ਕੀ ਹਰਿਆਣਾ ਦੇ ਲੋਕ ਪੰਜਾਬ ਵਾਂਗ ਆਮ ਆਦਮੀ ਪਾਰਟੀ ਦੀਆਂ ਗਰੰਟੀਆਂ ’ਤੇ ਯਕੀਨ ਕਰਨਗੇ?

ਕੀ ਹਰਿਆਣਾ ਦੇ ਲੋਕ ਪੰਜਾਬ ਵਾਂਗ ਆਮ ਆਦਮੀ ਪਾਰਟੀ ਦੀਆਂ ਗਰੰਟੀਆਂ ’ਤੇ ਯਕੀਨ ਕਰਨਗੇ?

ਇਸੇ ਸਾਲ ਹੋਣ ਜਾ ਰਹੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਆਹਟ ਸੁਣਦਿਆਂ ਹੀ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਕੰਨ ਖੜ੍ਹੇ ਹੋ ਗਏ ਹਨ। ਹੁਣੇ ਹੁਣੇ ਹੋਈਆਂ ਲੋਕ ਸਭਾ ਚੋਣਾਂ ਵਿਚ ਇਹ ਸਾਬਤ ਹੋ ਗਿਆ ਕਿ ਭਾਰਤੀ ਜਨਤਾ ਪਾਰਟੀ ਨੂੰ ਪੂਰੇ ਦੇਸ਼ ਵਿਚ ਹੀ ਝਟਕਾ ਲੱਗਾ ਹੈ। ਚੋਣ ਨਤੀਜਿਆਂ ਦੇ ਬੋਰਡ ਉੱਤੇ ਕਈ ਸਾਲਾਂ ਬਾਅਦ ਜ਼ਿਆਦਾਤਰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਾਰਦੇ ਹੋਏ ਦਿਖਾਈ ਦਿੱਤੇ। ਇੱਥੋਂ ਤੱਕ ਕਿ ਭਾਰਤੀ ਜਨਤਾ ਪਾਰਟੀ ‘ਵਿਸ਼ਵ ਗੁਰੂ’, ‘ਛੱਪਨ ਇੰਚ ਛਾਤੀ’, ‘ਮੋਦੀ ਹੈ ਤੋਂ ਮੁਮਕਿਨ ਹੈ’, ‘ਹਰ ਹਰ ਮੋਦੀ, ਘਰ ਘਰ ਮੋਦੀ’ ਵਰਗੇ ਅਲੰਕਾਰਾਂ ਨਾਲ ਹੱਦੋਂ ਵੱਧ ਵੱਡੇ ਬਣਾਏ ਗਏ ਨੇਤਾ ਨਰਿੰਦਰ ਮੋਦੀ ਦੀ ਅਗਵਾਈ ’ਚ ਇਕੱਲਿਆਂ ਹੀ ਆਪਣੇ ਦਮ ਉੱਤੇ ਸਪੱਸ਼ਟ ਬਹੁਤ ਨਾ ਪ੍ਰਾਪਤ ਕਰ ਸਕੀ। ਇਸ ਨਾਲ ਹੁਣ ਮੋਦੀ ਅਤੇ ਸ਼ਾਹ ਨੂੰ ਝਟਕਾ ਜ਼ਰੂਰ ਲੱਗਾ ਹੈ ਅਤੇ ਉਹ ਹੁਣ ਵਿਧਾਨ ਸਭਾ ਚੋਣਾਂ ’ਚ ਆਪਣਾ ਭਾਜਪਾ ਨੂੰ ਫ਼ਿਰ ਉਸ ਬੁਲੰਦੀ ’ਤੇ ਪਹੁੰਚਾਉਣ ਲਈ ਜ਼ੋਰ ਜ਼ਰੂਰ ਲਗਾਉਣਗੇ।
ਲਗਭਗ 10-12 ਕੁ ਸਾਲ ਪੁਰਾਣੀ ਆਮ ਆਦਮੀ ਪਾਰਟੀ ਵਲੋਂ ਵੀ ਕਾਫੀ ਜ਼ੋਰ ਮਾਰਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਨੇ ਪਹਿਲਾਂ ਦਿੱਲੀ ਵਿਚ ਲਗਾਤਾਰ ਤਿੰਨ ਵਾਰ ਸਰਕਾਰ ਬਣਾ ਕੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਸੀ ਅਤੇ ਬਾਅਦ ਵਿਚ ਪੰਜਾਬ ਵਿਚ ਸਰਕਾਰ ਬਣਾ ਕੇ ਉਸਨੇ ਆਪਣੇ ਆਪ ਨੂੰ ਦੇਸ਼ ਦੇ ਸਿਆਸੀ ਨਕਸ਼ੇ ’ਤੇ ਸਥਾਪਿਤ ਕਰ ਲਿਆ ਸੀ। ਆਮ ਆਦਮੀ ਪਾਰਟੀ ਦੀ ਚੋਣ ਨੀਤੀ ਗਰੰਟੀਆਂ ’ਤੇ ਅਧਾਰਿਤ ਹੈ। ਪੰਜਾਬ ਦੇ ਲੋਕਾਂ ਨੂੰ ਵੀ ਉਹਨਾਂ ਦੀਆਂ ਗਰੰਟੀਆਂ ਨੇ ਮੋਹ ਲਿਆ ਤੇ ਹੁਣ ਉਹ ਹਰਿਆਣਾ ਦੇ ਲੋਕਾਂ ਅੱਗੇ ਵੀ ਗਰੰਟੀਆਂ ਪਰੋਸ ਰਹੇ ਹਨ।
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਇਸ ਵੇਲੇ ਭਿ੍ਰਸ਼ਟਾਚਾਰ ਦੇ ਦੋਸ਼ਾਂ ਅਧੀਨ ਜੇਲ੍ਹ ਵਿਚ ਬੰਦ ਹਨ, ਉਹਨਾਂ ਦੀ ਗੈਰ ਹਾਜ਼ਰੀ ਵਿਚ ਉਹਨਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਚੋਣ ਅਧਾਰਿਤ ਸੂਬੇ ਹਰਿਆਣਾ ਲਈ ‘ਕੇਜਰੀਵਾਲ ਦੀਆਂ ਪੰਜ ਗਾਰੰਟੀਆਂ’ ਦਾ ਐਲਾਨ ਕੀਤਾ। ਇਨ੍ਹਾਂ ਗਾਰੰਟੀਆਂ ਵਿੱਚ ਮੁਫ਼ਤ ਬਿਜਲੀ, ਮੁਫ਼ਤ ਇਲਾਜ, ਮੁਫ਼ਤ ਸਿੱਖਿਆ, ਸੂਬੇ ਦੀ ਹਰ ਮਹਿਲਾ ਨੂੰ ਇੱਕ ਹਜ਼ਾਰ ਰੁਪਏ ਮਹੀਨਾ ਦੇਣਾ ਤੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣਾ ਸ਼ਾਮਲ ਹੈ। ਇਸ ਸਾਲ ਦੇ ਅੰਤ ’ਚ ਹਰਿਆਣਾ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਪੰਚਕੂਲਾ ’ਚ ਕੇਜਰੀਵਾਲ ਦੀਆਂ ਪੰਜ ਗਾਰੰਟੀਆਂ ਦੇ ਐਲਾਨ ਸਮੇਂ ਸੁਨੀਤਾ ਕੇਜਰੀਵਾਲ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਪਾਰਟੀ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਤੇ ਸੀਨੀਅਰ ਆਗੂ ਸੰਦੀਪ ਪਾਠਕ ਵੀ ਹਾਜ਼ਰ ਸਨ। ਇੱਥੋਂ ਦੇ ਇੰਦਰਧਨੁਸ਼ ਸਟੇਡੀਅਮ ’ਚ ਕਰਵਾਏ ਗਏ ਸਮਾਗਮ ਦੌਰਾਨ ਹਰਿਆਣਾ ਵਿਧਾਨ ਸਭਾ ਚੋਣਾਂ ’ਚ ‘ਆਪ’ ਲਈ ਲੋਕਾਂ ਤੋਂ ਹਮਾਇਤ ਮੰਗਦਿਆਂ ਸੁਨੀਤਾ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ’ਤੇ ਲਿਆ ਅਤੇ ਉਨ੍ਹਾਂ ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ’ਚ ਡੱਕਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ (ਮੋਦੀ) ਉਨ੍ਹਾਂ (ਕੇਜਰੀਵਾਲ) ਦੇ ਕੰਮਾਂ ਤੋਂ ਈਰਖ਼ਾ ਕਰਦੇ ਹਨ। ਆਪਣੇ ਪਤੀ ਨੂੰ ‘ਹਰਿਆਣਾ ਦਾ ਲਾਲ’ ਕਰਾਰ ਦਿੰਦਿਆਂ ਉਨ੍ਹਾਂ ਲੋਕਾਂ ਨੂੰ ਕਿਹਾ ਕਿ ਇੱਕ ਵੀ ਸੀਟ ਭਾਜਪਾ ਨੂੰ ਨਹੀਂ ਮਿਲਣੀ ਚਾਹੀਦੀ। ਸੁਨੀਤਾ ਨੇ ਕਿਹਾ ਕਿ ਇਹ ਕੇਜਰੀਵਾਲ ਬਾਰੇ ਨਹੀਂ ਹੈ ਬਲਕਿ ਇਹ ਹਰਿਆਣਾ ਦੇ ਸਨਮਾਨ ਬਾਰੇ ਹੈ। ਕੇਜਰੀਵਾਲ ਦੀ ਗਾਰੰਟੀ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ’ਚ ਆਈ ਤਾਂ ਘਰੇਲੂ ਸ਼੍ਰੇਣੀ ਲਈ ਮੁਫ਼ਤ ਬਿਜਲੀ ਹੋਵੇਗੀ ਅਤੇ ਸੂਬੇ ’ਚ 24 ਘੰਟੇ ਬਿਜਲੀ ਮੁਹੱਈਆ ਹੋਵੇਗੀ। ਉਨ੍ਹਾਂ ਕਿਹਾ ਕਿ ਦਿੱਲੀ ਤੇ ਪੰਜਾਬ ਦੀ ਤਰ੍ਹਾਂ ਹਰਿਆਣਾ ’ਚ ਵੀ ਮੁਹੱਲਾ ਕਲੀਨਿਕ ਹੋਣਗੇ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੀ ਸਥਿਤੀ ’ਚ ਵੀ ਸੁਧਾਰ ਕੀਤਾ ਜਾਵੇਗਾ ਜਿੱਥੇ ਚੰਗੀ ਤੇ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ। ਉਨ੍ਹਾਂ ਕਿਹਾ, ‘ਹਰ ਮਹਿਲਾ ਨੂੰ ਪ੍ਰਤੀ ਮਹੀਨਾ ਇਕ ਹਜ਼ਾਰ ਰੁਪਏ ਮਿਲਣਗੇ।’ ਉਨ੍ਹਾਂ ਕਿਹਾ ਕਿ ਇਸ ਨੂੰ ਜਲਦੀ ਹੀ ਦਿੱਲੀ ਤੇ ਪੰਜਾਬ ’ਚ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹਰ ਬੇਰੁਜ਼ਗਾਰ ਨੌਜਵਾਨ ਨੂੰ ਰੁਜ਼ਗਾਰ ਦੇਵੇਗੀ। ਉਨ੍ਹਾਂ ‘ਸਿੱਖਿਆ ਮਾਫ਼ੀਆ’ ਨੂੰ ਖ਼ਤਮ ਕਰਨ ਦਾ ਵੀ ਵਾਅਦਾ ਕੀਤਾ। ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਨੇ ਇਹ ਸੁਫ਼ਨੇ ’ਚ ਵੀ ਨਹੀਂ ਸੋਚਿਆ ਹੋਵੇਗਾ ਕਿ ਕੇਜਰੀਵਾਲ ਇੱਕ ਦਿਨ ਦੇਸ਼ ਦੀ ਰਾਜਧਾਨੀ ’ਚ ਰਾਜ ਕਰਨਗੇ।  
ਆਮ ਆਦਮੀ ਪਾਰਟੀ ਨੇ ਹਰਿਆਣਾ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਹਨ ਬਿਨਾਂ ਸ਼ੱਕ ਉਹ ਬਹੁਤ ਵਧੀਆ ਹਨ ਪਰ ਉਹਨਾਂ ਨੂੰ ਅਮਲੀ ਜਾਮਾ ਪਹਿਨਾਉਣਾ ਸੌਖਾ ਨਹੀਂ ਹੈ। ਪੰਜਾਬ ਵਿਚ ਦਿੱਤੀਆਂ ਗਈਆਂ ਗਰੰਟੀਆਂ ’ਚੋਂ ਜੇਕਰ ਬਿਜਲੀ ਬਿੱਲ ਮੁਆਫ਼ ਕੀਤੇ ਗਏ ਹਨ ਤਾਂ ਦੂਜੇ ਪਾਸੇ ਬਿਜਲੀ ਦੇ ਕੱਟ ਨਹੀਂ ਰੁਕ ਰਹੇ। ਖੇਤੀਬਾੜੀ ਦੀ ਬਿਜਲੀ ਨੂੰ ਕੱਟ ਲਗਾਏ ਜਾ ਰਹੇ ਹਨ। ਸਰਕਾਰ ਬਣੀ ਨੂੰ ਢਾਈ ਸਾਲ ਦਾ ਸਮਾ ਹੋ ਚੱਲਿਆ ਹੈ ਪਰ ਅਜੇ ਤੱਕ ਔਰਤਾਂ ਨੂੰ 1-1 ਹਜ਼ਾਰ ਰੁਪਏ ਦੇਣੇ ਸ਼ੁਰੂ ਨਹੀਂ ਕੀਤੇ ਗਏ, ਸਰਕਾਰੀ ਬੱਸਾਂ ਵਿਚ ਮਹਿਲਾਵਾਂ ਦੇ ਮੁਫ਼ਤ ਸਫ਼ਰ ਨੂੰ ਬੰਦ ਕਰਨ ਦੇ ਇਸ਼ਾਰੇ ਸਰਕਾਰ ਵਲੋਂ ਦਿੱਤੇ ਜਾ ਰਹੇ ਹਨ। ਪੰਜਾਬ ਵਿਚ ‘ਬਦਲਾਅ’ ਦੇ ਨਾਅਰੇ ਨਾਲ ਆਪਣੀ ਭਗਵੰਤ ਮਾਨ ਦੀ ਸਰਕਾਰ ਇੰਝ ਲੱਗਦਾ ਹੈ ਕਿ ਜਿਵੇਂ ਲੋਕਾਂ ਤੋਂ ‘ਬਦਲਾ’ ਲੈ ਰਹੀ ਹੋਵੇ। ਹਰਿਆਣਾ ਦੇ ਲੋਕਾਂ ਨੂੰ ਹੁਣ ਚਾਹੀਦਾ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਇਹ ਸਵਾਲ ਜ਼ਰੂਰ ਪੁੱਛਣ  ਹੈ ਕਿ ਪੰਜਾਬ ਵਿਚ ਭਗਵੰਤ ਮਾਨ ਸਰਕਾਰ ਨੇ ਕਿਹੜੀ ਕਿਹੜੀ ਗਰੰਟੀ ਪੂਰੀ ਕੀਤੀ ਹੈ? ਆਮ ਆਦਮੀ ਪਾਰਟੀ ਸਰਕਾਰ ਦੇ ਸਿਆਸੀ ਇਤਿਹਾਸ ਵਿਚ ਪੰਜਾਬ ਤੋਂ ਇਲਾਵਾ ਕਿਸੇ ਵੀ ਸੂਬੇ ਨੇ ਆਪ ਨੂੰ ਸੀਟ ਨਹੀਂ ਦਿੱਤੀ, ਇਸ ਲਈ ਕੇਜਰੀਵਾਲ ਬਿ੍ਰਗੇਡ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੇ ਬਿਹਤਰੀ ਲਈ ਜਲਦੀ ਤੋਂ ਜਲਦੀ ਕੰਮ ਸ਼ੁਰੂ ਕਰੇ ਕਿਉਂਕਿ ਪੰਜਾਬ ਵੱਲ ਵੇਖ ਕੇ ਹੀ ਹੋਰ ਸੂਬੇ ਵੀ ਆਪ ਵੱਲ ਆਕਰਿਸ਼ਤ ਜਾਂ ਵਿਰੋਧ ਵਿਚ ਹੋਣਗੇ। ਆਮੀਨ!