
ਜਦੋਂ ਵੀ ਸਤੰਬਰ ਮਹੀਨਾ ਚੜਦਾ ਹੈ ਤਾਂ ਅਮਰੀਕਾ ਨੂੰ ਪਿਆਰ ਕਰਨ ਵਾਲੇ ਹਰ ਬਸ਼ਿੰਦੇ ਦੇ ਮਨ ਵਿਚ ਇਕ ਚੀਸ ਜਿਹੀ ਜ਼ਰੂਰ ਉੱਠਦੀ ਹੈ। ਅੱਜ ਤੋਂ 23 ਕੁ ਸਾਲ ਪਹਿਲਾਂ ਮੰਗਲਵਾਰ 11 ਸਤੰਬਰ 2001 ਦੀ ਸਵੇਰ ਆਤਮਘਾਤੀ ਹਮਲਾਵਰਾਂ ਨੇ ਅਮਰੀਕਾ ਦੇ ਦੋ ਯਾਤਰੀ ਜਹਾਜ਼ਾਂ ਨੂੰ ਅਗਵਾ ਕਰ ਲਿਆ ਅਤੇ ਨਿਊ ਯਾਰਕ ਦੀਆਂ ਦੋ ਅਸਮਾਨ ਛੂਹੰਦੀਆਂ ਇਮਾਰਤਾਂ ਵਿੱਚ ਲਿਜਾ ਮਾਰੇ। ਇਸ ਹਮਲੇ ’ਚ ਹਜ਼ਾਰਾਂ ਲੋਕਾਂ ਦੀ ਜਾਨ ਗਈ। ਇਨਾਂ ਹਮਲਿਆਂ ਨੂੰ ਨਾ ਸਿਰਫ਼ ਅਮਰੀਕਾ ਸਗੋਂ ਦੁਨੀਆਂ ਭਰ ਵਿੱਚ ਇਸ ਸਦੀ ਦੇ ਸਭ ਤੋਂ ਖੌਫ਼ਨਾਕ ਦਹਿਸ਼ਤਗਰਦ ਹਮਲਿਆਂ ਵਿੱਚ ਸ਼ੁਮਾਰ ਕੀਤਾ ਗਿਆ। ਅਗਵਾਕਾਰਾਂ ਦੇ ਇੱਕ ਛੋਟੇ ਸਮੂਹ ਨੇ ਪੱਛਮੀ ਅਮਰੀਕਾ ਵਿੱਚ ਉੱਡ ਰਹੇ ਚਾਰ ਯਾਤਰੀ ਜਹਾਜ਼ਾਂ ਨੂੰ ਹਾਈਜੈਕ ਕੀਤਾ। ਉਨਾਂ ਨੂੰ ਵੱਡੀਆਂ ਨਿਰਦੇਸ਼ਿਤ ਮਿਜ਼ਾਈਲਾਂ ਵਜੋਂ ਵਰਤਿਆ ਗਿਆ ਅਤੇ ਨਿਊਯਾਰਕ ਅਤੇ ਵਾਸ਼ਿੰਗਟਨ ਦੀਆਂ ਦੋ ਮਸ਼ਹੂਰ ਇਮਾਰਤਾਂ ਵਿੱਚ ਮਾਰਿਆ ਗਿਆ। ਦੋ ਜਹਾਜ਼ ਨਿਊਯਾਰਕ ਦੇ ਟਵਿਨ ਟਾਵਰਾਂ ਵਿੱਚ ਮਾਰੇ ਗਏ, ਜਿਨਾਂ ਨੂੰ ਵਰਲਡ ਟਰੇਡ ਸੈਂਟਰ ਕਿਹਾ ਜਾਂਦਾ ਸੀ। ਪਹਿਲਾ ਹਮਲਾ ਉੱਤਰੀ ਟਾਵਰ ’ਤੇ ਪੂਰਬੀ ਸਮੇਂ ਮੁਤਾਬਕ ਸਵੇਰੇ 08:46 ਵਜੇ (13:46 ਵਿਸਵੀ ਔਸਤ ਸਮਾਂ) ਅਤੇ ਦੂਜਾ ਜਹਾਜ਼ ਦੱਖਣੀ ਟਾਵਰ ਨਾਲ 09:03 ਵਜੇ ਟਕਰਾਇਆ। ਇਮਾਰਤਾਂ ਨੂੰ ਪਲਾਂ ਵਿੱਚ ਹੀ ਅੱਗ ਲੱਗ ਗਈ ਅਤੇ ਉੱਪਰਲੀਆਂ ਮੰਜ਼ਿਲਾਂ ਵਿੱਚ ਲੋਕ ਫਸ ਗਏ ਅਤੇ ਸ਼ਹਿਰ ਧੂੰਏਂ ਨਾਲ ਭਰ ਗਿਆ। ਇਸ ਮਗਰੋਂ 09:37 ਤੀਜਾ ਜਹਾਜ ਅਮਰੀਕੀ ਰੱਖਿਆ ਵਿਭਾਗ ਦੇ ਹੈੱਡਕੁਆਰਟਰ ਪੈਂਟਾਗਨ ਦੀ ਪੱਛਮੀ ਬਾਹੀ ਨਾਲ ਆ ਕੇ ਟਕਰਾਇਆ ਜੋ ਕਿ ਕੌਮੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਦੇ ਬਿਲਕੁਲ ਬਾਹਰ ਸੀ। ਇਸ ਮਗਰੋਂ ਚੌਥਾ ਜਹਾਜ਼ ਯਾਤਰੀਆਂ ਵੱਲੋਂ ਮੁਕਾਬਲਾ ਕੀਤੇ ਜਾਣ ਮਗਰੋਂ 10:03 ਵਜੇ ਪੈਨਸਲਵੇਨੀਆ ਦੇ ਇੱਕ ਖ਼ੇਤ ਵਿੱਚ ਹਾਦਸੇ ਦਾ ਸ਼ਿਕਾਰ ਹੋਇਆ। ਕਿਆਸ ਹਨ ਕਿ ਇਸ ਨੂੰ ਵਾਸ਼ਿੰਗਟਨ ਡੀ.ਸੀ. ਵਿੱਚ ਸਥਿਤ ਅਮਰੀਕਾ ਦੀ ਸੰਸਦ ਕੈਪੀਟਲ ਹਿੱਲ ਬਿਲਡਿੰਗ ਵਿੱਚ ਮਾਰਿਆ ਜਾਣਾ ਸੀ। ਕੁੱਲ ਮਿਲਾ ਕੇ ਇਸ ਹਮਲੇ ਵਿੱਚ 2,977 ਜਣਿਆਂ ਦੀ ਜਾਨ ਗਈ (ਇਸ ਗਿਣਤੀ ਵਿੱਚ 19 ਹਾਈਜੈਕਰ ਸ਼ਾਮਲ ਨਹੀਂ ਹਨ)। ਚਾਰਾਂ ਜਹਾਜ਼ਾਂ ਦੇ 246 ਯਾਤਰੀ ਅਤੇ ਕ੍ਰਊ ਮੈਂਬਰ, ਟਵਿਨ ਟਾਵਰਾਂ ਵਿੱਚ ਮੌਕੇ ’ਤੇ ਅਤੇ ਫ਼ਿਰ ਗੰਭੀਰ ਫੱਟੜ ਹੋਣ ਕਾਰਨ 2,606 ਲੋਕਾਂ ਦੀ ਮੌਤ ਹੋਈ। ਪੈਂਟਾਗਨ ਵਿੱਚ 125 ਜਣੇ ਮਾਰੇ ਗਏ। ਸਭ ਤੋਂ ਨਿੱਕੀ ਪੀੜਤ ਇੱਕ ਦੋ ਸਾਲ ਦੀ ਬੱਚੀ ਸੀ, ਜੋ ਕਿ ਆਪਣੇ ਮਾਪਿਆਂ ਨਾਲ ਇੱਕ ਜਹਾਜ਼ ਵਿੱਚ ਸਵਾਰ ਸੀ। ਸਭ ਤੋਂ ਬਜ਼ੁਰਗ ਪੀੜਤ ਇੱਕ 82 ਸਾਲਾ ਬਜ਼ੁਰਗ ਸਨ ਜੋ ਆਪਣੀ ਪਤਨੀ ਨਾਲ ਇੱਕ ਹੋਰ ਜਹਾਜ਼ ਵਿੱਚ ਇੱਕ ਵਿਆਹ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ। ਜਦੋਂ ਪਹਿਲਾਂ ਜਹਾਜ਼ ਟਕਰਾਇਆ ਤਾਂ ਅੰਦਾਜ਼ੇ ਮੁਤਾਬਕ 17,400 ਲੋਕ ਇਮਰਾਤ ਦੇ ਅੰਦਰ ਸਨ। ਉੱਤਰੀ ਟਾਵਰ ਵਿੱਚ ਟੱਕਰ ਵਾਲੀ ਥਾਂ ਤੋਂ ਉੱਪਰਲੀਆਂ ਮੰਜ਼ਿਲਾਂ ਵਿੱਚੋਂ ਕੋਈ ਨਹੀਂ ਬਚ ਸਕਿਆ ਪਰ ਦੱਖਣੀ ਟਾਵਰ ਵਿੱਚੋਂ 18 ਜਣੇ ਬਚਣ ਵਿੱਚ ਕਾਮਯਾਬ ਹੋ ਗਏ। ਮਰਨ ਵਾਲਿਆਂ ਵਿੱਚ 77 ਦੇਸ਼ਾਂ ਦੇ ਨਾਗਰਿਕ ਸ਼ਾਮਲ ਸਨ। ਹਜਾਰਾਂ ਲੋਕ ਫੱਟੜ ਹੋਏ ਜਾਂ ਬਾਅਦ ਵਿੱਚ ਹਮਲੇ ਨਾਲ ਜੁੜੀਆਂ ਬੀਮਾਰੀਆਂ ਵਿਕਸਿਤ ਹੋ ਗਈਆਂ। ਇਨਾਂ ਪੀੜਤਾਂ ਵਿੱਚ ਦਮਕਲ ਦੇ ਜਹਿਰੀਲੇ ਮਲਬੇ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਵੀ ਸ਼ਾਮਲ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਅਫ਼ਗਾਨਿਸਤਾਨ ਤੋਂ ਇੱਕ ਇਸਲਾਮਿਕ ਕੱਟੜਪੰਥੀ ਸਮੂਹ ਅਲ-ਕਾਇਦਾ ਨੇ ਲਈ। ਉਸਾਮਾ ਬਿਨ ਲਾਦੇਨ ਇਸ ਦੇ ਆਗੂ ਸਨ। ਉਨਾਂ ਦਾ ਇਲਜ਼ਾਮ ਸੀ ਕਿ ਮੁਸਲਿਮ ਦੁਨੀਆਂ ਵਿੱਚ ਜਾਰੀ ਤਣਾਅ ਲਈ ਅਮਰੀਕਾ ਜ਼ਿੰਮੇਵਾਰ ਹੈ। ਢਾਹੇ ਗਏ ਟਵਿਨ ਟਾਵਰਾਂ ਦੀ ਜਗਾ ’ਤੇ ਹੁਣ ਇੱਕ ਯਾਦਗਾਰ ਅਤੇ ਅਜਾਇਬਘਰ ਹੈ। ਇਮਾਰਤਾਂ ਦੀ ਮੁੜ ਉਸਾਰੀ ਕਰ ਦਿੱਤੀ ਗਈ ਹੈ। ਹੁਣ ਇਨਾਂ ਦੇ ਨਾਮ ਵਨ ਵਰਲਡ ਟਰੇਡ ਸੈਂਟਰ ਜਾਂ ਫਰੀਡਮ ਟਾਵਰ ਨਾਮ ਦਿੱਤੇ ਗਏ ਹਨ। ਹੁਣ ਇਨਾਂ ਦੀ ਉਚਾਈ ਪਹਿਲੇ ਟਾਵਰਾਂ ਨਾਲੋਂ ਵੀ ਵਧਾ ਦਿੱਤੀ ਗਈ ਹੈ ਪਰ ਇਸ ਦੇ ਬਾਵਜੂਦ ਵੀ ਇਸ ਹਮਲੇ ਦੇ ਜ਼ਖਮ ਅਜੇ ਵੀ ਨਾਸੂਰ ਬਣੇ ਹੋਏ ਹਨ। ਜਿਹਨਾਂ ਦੇ ਵੀ ਜੀਅ ਇਸ ਹਮਲੇ ਵਿਚ ਮਾਰੇ ਗਏ ਉਹਨਾਂ ਦੇ ਪਰਿਵਾਰਾਂ ਨੂੰ ਸਤੰਬਰ ਮਹੀਨਾ ਇਕ ’ਕਾਲ ਬਣ ਕੇ ਟੱਕਰਦਾ ਹੈ। ਅਮਰੀਕਾ ਇਕ ਸ਼ਕਤੀਸ਼ਾਲੀ ਮੁਲਕ ਕਹਾਉਂਦਾ ਹੈ ਪਰ ਇਹਨਾਂ ਹਮਲਿਆਂ ਨਾਲ ਅਮਰੀਕਾ ਦੀ ਸੁਰੱਖਿਆ ਪ੍ਰਣਾਲੀ ਉੱਤੇ ਵੀ ਉਂਗਲਾਂ ਉੱਠੀਆਂ ਪਰ ਉਸ ਤੋਂ ਬਾਅਦ ਅਮਰੀਕਾ ਨੇ ਅੱਤਵਾਦ ਦੁਆਲੇ ਅਜਿਹਾ ਸ਼ਿਕੰਜਾ ਕੱਸਿਆ ਕਿ ਲੱਕ ਹੀ ਤੋੜ ਦਿੱਤਾ। ਉਸ ਤੋਂ ਬਾਅਦ ਅਮਰੀਕਾ ਉੱਤੇ ਅਜਿਹਾ ਹਮਲਾ ਕਦੇ ਵੀ ਨਹੀਂ ਹੋਇਆ ਅਤੇ ਅਸੀਂ ਅਰਦਾਸ ਕਰਦੇ ਹਾਂ ਕਿ ਅਜਿਹਾ ਕਦੇ ਹੋਵੇ ਵੀ ਨਾ। ਅਸੀਂ 9/11 ਦੇ ਪੀੜਤਾਂ ਨੂੰ ਆਪਣੀ ਸ਼ਰਧਾਂਜਲੀ ਭੇਂਟ ਕਰਦੇ ਹੋਏ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ। ਆਮੀਨ!