
ਚੰਡੀਗੜ੍ਹ: ਜੇਲ੍ਹ ’ਚ ਬੰਦ ਕੱਟੜਵਾਦੀ ਸਿੱਖ ਪ੍ਰਚਾਰਕ ਤੇ ਨਵਾਂ ਚੁਣਿਆ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਮੰਗ ਕਰੇਗਾ ਕਿ ਉਸ ਨੂੰ ਅਸਾਸ ਜੇਲ੍ਹ ’ਚੋਂ ਆਰਜ਼ੀ ਤੌਰ ’ਤੇ ਰਿਹਾਅ ਕੀਤਾ ਜਾਵੇ ਤਾਂ ਜੋ ਉਹ ਸੰਸਦ ਮੈਂਬਰ ਵਜੋਂ ਸਹੁੰ ਚੁੱਕ ਸਕੇ। ਇਹ ਜਾਣਕਾਰੀ ਉਸ ਦੇ ਵਕੀਲ ਇਮਾਨ ਸਿੰਘ ਖਾਰਾ ਨੇ ਦਿੱਤੀ। ਉਨ੍ਹਾਂ ਦੱਸਿਆ, ‘ਉਹ (ਅੰਮ੍ਰਿਤਪਾਲ) ਅੱਜ ਦਿਨੇ ਜਾਂ ਬਾਅਦ ਵਿੱਚ ਕੌਮੀ ਸੁਰੱਖਿਆ ਕਾਨੂੰਨ ਦੀ ਧਾਰਾ 15 ਤਹਿਤ ਜੇਲ੍ਹ ’ਚੋਂ ਆਰਜ਼ੀ ਰਿਹਾਈ ਲਈ ਲਿਖੇਗਾ।’ ਜ਼ਿਕਰਯੋਗ ਹੈ ਕਿ ‘ਵਾਰਸ ਪੰਜਾਬ ਦੇ’ ਜਥੇਬੰਦੀ ਦਾ ਮੁਖੀ ਅੰਮ੍ਰਿਤਪਾਲ ਸਿੰਘ ਇਸ ਸਮੇਂ ਆਪਣੇ ਨੌਂ ਸਾਥੀਆਂ ਨਾਲ ਐੱਨਐੱਸਏ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਬੰਦ ਹੈ। ਲੋਕ ਸਭਾ ਚੋਣਾਂ 2024 ’ਚ ਉਸ ਨੇ ਖਡੂਰ ਸਾਹਿਬ ਹਲਕੇ ਤੋਂ ਚੋਣ ਜਿੱਤੀ ਹੈ। ਉਸ ਨੇ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਨੂੰ 1,97,120 ਵੋਟਾਂ ਦੇ ਫਰਕ ਨਾਲ ਹਰਾਇਆ।