
ਪਟਿਆਲਾ-ਨਸ਼ਾ ਤਸਕਰੀ ਸਬੰਧੀ ਦੋ ਸਾਲ ਪਹਿਲਾਂ ਦਰਜ ਹੋਏ ਇੱਕ ਕੇਸ ਦਾ ਸਾਹਮਣਾ ਕਰ ਰਹੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਅੱਜ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠਲੀ ‘ਸਪੈਸ਼ਲ ਇਨਵੈਸਟੀਗੇਸ਼ਨ ਟੀਮ’ (ਸਿਟ) ਵੱਲੋਂ ਇੱਥੇ ਆਈਜੀ ਦਫਤਰ ਵਿੱਚ ਲਗਾਤਾਰ ਸੱਤ ਘੰਟੇ ਪੁੱਛ-ਪੜਤਾਲ ਕੀਤੀ ਗਈ। ਸੂਤਰਾਂ ਮੁਤਾਬਕ ਮੀਜੀਠੀਆ ਕੋਲੋਂ 43 ਮੁੱਖ ਸਵਾਲਾਂ ਤੋਂ ਇਲਾਵਾ ਕੁਝ ਹੋਰ ਸਵਾਲ ਵੀ ਪੁੱਛੇ ਗਏ। ਇਸ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਲੜਾਈ ਜਾਰੀ ਰੱਖਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਹੁਣ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਉਹ ਪਿੱਛੇ ਨਹੀਂ ਹਟਣਗੇ। ਮਜੀਠੀਆ ਨੇ ਕਿਹਾ ਕਿ ਉਨ੍ਹਾਂ ਦਾ ਮੂੰਹ ਬੰਦ ਕਰਵਾਉਣ ਦਾ ਇੱਕੋ-ਇੱਕ ਰਸਤਾ ਜੇਲ੍ਹ ਵਿੱਚ ਭੇਜਣਾ ਹੈ। ਪਰ ਭਗਵੰਤ ਮਾਨ ਉਨ੍ਹਾਂ ਨੂੰ ਜੇਲ੍ਹ ’ਚ ਵੀ ਬਹੁਤਾ ਚਿਰ ਨਹੀਂ ਰੱਖ ਸਕਣਗੇ ਕਿਉਂਕਿ ਕਾਨੂੰਨ ਅਤੇ ਪ੍ਰਮਾਤਮਾ ਨਾਮ ਦੀ ਵੀ ਕੋਈ ਚੀਜ਼ ਹੈ, ਜਿਨ੍ਹਾਂ ’ਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ। ਅਕਾਲੀ ਆਗੂ ਨੇ ਕਿਹਾ ਕਿ ਉਹ ਹੁਣ ਆਰ-ਪਾਰ ਦੀ ਲੜਾਈ ਲੜਨਗੇ। ਇਸ ਕੇਸ ਨੂੰ ਸਿਆਸੀ ਕਿੜ ਦਾ ਨਾਮ ਦਿੰਦਿਆਂ ਮਜੀਠੀਆ ਨੇ ਕਿਹਾ ਕਿ ਅਸਲ ’ਚ ਮੁੱਖ ਮੰਤਰੀ ਨੂੰ ਉਨ੍ਹਾਂ ਦੀ ਧੀ ਦੇ ਹੱੱਕ ’ਚ ਬੋਲਣਾ ਪਸੰਦ ਨਹੀਂ ਆਇਆ ਤੇ ਅਗਲੇ ਦਿਨ ਹੀ ਸੰਮਨ ਭਿਜਵਾ ਦਿੱਤੇ। ਉਨ੍ਹਾਂ ਕਿਹਾ ਕਿ ਇਹ ਉਹੀ ਕੇਸ ਹੈ, ਜਿਸ ਸਬੰਧੀ ਕੇਜਰੀਵਾਲ ਉਨ੍ਹਾਂ ਕੋਲੋਂ ਮੁਆਫੀ ਮੰਗ ਚੁੱਕੇ ਹਨ। ਮਜੀਠੀਆ ਨੇ ਕਿਹਾ ਕਿ ਇਸ ਸਿਟ ਦੇ ਮੁਖੀ ਮੁਖਵਿੰੰਦਰ ਛੀਨਾ 31 ਦਸੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਹੁਣ ਮੁੱਖ ਮੰਤਰੀ ਨੂੰ ਸਿਟ ਦਾ ਅਗਲਾ ਮੁਖੀ ਖੁਦ ਬਣ ਜਾਣਾ ਚਾਹੀਦਾ ਹੈ ਤਾਂ ਜੋ ਅਧਿਕਾਰੀਆਂ ਰਾਹੀਂ ਸਵਾਲ ਪੁੱਛਣ ਦੀ ਜਗ੍ਹਾ ਉਹ ਸਾਹਮਣੇ ਬੈਠ ਕੇ ਖੁਦ ਹੀ ਸਵਾਲ ਪੁੱਛ ਲੈਣ। ਇਸ ਦੇ ਨਾਲ ਹੀ ਉਹ ਆਪਣੇ ਓਐੱਸਡੀ ਰਾਜਵੀਰ ਘਰਾਚੋਂ ਤੇ ਸੁਖਬੀਰ ਖਰਾਚੋਂ ਤੋਂ ਇਲਾਵਾ ਮੀਡੀਆ ਸਲਾਹਕਾਰ ਬਲਤੇਜ ਪੰਨੂ ਨੂੰ ਵੀ ਮੈਂਬਰਾਂ ਵਜੋਂ ਸਿਟ ’ਚ ਸ਼ਾਮਲ ਕਰ ਲੈਣ। ਜਾਣਕਾਰੀ ਅਨੁਸਾਰ ਮਜੀਠੀਆ 12 ਵਜੇ ਸਿਟ ਕੋਲ ਆਈਜੀ ਦਫਤਰ ਪੁੱਜੇ ਅਤੇ ਸ਼ਾਮ ਸਵਾ ਸੱਤ ਵਜੇ ਦੇ ਕਰੀਬ ਬਾਹਰ ਆਏ। ਗੱਡੀ ’ਚ ਉਨ੍ਹਾਂ ਦੇ ਨਾਲ ਆਈਜੀ ਦਫਤਰ ਪੁੱਜੇ ਸਾਬਕਾ ਮੰਤਰੀ ਸੁਰਜੀਤ ਰੱਖੜਾ, ਦਲਜੀਤ ਚੀਮਾ ਅਤੇ ਸਾਬਕਾ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੂੰ ਵੱਖਰੇ ਕਮਰੇ ’ਚ ਬਿਠਾਇਆ ਗਿਆ ਪਰ ਵਕੀਲਾਂ ਵਜੋਂ ਅਰਸ਼ਦੀਪ ਕਲੇਰ ਸਮੇਤ ਦੋ ਜਣੇ ਪੁੱਛ-ਪੜਤਾਲ ਵਾਲੇ ਕਮਰੇ ’ਚ ਮੌਜੂਦ ਰਹੇ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸਾਬਕਾ ਵਿਧਾਇਕ ਬੋਨੀ ਅਜਨਾਲਾ, ਬਿੱਟੂ ਔਲਖ ਅਤੇ ਜਗਜੀਤ ਸਿੰਘ ਚਾਹਲ ਨੂੰ ਵੀ ਸਿਟ ਨੇ ਗਵਾਹਾਂ ਵਜੋਂ ਸੱਦਿਆ ਸੀ। ਅਕਾਲੀ ਆਗੂ ਪ੍ਰ੍ਰੇਮ ਸਿੰਘ ਚੰਦੂਮਾਜਰਾ ਤੇ ਸੁਰਜੀਤ ਰੱਖੜਾ ਨੇ ਕਿਹਾ ਕਿ ਸਰਕਾਰ ਧੱਕੇਸ਼ਾਹੀਆਂ ਖ਼ਿਲਾਫ਼ ਬੋਲਣ ਵਾਲਿਆਂ ਦੀ ਆਵਾਜ਼ ਬੰਦ ਕਰ ਕੇ ਜਮਹੂਰੀਅਤ ਦਾ ਘਾਣ ਕਰ ਰਹੀ ਹੈ।