ਅੰਮ੍ਰਿਤਪਾਲ ਸਿੰਘ ਦੀ ਅਜਨਾਲਾ ਅਦਾਲਤ ਵਿੱਚ ਪੇਸ਼ੀ ਅੱਜ; ਪੁਲੀਸ ਵੱਲੋਂ ਚਲਾਨ ਪੇਸ਼ ਕੀਤੇ ਜਾਣ ਦੀ ਸੰਭਾਵਨਾ

ਅੰਮ੍ਰਿਤਪਾਲ ਸਿੰਘ ਦੀ ਅਜਨਾਲਾ ਅਦਾਲਤ ਵਿੱਚ ਪੇਸ਼ੀ ਅੱਜ; ਪੁਲੀਸ ਵੱਲੋਂ ਚਲਾਨ ਪੇਸ਼ ਕੀਤੇ ਜਾਣ ਦੀ ਸੰਭਾਵਨਾ

ਅੰਮ੍ਰਿਤਸਰ,(ਪੰਜਾਬੀ ਰਾਈਟਰ)- ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਅੱਜ ਮੁੜ ਅਸਾਮ ਦੀ ਡਿਬਰੂਗੜ੍ਹ ਜੇਲ ਤੋਂ ਵੀਡੀਓ ਕਾਨਫਰੰਸ ਰਾਹੀ ਇੱਥੇ ਅਜਨਾਲਾ ਦੀ ਸਬ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਮੁੜ ਨਿਆਂਇਕ ਹਿਰਾਸਤ ਵਿੱਚ ਭੇਜੇ ਜਾਣ ਦੀ ਸੰਭਾਵਨਾ ਹੈ।

ਅੰਮ੍ਰਿਤਪਾਲ ਸਿੰਘ ਦੇ ਕੇਸ ਦੀ ਪੈਰਵਾਈ ਕਰ ਰਹੇ ਐਡਵੋਕੇਟ ਕਰਮਵੀਰ ਸਿੰਘ ਪੰਨੂ ਨੇ ਦੱਸਿਆ ਕਿ ਅਜਨਾਲਾ ਪੁਲੀਸ ਸਟੇਸ਼ਨ ਹਿੰਸਾ ਮਾਮਲੇ ਵਿੱਚ ਦਰਜ ਐੱਫਆਈਆਰ 39 ਦੇ ਮਾਮਲੇ ਵਿੱਚ ਪੁਲੀਸ ਵੱਲੋਂ ਅੱਜ ਚਲਾਨ ਪੇਸ਼ ਕੀਤਾ ਜਾ ਸਕਦਾ ਹੈ। ਅਗਲੇ ਪੜਾਅ ਵਿੱਚ ਇਹ ਕੇਸ ਸੈਸ਼ਨ ਅਦਾਲਤ ਵਿੱਚ ਜਾ ਸਕਦਾ ਹੈ। ਜਿੱਥੇ ਪਹਿਲਾਂ ਵੀ ਇਸ ਸਬੰਧੀ ਕੇਸ ਵਿਚਾਰ ਅਧੀਨ ਹੈ।
ਅਜਨਾਲਾ ਪੁਲੀਸ ਸਟੇਸ਼ਨ ਹਿੰਸਾ ਮਾਮਲੇ ਵਿੱਚ ਪਹਿਲਾਂ ਵੀ 40 ਤੋਂ ਵੱਧ ਵਿਅਕਤੀ ਗ੍ਰਿਫਤਾਰ ਹਨ ਅਤੇ ਇਸ ਕੇਸ ਦਾ ਸਾਹਮਣਾ ਕਰ ਰਹੇ ਹਨ।

ਦੱਸਣ ਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ਐੱਨਐੱਸਏ (ਕੌਮੀ ਸੁਰੱਖਿਆ ਐਕਟ) ਦੀ ਮਿਆਦ 22 ਅਪਰੈਲ ਨੂੰ ਖਤਮ ਹੋ ਚੁੱਕੀ ਹੈ। ਉਹ ਪਿਛਲੇ ਤਿੰਨ ਸਾਲ ਤੋਂ ਐੱਨਐੱਸਏ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ ਵਿੱਚ ਬੰਦ ਹੈ। ਐੱਨਐੱਸਏ ਖਤਮ ਹੋਣ ਤੋਂ ਬਾਅਦ ਵੀ ਪੰਜਾਬ ਸਰਕਾਰ ਵੱਲੋਂ ਉਸ ਨੂੰ ਪੰਜਾਬ ਤੋਂ ਬਾਹਰ ਰੱਖਣ ਦਾ ਫੈਸਲਾ ਕੀਤਾ ਗਿਆ ਹੈ।

ਐੱਨਐੱਸਏ ਦੀ ਮਿਆਦ ਖਤਮ ਹੋਣ ਤੋਂ ਬਾਅਦ 23 ਅਪਰੈਲ ਨੂੰ ਅੰਮ੍ਰਿਤਪਾਲ ਸਿੰਘ ਨੂੰ ਅਜਨਾਲਾ ਪੁਲੀਸ ਸਟੇਸ਼ਨ ਹਿੰਸਾ ਮਾਮਲੇ ਵਿੱਚ ਰਸਮੀ ਤੌਰ ਤੇ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਅਜਨਾਲਾ ਸਬ ਅਦਾਲਤ ਵਿੱਚ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕੀਤਾ ਗਿਆ ਸੀ। ਜਿੱਥੋਂ ਉਸ ਨੂੰ ਦੋ ਦਿਨਾਂ ਦੀ ਪੁਲੀਸ ਰਿਮਾਂਡ ਤੇ ਭੇਜਿਆ  ਸੀ। ਰਿਮਾਂਡ ਖਤਮ ਹੋਣ ਤੋਂ ਬਾਅਦ ਉਸ ਨੂੰ 30 ਅਪਰੈਲ ਤੱਕ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ।