
ਦਰਬਾਰ ਸਾਹਿਬ ਕੰਪਲੈਕਸ ਵਿੱਚ ਤਾਇਨਾਤ ਸਨ ਲਗਪਗ 175 ਸੁਰੱਖਿਆ ਕਰਮਚਾਰੀ
ਅੰਮ੍ਰਿਤਸਰ,(ਪੰਜਾਬੀ ਰਾਈਟਰ)- ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੌਰਾਨ ਉਨ੍ਹਾਂ ਦੀ ਜਾਨ ਬਚਾਉਣ ਵਾਲੇ ਮੌਕੇ ’ਤੇ ਹਾਜ਼ਰ ਪੁਲੀਸ ਕਰਮਚਾਰੀ ਸਨ। ਇਹ ਖੁਲਾਸਾ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕੀਤਾ। ਅੱਜ ਸਵੇਰੇ ਜਦੋਂ ਸੁਖਬੀਰ ’ਤੇ ਗੋਲੀ ਚਲਾ ਕੇ ਜਾਨਲੇਵਾ ਹਮਲਾ ਕੀਤਾ ਗਿਆ ਤਾਂ ਉਸ ਵੇਲੇ ਉਨ੍ਹਾਂ ਨਾਲ ਏਐੱਸਆਈ ਜਸਬੀਰ ਸਿੰਘ, ਏਐੱਸਆਈ ਰਸ਼ਪਾਲ ਸਿੰਘ ਅਤੇ ਏਐੱਸਆਈ ਪਰਮਿੰਦਰ ਸਿੰਘ ਸਨ, ਜੋ ਪੁਲੀਸ ਕਮਿਸ਼ਨਰੇਟ ਅੰਮ੍ਰਿਤਸਰ ਨਾਲ ਸਬੰਧਤ ਹਨ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਜਦੋਂ ਨਰੈਣ ਸਿੰਘ ਚੌੜਾ ਸੁਖਬੀਰ ਬਾਦਲ ਦੇ ਨੇੜੇ ਪੁੱਜਿਆ ਤਾਂ ਏਐੱਸਆਈ ਰਸ਼ਪਾਲ ਸਿੰਘ ਨੇ ਉਸ ਨੂੰ ਪਛਾਣ ਲਿਆ ਅਤੇ ਉਸ ਦੀ ਸ਼ੱਕੀ ਹਰਕਤ ਨੂੰ ਨੋਟਿਸ ਕੀਤਾ। ਜਿਵੇਂ ਹੀ ਉਸ ਨੇ ਪਿਸਤੌਲ ਕੱਢੀ ਤਾਂ ਏਐੱਸਆਈ ਜਸਬੀਰ ਸਿੰਘ ਨੇ ਜੱਫਾ ਮਾਰ ਕੇ ਉਸ ਨੂੰ ਰੋਕਣ ਦਾ ਯਤਨ ਕੀਤਾ ਤੇ ਉਸ ਦਾ ਹੱਥ ਉੱਪਰ ਕਰ ਦਿੱਤਾ ਅਤੇ ਨਿਸ਼ਾਨਾ ਖੁੰਝ ਗਿਆ। ਗੋਲੀ ਸੁਖਬੀਰ ਸਿੰਘ ਬਾਦਲ ਦੀ ਥਾਂ ਉੱਪਰ ਵੱਲ ਨੂੰ ਚੱਲੀ।
ਇਸ ਦੌਰਾਨ ਉੱਥੇ ਹਾਜ਼ਰ ਸ਼੍ਰੋਮਣੀ ਕਮੇਟੀ ਦੇ ਹੋਰ ਕਰਮਚਾਰੀ ਅਤੇ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਉਸ ਨੂੰ ਕਾਬੂ ਕਰ ਲਿਆ ਤੇ ਦੂਰ ਲੈ ਗਏ। ਉਨ੍ਹਾਂ ਦੱਸਿਆ ਕਿ ਕੰਪਲੈਕਸ ਵਿੱਚ ਦੋ ਐੱਸਪੀ ਅਤੇ ਦੋ ਡੀਐੱਸਪੀ ਪੱਧਰ ਦੇ ਅਧਿਕਾਰੀਆਂ ਤੋਂ ਇਲਾਵਾ ਲਗਪਗ 175 ਪੁਲੀਸ ਕਰਮਚਾਰੀ ਤਾਇਨਾਤ ਕੀਤੇ ਹੋਏ ਸਨ। ਇਹ ਸਾਰੇ ਸਾਦਾ ਕੱਪੜਿਆਂ ਵਿੱਚ ਤਾਇਨਾਤ ਸਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਨਰਾਇਣ ਸਿੰਘ ਚੌਰਾ ਕੋਲੋਂ 9 ਐੱਮਐੱਮ ਦਾ ਪਿਸਤੌਲ ਬਰਾਮਦ ਕੀਤਾ ਗਿਆ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਨਰਾਇਣ ਸਿੰਘ ਖ਼ਿਲਾਫ਼ ਦੋ ਦਰਜਨ ਤੋਂ ਵੱਧ ਪੁਲੀਸ ਕੇਸ ਦਰਜ ਹਨ।