ਭਾਜਪਾ ਨੇ ਮੱਧ ਪ੍ਰਦੇਸ਼ ’ਤੇ ਲੱਗਾ ਬਿਮਾਰੂ ਟੈਗ ਹਟਾਇਆ: ਸ਼ਾਹ

ਭਾਜਪਾ ਨੇ ਮੱਧ ਪ੍ਰਦੇਸ਼ ’ਤੇ ਲੱਗਾ ਬਿਮਾਰੂ ਟੈਗ ਹਟਾਇਆ: ਸ਼ਾਹ

ਭੋਪਾਲ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਦਾ 2003-2023 ਤੱਕ ਦਾ ਰਿਪੋਰਟ ਕਾਰਡ ਜਾਰੀ ਕਰਦਿਆਂ ਅੱਜ ਦਾਅਵਾ ਕੀਤਾ ਕਿ ਇਨ੍ਹਾਂ ਸਾਲਾਂ ’ਚ ਭਾਜਪਾ ਨੇ ਸੂਬੇ ’ਤੇ ਲੱਗਿਆ ‘ਬਿਮਾਰੂ ਸ਼੍ਰੇਣੀ’ (ਪੱਛੜੇਪਣ) ਦਾ ਟੈਗ ਕਾਮਯਾਬੀ ਨਾਲ ਹਟਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ‘ਬਿਮਾਰੂ ਰਾਜ’ ਕਾਂਗਰਸ ਦੇ ਕਾਰਜਕਾਲ ਦੀ ਵਿਰਾਸਤ ਸੀ। ਸ਼ਾਹ ਨੇ ਸੀਨੀਅਰ ਕਾਂਗਰਸ ਆਗੂ ਤੇ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਦਾ ਨਾਂ ਲਏ ਬਿਨਾਂ ਕਿਹਾ ਕਿ ਸੂਬੇ ’ਚ ਲੋਕਾਂ ਨੇ 2003 ’ਚ ‘ਮਿਸਟਰ ਬੰਟਾਧਾਰ’ ਦੀ ਸਰਕਾਰ ਨੂੰ ਹਟਾ ਕੇ ਇੱਕ ਇਤਿਹਾਸਕ ਫ਼ੈਸਲਾ ਲਿਆ ਸੀ।
ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਪਿਛਲੇ 20 ਸਾਲਾਂ ਅੰਦਰ ਸੂਬੇ ਨੂੰ ਵਿਕਸਿਤ ਕਰਨ ਤੇ ਆਤਮ ਨਿਰਭਰ ਬਣਾਉਣ ਦੀ ਨੀਂਹ ਰੱਖੀ। ਸ਼ਾਹ ਨੇ ਇਸ ਮੌਕੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਪਾਰਟੀ ਦੇ ਸੂਬਾ ਪ੍ਰਧਾਨ ਵੀਡੀ ਸ਼ਰਮਾ ਤੇ ਸੂਬੇ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਦੀ ਹਾਜ਼ਰੀ ’ਚ ਭਾਜਪਾ ਸਰਕਾਰ ਦਾ 20 ਸਾਲਾਂ ਦੀ ਕਾਰਗੁਜ਼ਾਰੀ ਦਾ ਰਿਪੋਰਟ ਕਾਰਡ ਵੀ ਜਾਰੀ ਕੀਤਾ। ਉਨ੍ਹਾਂ ਵਿਰੋਧੀ ਧਿਰ ਕਾਂਗਰਸ ਨੂੰ ਸੂਬੇ ’ਚ ਆਪਣੇ ਪੰਜ ਦਹਾਕਿਆਂ ਦੇ ਕਾਰਜਕਾਲ ਦਾ ਰਿਪੋਰਟ ਕਾਰਡ ਦੇਣ ਲਈ ਵੀ ਕਿਹਾ। ਮੱਧ ਪ੍ਰਦੇਸ਼ ’ਚ ਇਸ ਸਾਲ ਦੇ ਅਖੀਰ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਸ਼ਾਹ ਨੇ ਇਹ ਭਰੋਸਾ ਵੀ ਪ੍ਰਗਟਾਇਆ ਕਿ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਸੂਬੇ ਦੀਆਂ ਸਾਰੀਆਂ 29 ਸੀਟਾਂ ’ਤੇ ਚੋਣ ਜਿੱਤੇਗੀ। ਸ਼ਾਹ ਨੇ ਪਰਿਵਾਰਵਾਦ ਦੀ ਰਾਜਨੀਤੀ ਨੂੰ ਜ਼ਹਿਰ ਕਰਾਰ ਦਿੰਦਿਆਂ ਕਿਹਾ ਕਿ ਇਸ ਪ੍ਰਬੰਧ ਹੇਠ ਕਿਸੇ ਪਾਰਟੀ ਤੇ ਉਸ ਦੀ ਅਗਵਾਈ ਹੇਠਲੀ ਸਰਕਾਰ ’ਤੇ ਇੱਕ ਹੀ ਪਰਿਵਾਰ ਦਾ ਕਬਜ਼ਾ ਰਹਿੰਦਾ ਹੈ। ਸ਼ਾਹ ਨੇ ਸਮਾਜਵਾਦੀ ਪਾਰਟੀ, ਕਾਂਗਰਸ, ਡੀਐੱਮਕੇ ਤੇ ਸ਼ਿਵ ਸੈਨਾ (ਯੂਬੀਟੀ) ’ਤੇ ਪਰਿਵਾਰਵਾਦ ਦੀ ਰਾਜਨੀਤੀ ’ਚ ਸ਼ਾਮਲ ਹੋਣ ਦਾ ਦੋਸ਼ ਲਾਇਆ।
ਕਾਂਗਰਸ ਨੇ ਮੱਧ ਪ੍ਰਦੇਸ਼ ਨੂੰ ਨਾਕਾਮ ਸੂਬਾ ਦੱਸਿਆ
ਭੋਪਾਲ: ਅਮਿਤ ਸ਼ਾਹ ਵੱਲੋਂ ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਦਾ ਰਿਪੋਰਟ ਕਾਰਡ ਜਾਰੀ ਕੀਤੇ ਜਾਣ ਮਗਰੋਂ ਕਾਂਗਰਸ ਨੇ ਦਾਅਵਾ ਕੀਤਾ ਕਿ ਮੱਧ ਪ੍ਰਦੇਸ਼ ਅੱਜ ਪੂਰੀ ਤਰ੍ਹਾਂ ਨਾਕਾਮ ਸੂਬਾ ਬਣ ਚੁੱਕਾ ਹੈ। ਕਾਂਗਰਸ ਦੇ ਰਾਜ ਸਭਾ ਮੈਂਬਰ ਵਿਵੇਕ ਤਨਖਾ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਹੇਠ ਮੱਧ ਪ੍ਰਦੇਸ਼ ਇੱਕ ਨਾਕਾਮ ਸੂਬਾ ਬਣ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਗੁੱਠੇ ਲਗਾ ਕੇ ਸ਼ਾਹ ਹਾਕਮ ਪਾਰਟੀ ਲਈ ਚੋਣ ਮੁਹਿੰਮ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਾਹ ਨੂੰ ਮੁੱਖ ਮੰਤਰੀ ਚੌਹਾਨ ’ਤੇ ਭਰੋਸਾ ਨਹੀਂ ਹੈ। ਇਸੇ ਲਈ ਉਹ ਖੁਦ ਹੀ ਰਿਪੋਰਟ ਕਾਰਡ ਪੇਸ਼ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਸਰਕਾਰ ਸਿਹਤ, ਸਿੱਖਿਆ ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਸਮੇਤ ਹਰ ਫਰੰਟ ’ਤੇ ਫੇਲ੍ਹ ਸਾਬਤ ਹੋਈ ਹੈ।