ਸ਼ਰਧਾਲੂਆਂ ਨਾਲ ਭਰਿਆ ਕੈਂਟਰ ਪਲਟਣ ਕਾਰਨ ਬੱਚੀ ਸਣੇ ਤਿੰਨ ਹਲਾਕ

ਸ਼ਰਧਾਲੂਆਂ ਨਾਲ ਭਰਿਆ ਕੈਂਟਰ ਪਲਟਣ ਕਾਰਨ ਬੱਚੀ ਸਣੇ ਤਿੰਨ ਹਲਾਕ

ਗੜ੍ਹਸ਼ੰਕਰ, -ਖੁਰਾਲਗੜ੍ਹ ਸਾਹਿਬ ਮੱਥਾ ਟੇਕ ਕੇ ਪਰਤ ਰਹੇ ਸ਼ਰਧਾਲੂਆਂ ਨਾਲ ਭਰਿਆ ਕੈਂਟਰ ਨੈਣਵਾਂ ਵਿੱਚ ਪਲਟ ਗਿਆ ਜਿਸ ਕਾਰਨ ਇੱਕ ਬੱਚੀ ਸਣੇ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਗਈ। ਇਹ ਸ਼ਰਧਾਲੂ ਪਿੰਡ ਉੜਦਣ, ਤਹਿਸੀਲ ਰਾਜਪੁਰਾ, ਜ਼ਿਲ੍ਹਾ ਪਟਿਆਲਾ ਦੇ ਵਸਨੀਕ ਦੱਸੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਇਹ ਹਾਦਸਾ ਪਿੰਡ ਨੈਣਵਾਂ ਨੇੜੇ ਪ੍ਰੇਮ ਦਾਸ ਕੁਟੀਆ ਟੋਰੋਵਾਲ ਕੋਲ ਵਾਪਰਿਆ ਦੱਸਿਆ ਜਾਂਦਾ ਹੈ। ਹਾਦਸੇ ਦੇ ਤੁਰੰਤ ਬਾਅਦ ਪਿੰਡ ਟੋਰੋਵਾਲ ਤੇ ਨੈਣਵਾਂ ਦੇ ਵਸਨੀਕਾਂ ਅਤੇ ਹੋਰਾਂ ਨੇ ਮੌਕੇ ’ਤੇ ਪਹੁੰਚ ਕੇ ਜ਼ਖਮੀਆਂ ਨੂੰ ਬਾਹਰ ਕੱਢਿਆ ਤੇ ਪੁਲੀਸ ਦੀ ਮਦਦ ਨਾਲ ਸਿਵਲ ਹਸਪਤਾਲ ਗੜ੍ਹਸ਼ੰਕਰ ਪਹੁੰਚਾਇਆ। ਲੋਕਾਂ ਨੇ ਦੱਸਿਆ ਕਿ ਕੈਂਟਰ ਦੀਆਂ ਬਰੇਕਾਂ ਨਾ ਲੱਗਣ ਕਾਰਨ ਇਹ ਹਾਦਸਾ ਵਾਪਰਿਆ ਜਿਸ ਕਾਰਨ ਨੌਂ ਸਾਲਾ ਬੱਚੀ ਸਣੇ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ 40 ਦੇ ਕਰੀਬ ਸ਼ਰਧਾਲੂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਅਤੇ ਸੜੋਆ ਦਾਖਲ ਕਰਵਾਇਆ ਗਿਆ ਜਿਨ੍ਹਾਂ ਵਿੱਚੋਂ 17-18 ਮਰੀਜ਼ਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪੀਜੀਆਈ ਚੰਡੀਗੜ੍ਹ ਤੇ ਸਰਕਾਰੀ ਕਾਲਜ ਤੇ ਹਸਪਤਾਲ ਸੈਕਟਰ-32 ਵਿੱਚ ਭੇਜ ਦਿੱਤਾ ਗਿਆ ਹੈ। ਮਰਨ ਵਾਲਿਆਂ ਦੀ ਪਛਾਣ ਨੌਂ ਸਾਲਾ ਨਵਜੋਤ ਕੌਰ, ਗੁਰਮੁੱਖ ਸਿੰਘ ਪੁੱਤਰ ਨੱਜਾ ਰਾਮ (50) ਅਤੇ ਜਸਮੇਰ ਸਿੰਘ (45) ਵਾਸੀ ਪਿੰਡ ਉੜਦਣ, ਤਹਿਸੀਲ ਰਾਜਪੁਰਾ, ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। ਪੁਲੀਸ ਨੇ ਇਸ ਸਬੰਧੀ ਕਾਰਵਾਈ ਆਰੰਭ ਦਿੱਤੀ ਹੈ। ਪਤਾ ਲੱਗਿਆ ਹੈ ਕਿ ਪਿੰਡ ਉੜਦਣ ਵਿੱਚ ਅੱਜ ਤਿੰਨਾਂ ਦਾ ਸਸਕਾਰ ਵੀ ਕਰ ਦਿੱਤਾ ਗਿਆ।