਼ਖ਼ਮੀ ਹੋ ਗਏ। ਕਮਿਸ਼ਨਰ ਨੇ ਦੱਸਿਆ ਕਿ ਮੁੱਢਲੀ ਪੁੱਛਗਿਛ ਦੌਰਾਨ ਇਨ੍ਹਾਂ ਨੇ ਮੰਨਿਆ ਕਿ 3 ਫਰਵਰੀ ਨੂੰ ਫਤਿਹਗੜ੍ਹ ਚੂੜੀਆਂ ਰੋਡ ਨੇੜੇ ਬੰਦ ਪਈ ਪੁਲੀਸ ਚੌਕੀ ਕੋਲ ਧਮਾਕਾ ਵੀ ਇਨ੍ਹਾਂ ਵੱਲੋਂ ਕੀਤਾ ਗਿਆ ਸੀ।