
ਅੰਮ੍ਰਿਤਸਰ,(ਪੰਜਾਬੀ ਰਾਈਟਰ)- ਪਿਛਲੇ ਦਿਨਾਂ ਦੌਰਾਨ ਪੁਲੀਸ ਦੇ ਵੱਖ-ਵੱਖ ਥਾਣਿਆਂ ਵਿੱਚ ਹੱਥਗੋਲੇ ਅਤੇ ਵਿਸਫੋਟਕ ਸਮੱਗਰੀ ਨਾਲ ਹਮਲੇ ਦੀਆਂ ਵਾਪਰੀਆਂ ਘਟਨਾਵਾਂ ਤੋਂ ਬਾਅਦ ਪੰਜਾਬ ਪੁਲੀਸ ਵੱਲੋਂ ਥਾਣਿਆਂ ਅਤੇ ਚੌਕੀਆਂ ਦੇ ਆਲੇ-ਦੁਆਲੇ ਖ਼ਾਸ ਤੌਰ ’ਤੇ ਰਾਤ ਵੇਲੇ ਸਖ਼ਤ ਸੁਰੱਖਿਆ ਪ੍ਰਬੰਧ ਕਰਨ ਦਾ ਅਮਲ ਸ਼ੁਰੂ ਕਰ ਦਿੱਤਾ ਗਿਆ ਹੈ। ਸੁਰੱਖਿਆ ਦੇ ਇਸ ਅਮਲ ਤਹਿਤ ਪੁਲੀਸ ਥਾਣਿਆਂ ਦੇ ਮੁੱਖ ਗੇਟ ਦੇ ਬਾਹਰ ਹਥਿਆਰਬੰਦ ਪੁਲੀਸ ਅਤੇ ਬਖਤਰਬੰਦ ਵਾਹਨ ਤਾਇਨਾਤ ਕੀਤੇ ਜਾਣਗੇ। ਥਾਣਿਆਂ ਦੇ ਗੇਟ ਰਾਤ ਵੇਲੇ ਬੰਦ ਕਰ ਦਿੱਤੇ ਜਾਣਗੇ। ਇਸ ਸਬੰਧ ਵਿੱਚ ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਥਾਣਿਆਂ ਅਤੇ ਪੁਲੀਸ ਚੌਕੀਆਂ ਵਿੱਚ ਮੌਜੂਦ ਪੁਲੀਸ ਬਲਾਂ ਨੂੰ ਰਾਤ ਵੇਲੇ ਗੇਟ ਬੰਦ ਰੱਖਣ ਅਤੇ ਲੋੜ ਪੈਣ ’ਤੇ ਹੀ ਖੋਲ੍ਹਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਰਾਤ ਵੇਲੇ ਪੁਲੀਸ ਮਦਦ ਵਾਸਤੇ ਆਉਣ ਵਾਲੇ ਲੋਕਾਂ ਨੂੰ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਥਾਣਿਆਂ ਅਤੇ ਚੌਕੀਆਂ ਦੀ ਸੁਰੱਖਿਆ ਵਧਾਉਣ ਦੇ ਅਮਲ ਤਹਿਤ ਇਮਾਰਤਾਂ ਦੀ ਚਾਰਦੀਵਾਰੀ ਨੂੰ ਵੀ ਉੱਚਾ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਮਜੀਠਾ ਪੁਲੀਸ ਥਾਣੇ ’ਤੇ ਕੁਝ ਦਿਨ ਪਹਿਲਾਂ ਧਮਾਕਾ ਹੋਇਆ ਸੀ ਅਤੇ ਇਸ ਨੂੰ ਵਾਹਨ ਦਾ ਟਾਇਰ ਫਟਣ ਕਾਰਨ ਹੋਇਆ ਧਮਾਕਾ ਦੱਸਿਆ ਗਿਆ ਸੀ। ਇਸ ਥਾਣੇ ਦੀਆਂ ਕੰਧਾਂ ਨੂੰ ਵੀ ਹੁਣ ਉੱਚਾ ਕੀਤਾ ਗਿਆ ਹੈ। ਪੁਲੀਸ ਦੇ ਐੱਸਪੀ ਪੱਧਰ ਦੇ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਲੋੜੀਂਦੇ ਕਦਮ ਪੁੱਟੇ ਜਾ ਰਹੇ ਹਨ।