ਸੰਵਿਧਾਨ ਤੇ ਲੋਕਤੰਤਰ ਬਚਾਉਣ ਲਈ ਭਾਜਪਾ ਨੂੰ ਹਰਾਉਣਾ ਜ਼ਰੂਰੀ: ਅਰਵਿੰਦ ਕੇਜਰੀਵਾਲ

ਸੰਵਿਧਾਨ ਤੇ ਲੋਕਤੰਤਰ ਬਚਾਉਣ ਲਈ ਭਾਜਪਾ ਨੂੰ ਹਰਾਉਣਾ ਜ਼ਰੂਰੀ: ਅਰਵਿੰਦ ਕੇਜਰੀਵਾਲ

ਹੁਸ਼ਿਆਰਪੁਰ/ਬਠਿੰਡਾ, -ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਹੁਸ਼ਿਆਰਪੁਰ ਵਿੱਚ ਪਾਰਟੀ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਅਤੇ ਬਠਿੰਡਾ ਵਿੱਚ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ਵਿੱਚ ਰੋਡ ਸ਼ੋਅ ਕੀਤੇ। ਹੁਸ਼ਿਆਰਪੁਰ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦਾ ਸੰਵਿਧਾਨ ਤੇ ਲੋਕਤੰਤਰ ਬਚਾਉਣ ਲਈ ‘ਤਾਨਾਸ਼ਾਹੀ’ ਭਾਜਪਾ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਸਾਨਾਂ ਨੂੰ ਕਿਹਾ, ‘‘ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੜਕਾਂ ’ਤੇ ਲੋਹੇ ਦੇ ਕਿੱਲ ਲਗਵਾ ਕੇ ਤੁਹਾਨੂੰ ਦਿੱਲੀ ਨਹੀਂ ਜਾਣ ਦਿੱਤਾ ਸੀ ਉਸੇ ਤਰ੍ਹਾਂ ਤੁਸੀਂ ਵੀ ਮੋਦੀ ਨੂੰ ਦਿੱਲੀ ਦੀ ਸੱਤਾ ਤੋਂ ਬਾਹਰ ਕਰ ਦਿਓ।’’ ਉਨ੍ਹਾਂ ਕਿਹਾ ਕਿ ਇਹ ਚੁੱਪ ਬੈਠਣ ਦਾ ਨਹੀਂ ਬਲਕਿ ਬਦਲਾ ਲੈਣ ਦਾ ਸਮਾਂ ਹੈ। ਭਾਜਪਾ ਆਗੂ ਇੰਨੇ ਜ਼ਿਆਦਾ ਹੰਕਾਰੀ ਹੋ ਚੁੱਕੇ ਹਨ ਕਿ ਉਹ ਮੋਦੀ ਦੀ ਤੁਲਨਾ ਭਗਵਾਨ ਨਾਲ ਕਰਨ ਲੱਗ ਪਏ ਹਨ। ਇਹ ਲੋਕ ਮੋਦੀ ਨੂੰ ਭਗਵਾਨ ਦਾ ਅਵਤਾਰ ਮੰਨਣ ਲੱਗ ਗਏ ਹਨ ਅਤੇ ਆਉਂਦੇ ਦਿਨਾਂ ਵਿੱਚ ਇਹ ਮੰਦਰਾਂ ’ਚੋਂ ਭਗਵਾਨ ਦੀਆਂ ਮੂਰਤੀਆਂ ਲਾਹ ਕੇ ਮੋਦੀ ਦੀਆਂ ਮੂਰਤੀਆਂ ਲਗਾ ਦੇਣਗੇ।