ਅੰਮ੍ਰਿਤਸਰ: ਬੀਐੱਸਐੱਫ਼ ਹੱਥੋਂ ਸਰਹੱਦ ’ਤੇ ਪਾਕਿ ਘੁਸਪੈਠੀਆ ਹਲਾਕ

ਅੰਮ੍ਰਿਤਸਰ: ਬੀਐੱਸਐੱਫ਼ ਹੱਥੋਂ ਸਰਹੱਦ ’ਤੇ ਪਾਕਿ ਘੁਸਪੈਠੀਆ ਹਲਾਕ

ਫਾਜ਼ਿਲਕਾ ਬਾਰਡਰ ’ਤੇ ਦੋ ਤਸਕਰ ਹੈਰੋਇਨ ਸਮੇਤ ਕਾਬੂ

ਅੰਮ੍ਰਿਤਸਰ,(ਪੰਜਾਬੀ ਰਾਈਟਰ)- ਬੀ.ਐਸ.ਐਫ ਨੇ ਪਾਕਿਸਤਾਨ ਸਰਹੱਦ ’ਤੇ ਪਿੰਡ ਰਤਨ ਖੁਰਦ ਨੇੜੇ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਦਿੱਤਾ ਹੈ। ਉਸ ਕੋਲੋਂ ਕੁਝ ਪਾਕਿਸਤਾਨੀ ਕਰੰਸੀ ਬਰਾਮਦ ਹੋਈ ਹੈ।ਬੀਐਸਐਫ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਲਗਭਗ 9:30 ਵਜੇ ਸਰਹੱਦ ’ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਸਰਹੱਦ ਨੇੜੇ ਹਲਚਲ ਦੇਖੀ ਅਤੇ ਇੱਕ ਵਿਅਕਤੀ ਨੂੰ ਪਾਕਿਸਤਾਨ ਵਾਲੇ ਪਾਸਿਓਂ ਭਾਰਤੀ ਸਰਹੱਦ ਵਿੱਚ ਦਾਖਲ ਹੁੰਦਿਆਂ ਦੇਖਿਆ। ਇਹ ਵਿਅਕਤੀ ਹਨੇਰੇ ਦਾ ਲਾਭ ਲੈਂਦੇ ਹੋਏ ਕੌਮਾਂਤਰੀ ਸਰਹੱਦ ਪਾਰ ਕਰਕੇ ਭਾਰਤੀ ਸਰਹੱਦ ਵੱਲ ਵੱਧ ਰਿਹਾ ਸੀ।ਬੀ.ਐਸ.ਐਫ ਜਵਾਨਾਂ ਨੇ ਉਸ ਨੂੰ ਰੁਕਣ ਦੀ ਚੇਤਾਵਨੀ ਦਿੱਤੀ ਪਰ ਉਹ ਅਗਾਂਹ ਵਧਦਾ ਰਿਹਾ। ਇਸ ’ਤੇ ਜਵਾਨਾਂ ਨੇ ਉਸ ’ਤੇ ਗੋਲੀ ਚਲਾਈ ਅਤੇ ਉਹ ਇਸ ਗੋਲੀਬਾਰੀ ਵਿੱਚ ਮਾਰਿਆ ਗਿਆ। ਉਨ੍ਹਾਂ ਦੱਸਿਆ ਕਿ ਘੁਸਪੈਠੀਏ ਕੋਲੋਂ ਪਾਕਿਸਤਾਨੀ ਕਰੰਸੀ ਦੇ 270 ਰੁਪਏ ਬਰਾਮਦ ਹੋਏ ਹਨ। ਬੀ.ਐਸ.ਐਫ ਨੇ ਲਾਸ਼ ਅਗਲੀ ਕਾਰਵਾਈ ਵਾਸਤੇ ਘਰਿੰਡਾ ਪੁਲੀਸ ਥਾਣੇ ਨੂੰ ਸੌਂਪ ਦਿੱਤੀ ਹੈ।ਇਸ ਦੌਰਾਨ ਬੀ.ਐਸ.ਐਫ ਵੱਲੋਂ ਫਾਜ਼ਿਲਕਾ ਬਾਰਡਰ ’ਤੇ ਵੀ ਦੋ ਤਸਕਰਾਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ। ਉਨ੍ਹਾਂ ਕੋਲੋਂ ਲਗਭਗ ਇੱਕ ਕਿਲੋ ਹੇਰੋਇਨ ਬਰਾਮਦ ਹੋਈ। ਇਹ ਘਟਨਾ ਪਿੰਡ ਕਾਦਰ ਬਖਸ਼ ਨੇੜੇ ਵਾਪਰੀ ਹੈ। ਕਾਬੂ ਕੀਤੇ ਗਏ ਦੋਵੇਂ ਵਿਅਕਤੀ ਫਾਜ਼ਿਲਕਾ ਜ਼ਿਲੇ ਦੇ ਪਿੰਡ ਮੁੰਬੇ ਕੇ ਅਤੇ ਚੱਕ ਅਮੀਰਾਂ ਦੇ ਵਾਸੀ ਹਨ। ਉਹ ਇੱਥੇ ਪਾਕਿਸਤਾਨ ਵੱਲੋਂ ਆਏ ਡਰੋਨ ਵੱਲੋਂ ਸੁੱਟੀ ਗਈ ਹੈਰੋਇਨ ਦੀ ਖੇਪ ਚੁੱਕਣ ਵਾਸਤੇ ਪੁੱਜੇ ਸਨ। ਘਟਨਾ ਸਥਾਨ ਤੋਂ ਦੋ ਪੈਕਟ ਨਸ਼ੀਲੇ ਪਦਾਰਥ ਦੇ ਮਿਲੇ ਹਨ।