ਚੌੜਾ ਨੂੰ 14 ਦਿਨਾ ਜੁਡੀਸ਼ਲ ਰਿਮਾਂਡ ’ਤੇ ਭੇਜਿਆ

ਚੌੜਾ ਨੂੰ 14 ਦਿਨਾ ਜੁਡੀਸ਼ਲ ਰਿਮਾਂਡ ’ਤੇ ਭੇਜਿਆ

ਅੰਮ੍ਰਿਤਸਰ,(ਪੰਜਾਬੀ ਰਾਈਟਰ)- ਸੁਖਬੀਰ ਸਿੰਘ ਬਾਦਲ ’ਤੇ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਹਮਲਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਨਰੈਣ ਸਿੰਘ ਚੌੜਾ ਨੂੰ ਅੱਜ ਅਦਾਲਤ ਵੱਲੋਂ 14 ਦਿਨਾਂ ਦੇ ਜੁਡੀਸ਼ਲ ਰਿਮਾਂਡ ’ਤੇ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਦੌਰਾਨ ਇਸੇ ਮਾਮਲੇ ਵਿੱਚ ਪੁਲੀਸ ਵੱਲੋਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਕੂਲ ਐਜੂਕੇਸ਼ਨ ਵਿਭਾਗ ਦੀ ਡਿਪਟੀ ਡਾਇਰੈਕਟਰ ਸਤਵੰਤ ਕੌਰ ਕੋਲੋਂ ਪੁੱਛਗਿੱਛ ਕੀਤੀ ਗਈ ਹੈ।

ਸੂਤਰਾਂ ਮੁਤਾਬਕ ਨਰੈਣ ਸਿੰਘ ਅਤੇ ਉਸ ਦਾ ਇੱਕ ਸਾਥੀ 3 ਦਸੰਬਰ ਨੂੰ ਸ਼੍ਰੋਮਣੀ ਕਮੇਟੀ ਕੰਪਲੈਕਸ ਵਿੱਚ ਬਣੇ ਸਿੱਖਿਆ ਵਿਭਾਗ ਦੇ ਦਫ਼ਤਰ ਵਿੱਚ ਸਤਵੰਤ ਕੌਰ ਨੂੰ ਮਿਲੇ ਸਨ। ਪੁਲੀਸ ਵੱਲੋਂ ਇਸ ਮਾਮਲੇ ਵਿੱਚ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਪ੍ਰਾਪਤ ਕੀਤੀ ਗਈ ਹੈ।

ਸਤਵੰਤ ਕੌਰ ਨੇ ਮੰਨਿਆ ਕਿ ਨਰੈਣ ਸਿੰਘ ਤੇ ਉਸ ਦਾ ਇੱਕ ਸਾਥੀ ਉਸ ਦੇ ਦਫ਼ਤਰ ਵਿੱਚ ਆਏ ਸਨ। ਪੁਲੀਸ ਵੱਲੋਂ ਇਸ ਸਬੰਧੀ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ’ਤੇ ਪੁੱਛਗਿਛ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਆਮ ਮੀਟਿੰਗ ਸੀ ਤੇ ਸ੍ਰੀ ਚੌੜਾ ਉਸ ਨੂੰ ਵਧਾਈ ਦੇਣ ਆਏ ਸਨ ਕਿਉਂਕਿ ਉਸ ਨੂੰ ਅਕਾਲ ਤਖ਼ਤ ਵੱਲੋਂ ਇੱਕ ਸੱਤ ਮੈਂਬਰੀ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਸੀ।