ਅਕਾਲੀ ਦਲ ਵਾਰਿਸ ਪੰਜਾਬ ਦੇ ਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਗੜਜੋੜ ’ਤੇ ਲੱਗਿਆ ਵਿਰਾਮ ਚਿੰਨ!

ਅਕਾਲੀ ਦਲ ਵਾਰਿਸ ਪੰਜਾਬ ਦੇ ਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਗੜਜੋੜ ’ਤੇ ਲੱਗਿਆ ਵਿਰਾਮ ਚਿੰਨ!

ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਆਪਣੇ 2007-2017 ਤੱਕ ਦੇ ਕਾਰਜਕੌਲ ਦੋਰਾਨ ਲੋਕ ਆਧਾਰ ਗੁਆ ਲਿਆ ਸੀ ਜੋ ਅੱਜ ਤੱਕ ਉਸਦੇ ਹੱਥ ਮੁੜ ਕੇ ਨਹੀਂ ਆਇਆ। ਇਸ ਦਸ ਸਾਲ ਦੇ ਰਾਜਕਾਲ ਦੌਰਾਨ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਫਰਜ਼ੰਦ ਸੁਖਬੀਰ ਸਿੰਘ ਬਾਦਲ ਅਤੇ ਉਸਦੇ ਸਾਲਾ ਸਾਹਿਬ ਬਿਕਰਮਜੀਤ ਸਿੰਘ ਮਜੀਠੀਆ ਨੇ ਜੋ ਮਨਆਈਆਂ ਕੀਤੀਆਂ ਉਨਾਂ ਨੇ ਲੋਕਾਂ ਦੇ ਨੱਕ ਵਿਚ ਦਮ ਕਰ ਦਿੱਤਾ ਸੀ ਜਿਨਾਂ ਨੂੰ ਲੋਕ ਅੱਜ ਤੱਕ ਭੁੱਲ ਨਹੀਂ ਸਕੇ। ਇਸੇ ਕਾਰਨ ਅਕਾਲੀ ਦਲ ਨੂੰ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਹਾਰਾਂ ਦਾ ਸਾਹਮਣਾ ਕਰਨਾ ਪਿਆ। ਖੈਰ! ਇਹ ਇਕ ਵੱਖਰਾ ਵਿਸ਼ਾ ਹੈ, ਪਰ ਇਸ ਵਿਸ਼ੇ ਨੂੰ ਤਾਂ ਛੇੜਿਆ ਗਿਆ ਕਿਉਂਕਿ ਇਹ ਅੱਜ ਦੇ ਸੰਪਾਦਕੀ ਲੇਖ ਨਾਲ ਰਾਬਤਾ ਰੱਖਦਾ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਕਿਸੇ ਵੇਲੇ ਪੰਜਾਬੀਆਂ ਦੀ ਮਾਂ ਪਾਰਟੀ ਅਖਵਾਉਂਦਾ ਸੀ, ਪਰ ਸਿਆਣਿਆਂ ਦੀ ਇਕ ਕਹਾਵਤ ਹੈ ‘ਇਕ ਮਾਂ ਮਾਂ, ਇਕ ਮਾਂ ਡੈਣ’ ਭਾਵ ਸਾਰੀਆਂ ਹੀ ਮਾਵਾਂ ਚੰਗੀਆਂ ਨਹੀਂ ਹੁੰਦੀਆਂ ਕਈ ਡੈਣਾ ਦਾ ਰੋਲ ਵੀ ਨਿਭਾਅ ਜਾਂਦੀਆਂ ਹਨ। ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਵੀ ਪੰਜਾਬੀਆਂ ਨਾਲ ਡੈਣ ਮਾਂ ਵਾਲਾ ਰੋਲ ਨਿਭਾਇਆ ਜਿਸ ਕਾਰਨ ਪੰਜਾਬੀਆਂ ਨੇ ਉਸ ਤੋਂ ਮੂੰਹ ਤਾਂ ਫੇਰ ਲਿਆ ਪਰ ਉਹਨਾਂ ਦਾ ਦਿਲ ਫਿਰ ਵੀ ‘ਅਕਾਲੀ’ ਸ਼ਬਦ ਨਾਲ ਜੁੜਿਆ ਹੋਇਆ ਸੀ। ਇਸੇ ਸੋਚ ਵਿਚੋਂ ਦੋ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦਾ ਜਨਮ ਹੋਇਆ। ਹੁਣ ਇਹ ਤਾਂ ਆਮ ਵਿਅਕਤੀ ਵੀ ਸਮਝ ਸਕਦਾ ਹੈ ਕਿ ਜਿੰਨੇ ਅਕਾਲੀ ਦਲ ਜ਼ਿਆਦਾ ਬਣਨਗੇ ਉੰਨਾ ਹੀ ਸਿੱਖ ਵਿਰੋਧੀ ਸ਼ਕਤੀਆਂ ਨੂੰ ਫਾਇਦਾ ਮਿਲੇਗਾ। ਇਹ ਦੋਵੇਂ ਪਾਰਟੀਆਂ ਦਾ ਅਜੇ ਸੁਰੂਆਤੀ ਦੌਰ ਹੈ, ਅਕਾਲੀ ਦਲ ਪੁਨਰ ਸੁਰਜੀਤ ਦੀ ਅਜੇ ਕੋਈ ਪ੍ਰਾਪਤੀ ਨਹੀਂ ਹੈ ਪਰ ਅਕਾਲੀ ਦਲ ਵਾਰਿਸ ਪੰਜਾਬ ਦੇ ਭਾਈ ਅੰਮਿ੍ਰਤਪਾਲ ਸਿੰਘ ਖਾਲਸਾ ਦੇ ਰੂਪ ’ਚ ਇਕ ਲੋਕ ਸਭਾ ਦੀ ਸੀਟ ਹੈ। ਭਾਵ ਪੰਜਾਬ ਦੀ ਸਿਆਸੀ ਧਰਾਤਲ ’ਤੇ ਅਜੇ ਦੋਵਾਂ ਪਾਰਟੀਆਂ ਕੋਲ ਜੇਤੂ ਸਮਰੱਥਾ ਨਹੀਂ ਹੈ ਪਰ ਫਿਰ ਵੀ ਇਹਨਾਂ ਵਿਚ ਵਿਵਾਦ ਉਹ ਖੜੇ ਹੋ ਗਏ ਜਿਹੜੇ ਵੱਡੀਆਂ ਪਾਰਟੀਆਂ ਵਿਚ ਆਮ ਦੇਖਣ ਨੂੰ ਮਿਲਦੇ ਹਨ। 
ਪੰਜਾਬ ’ਚ ਵਿਧਾਨ ਸਭਾ ਚੋਣਾਂ 2027 ਦੀ ਸ਼ੁਰੂਆਤ ਵਿਚ ਆ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿਰੋਧੀ ਇਹਨਾਂ ਦੋਵਾਂ ਦਲਾਂ ਵਿਚ ਏਕਤਾ ਦੇ ਆਸਾਰ ਬਣ ਰਹੇ ਸਨ ਪਰ ਹੁਣ ਇਸ ਪ੍ਰਕਿ੍ਰਰਿਆ ਉੱਤੇ ਵਿਰਾਮ ਚਿੰਨ ਲੱਗਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਮੀਡੀਆ ਅਨੁਸਾਰ ਭਾਈ ਅੰਮਿ੍ਰਤਪਾਲ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਅਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ ‘ਪੁਨਰ ਸੁਰਜੀਤ’ ਦਰਮਿਆਨ ਆਉਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਥਕ ਏਕਤਾ ਲਈ ਚੋਣ ਗਠਜੋੜ ਕਰਨ ਹਿਤ ਕਰੀਬ ਇਕ ਮਹੀਨਾ ਪਹਿਲਾਂ ਹੀ ਗਠਤ ਕੀਤੀ ਗਈ ਸਾਂਝੀ 8 ਮੈਂਬਰੀ ‘ਪੰਥਕ ਏਕਤਾ ਤਾਲਮੇਲ ਕਮੇਟੀ’ ਦਾ ਤਾਲਮੇਲ ਸ਼ੁਰੂ ਵਿਚ ਹੀ ‘ਖ਼ਤਮ’ ਹੋ ਜਾਣ ਦੀ ਸੂਚਨਾ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੋਵਾਂ ਪਾਰਟੀਆਂ ਵਿਚ ਚੰਗਾ ਅਸਰ ਰਸੂਖ ਰੱਖਣ ਵਾਲੇ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਅਗਵਾਈ ਵਿਚ ਦੋਵਾਂ ਪਾਰਟੀਆਂ ਵਲੋਂ ਗਠਿਤ ਕੀਤੀ ਗਈ। ਅੱਠ ਮੈਂਬਰੀ ਪੰਥਕ ਏਕਤਾ ਤਾਲਮੇਲ ਕਮੇਟੀ ਵਲੋਂ ਲਗਾਤਾਰ ਕਈ ਮੀਟਿੰਗਾਂ ਅਤੇ ਵਿਚਾਰ-ਵਟਾਂਦਰੇ ਕੀਤੇ ਗਏ, ਪਰ ਕੁਝ ਮੂਲ ਅਤੇ ਅਹਿਮ ਸਿਧਾਂਤਕ ਮੁੱਦਿਆਂ ’ਤੇ ਸਹਿਮਤੀ ਨਾ ਬਣ ਸਕਣ ਕਾਰਨ ਇਹ ਤਾਲਮੇਲ ਹੁਣ ਖ਼ਤਮ ਹੋ ਗਿਆ ਹੈ। ਇਸ ਦਾ ਮੁੱਖ ਕਾਰਨ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਨੈਤਿਕ ਆਧਾਰ ਗੁਆ ਚੁੱਕੇ ਕੁਝ ਪੰਥਕ ਆਗੂਆਂ ਨੂੰ ਪਾਰਟੀ ਵਿਚ ਅੱਗੇ ਲਿਆਉਣਾ ਦੱਸਿਆ ਜਾ ਰਿਹਾ ਹੈ। ਚੋਣ ਗਠਜੋੜ ਲਈ ਬਣੀ ਅੱਠ ਮੈਂਬਰੀ ਪੰਥਕ ਏਕਤਾ ਤਾਲਮੇਲ ਕਮੇਟੀ ਦੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਲੋਂ ਚਾਰ ਮੈਂਬਰੀ ਪੰਥਕ ਏਕਤਾ ਤਾਲਮੇਲ ਕਮੇਟੀ ਦੇ ਮੈਂਬਰਾਂ, ਬਾਬੂ ਸਿੰਘ ਬਰਾੜ, ਭਾਈ ਪਰਮਜੀਤ ਸਿੰਘ ਜੌਹਲ, ਭਾਈ ਪ੍ਰਗਟ ਸਿੰਘ ਰਈਆ ਤੇ ਭਾਈ ਰਛਪਾਲ ਸਿੰਘ ਸੋਸਣ ਵਲੋਂ ਪਾਰਟੀ ਦੇ ਮੀਡੀਆ ਸਲਾਹਕਾਰ ਸ਼ਮਸ਼ੇਰ ਸਿੰਘ ਪੱਧਰੀ ਦੁਆਰਾ ਜਾਰੀ ਕੀਤੇ ਬਿਆਨ ਵਿਚ ਕਿਹਾ ਹੈ ਕਿ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਦੀ ਸਪੱਸ਼ਟ ਭਾਵਨਾ ਹੈ ਕਿ ਪੰਥ ਤੇ ਪੰਜਾਬ ਦੀ ਅਗਵਾਈ ਸਿਰਫ ਉਹੀ ਆਗੂ ਕਰਨ ਜੋ ਪੰਥ ਪ੍ਰਵਾਨਿਤ, ਇਮਾਨਦਾਰ ਤੇ ਸਾਫ਼-ਸੁਥਰੇ ਅਕਸ ਵਾਲੇ ਹੋਣ। ਉਨਾਂ ਕਿਹਾ ਕਿ ‘ਪੰਥਕ ਏਕਤਾ ਤਾਲਮੇਲ ਕਮੇਟੀ’ ਦੇ ਗਠਨ ਤੋਂ ਪਹਿਲਾਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ ਨੂੰ ਜਾਰੀ ਹੋਏ ਹੁਕਮਨਾਮੇ ਦੀ ਰੌਸ਼ਨੀ ਵਿਚ ਇਹ ਆਪਸੀ ਸਹਿਮਤੀ ਬਣੀ ਸੀ ਕਿ ਜਿਹੜੇ ਆਗੂ ‘ਪੰਥ ਦੀ ਅਗਵਾਈ ਕਰਨ ਦਾ ਨੈਤਿਕ ਆਧਾਰ ਗੁਆ ਚੁੱਕੇ ਹਨ’, ਉਨਾਂ ਨੂੰ ਅਗਵਾਈ ਤੋਂ ਪਾਸੇ ਕੀਤਾ ਜਾਵੇਗਾ, ਪ੍ਰੰਤੂ ਦੂਜੀ ਧਿਰ ਅਕਾਲੀ ਦਲ ‘ਪੁਨਰ ਸੁਰਜੀਤ’ ਵਲੋਂ ਨਾ ਸਿਰਫ ਅਜਿਹੇ ਆਗੂਆਂ ਨੂੰ ਸਨਮਾਨਿਤ ਅਹੁਦੇ ਦਿੱਤੇ ਗਏ, ਸਗੋਂ ਉਨਾਂ ਨੂੰ ਅਗਵਾਈ ਦੀ ਕਮਾਨ ਵੀ ਸੌਂਪੀ ਗਈ, ਜੋ ਪੰਥਕ ਏਕਤਾ ਦੀ ਭਾਵਨਾ ਤੇ ਸੰਗਤਾਂ ਦੀਆਂ ਉਮੀਦਾਂ ਦੇ ਉਲਟ ਹੈ। ਉਨਾਂ ਦੋਸ਼ ਲਾਇਆ ਕਿ ਦੂਜੀ ਧਿਰ ਦੀ ਲੀਡਰਸ਼ਿਪ ਵਲੋਂ ਲਗਾਤਾਰ ਗ਼ੈਰ-ਜਿੰਮੇਵਾਰਾਨਾ ਬਿਆਨਬਾਜ਼ੀ ਕੀਤੀ ਜਾ ਰਹੀ ਸੀ, ਜਿਸ ਨਾਲ ਗਠਜੋੜ ਦੀ ਬੁਨਿਆਦ ਹੀ ਕਮਜ਼ੋਰ ਹੋ ਰਹੀ ਸੀ। ਇਸ ਸਥਿਤੀ ਨੂੰ ਵੇਖਦਿਆਂ ਅਤੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਸੀਨੀਅਰ ਲੀਡਰਸ਼ਿਪ ਵਲੋਂ ਰਾਇ-ਮਸ਼ਵਰਾ ਕਰਨ ਉਪਰੰਤ ਇਹ ਫੈਸਲਾ ਲਿਆ ਗਿਆ ਹੈ। ਤਾਲਮੇਲ ਕਮੇਟੀ ਮੈਂਬਰਾਂ ਨੇ ਇਹ ਵੀ ਕਿਹਾ ਕਿ ਦੂਜੀ ਧਿਰ ਵਿਚ ਮੌਜੂਦ ਕਈ ਸੁਹਿਰਦ, ਪੰਥਕ ਸੋਚ ਵਾਲੇ ਤੇ ਸਾਫ ਅਕਸ ਦੇ ਆਗੂਆਂ ਨੇ ਇਸ ਗਠਜੋੜ ਨੂੰ ਸਫ਼ਲ ਬਣਾਉਣ ਲਈ ਇਮਾਨਦਾਰ ਕੋਸ਼ਿਸ਼ਾਂ ਕੀਤੀਆਂ, ਪਰ ਮੌਜੂਦਾ ਹਾਲਾਤਾਂ ਵਿਚ ਉਹ ਖ਼ੁਦ ਵੀ ਬੇਵੱਸ ਨਜ਼ਰ ਆ ਰਹੇ ਹਨ। ਉਨਾਂ ਸਪੱਸ਼ਟ ਕੀਤਾ ਕਿ ਪੰਥ ਪ੍ਰਵਾਨਿਤ, ਇਮਾਨਦਾਰ ਅਤੇ ਸੁਹਿਰਦ ਆਗੂਆਂ ਲਈ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਦਰਵਾਜ਼ੇ ਹਮੇਸ਼ਾਂ ਖੁੱਲੇ ਰਹਿਣਗੇ ਅਤੇ ਪੰਥ ਤੇ ਪੰਜਾਬ ਦੀ ਚੜਦੀ ਕਲਾ ਲਈ ਸਾਫ਼-ਸੁਥਰੀ ਪੰਥਕ ਸਿਆਸਤ ਦਾ ਸੰਘਰਸ਼ ਜਾਰੀ ਰਹੇਗਾ। ਇੱਥੇ ਜ਼ਿਕਰਯੋਗ ਹੈ ਕਿ ਇਕ ਮਹੀਨਾ ਪਹਿਲਾਂ 18 ਅਪ੍ਰੈਲ ਨੂੰ ਜਲੰਧਰ ਵਿਖੇ ਹੋਈ ਇਕੱਤਰਤਾ ਦੌਰਾਨ ਦੋਵਾਂ ਪੰਥਕ ਪਾਰਟੀਆਂ ਦਰਮਿਆਨ ਚੋਣਾਂ ਤੋਂ ਪਹਿਲਾਂ ਸਿਆਸੀ ਗਠਜੋੜ ਹੋਣ ਦੀ ਸੰਭਾਵਨਾ ਨੇ ਸਿਆਸੀ ਗਲਿਆਰਿਆਂ ਵਿਚ ਚਰਚਾ ਛੇੜ ਦਿੱਤੀ ਸੀ ਤੇ ਸਮਝਿਆ ਜਾਂਦਾ ਸੀ ਕਿ ਜਲਦੀ ਹੀ ਦੋਵਾਂ ਪੰਥਕ ਪਾਰਟੀਆਂ ਦੇ ਸਿਆਸੀ ਗਠਜੋੜ ਵਿਚ ਹੋਰ ਕਈ ਪੰਥਕ ਪਾਰਟੀਆਂ ਵੀ ਸ਼ਾਮਿਲ ਹੋ ਸਕਦੀਆਂ ਹਨ। ਪਰ ਅੱਜ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਸਿਆਸੀ ਗਠਜੋੜ ਦੀਆਂ ਸੰਭਾਵਨਾਵਾਂ ਨੂੰ ਫ਼ਿਲਹਾਲ ਖ਼ਤਮ ਕਰਦਿਆਂ ਪੰਥਕ ਏਕਤਾ ਤਾਲਮੇਲ ਕਮੇਟੀ ਨੂੰ ਰੱਦ ਕਰ ਦਿੱਤਾ ਗਿਆ ਹੈ।
ਇਸ ਖਬਰ ਨਾਲ ਪੰਥਕ ਹਲਕਿਆਂ ’ਚ ਨਿਰਾਸ਼ਾ ਜ਼ਰੂਰ ਫੈਲੀ ਹੈ ਕਿਉਂਕਿ ਪੰਥਕ ਸੋਚ ਵਾਲੇ ਲੋਕ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਪੰਥਕ ਸਿਆਸਤ ਵਿਚੋਂ ਛੁਟਕਾਰਾ ਚਾਹੁੰਦੇ ਹਨ। ਪਰ ਇਸ ਗਠਜੋੜ ਦੀ ਵਾਰਤਾ ਟੱੁਟਣ ਕਾਰਨ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਹੁੰਗਾਰਾ ਜ਼ਰੂਰ ਮਿਲੇਗਾ ਕਿਉਂਕਿ ਇਸ ਗਠਜੋੜ ਦਾ ਸਭ ਤੋਂ ਵੱਡਾ ਨੁਕਸਾਨ ਬਾਦਲ ਦਲ ਨੂੰ ਹੀ ਹੋਣਾ ਸੀ। ਇਹ ਇਕ ਸਚਾਈ ਹੈ ਕਿ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਤੇ ਅਕਾਲੀ ਦਲ ‘ਪੁਨਰ ਸੁਰਜੀਤ’ ਅਜੇ ਆਪਣੇ ਸ਼ੁਰੂਆਤੀ ਦੌਰ ਵਿਚ ਹਨ, ਇਹੋ ਜਿਹੇ ਦੌਰ ’ਚ ਨਿਕੀਆਂ ਮੋਟੀਆਂ ਨਰਾਜ਼ਗੀਆਂ ਨੂੰ ਇਕ ਪਾਸੇ ਰੱਖ ਕੇ ਅੱਗੇ ਵਧਣ ਦੀ ਲੋੜ ਹੁੰਦੀ ਹੈ, ਕਈ ਵਾਰ ਗਲਤ ਫੈਸਲੇ ਹੋਂਦ ਲਈ ਖਤਰਾ ਵੀ ਬਣ ਜਾਂਦੇ ਹਨ। ਇਸ ਬਾਰੇ ਪੰਥ ਦੇ ਨਵੇਂ ਆਗੂਆਂ ਨੇ ਸੋਚਣਾ ਹੈ, ਪਰ ਉਹਨਾਂ ਇਸ ਫੈਸਲੇ ਨਾਲ ਪੰਥ ਨੂੰ ਨਿਰਾਸ਼ਾ ਜ਼ਰੂਰ ਹੋਈ ਹੈ। ਆਮੀਨ!