ਆਪ’ ਤੇ ਭਾਜਪਾ ਦੋਵੇਂ ਕਰ ਰਹੀਆਂ ਨੇ ਕਿਸਾਨਾਂ ਦਾ ਘਾਣ: ਪ੍ਰਤਾਪ ਬਾਜਵਾ

ਆਪ’ ਤੇ ਭਾਜਪਾ ਦੋਵੇਂ ਕਰ ਰਹੀਆਂ ਨੇ ਕਿਸਾਨਾਂ ਦਾ ਘਾਣ: ਪ੍ਰਤਾਪ ਬਾਜਵਾ

ਸ਼ਹਿਣਾ,  ਕਸਬੇ ਦੇ ਮੁੱਖ ਬਾਜ਼ਾਰ ਵਿੱਚ ਅੱਜ ਸੰਗਰੂਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੇ ਹੱਕ ’ਚ ਚੋਣ ਰੈਲੀ ਕੀਤੀ ਗਈ। ਰੈਲੀ ਵਿੱਚ ਵਿਸ਼ੇਸ਼ ਤੌਰ ’ਤੇ ਪੁੱਜੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਪੰਜਾਬ ਵਿਧਾਨ ਸਭਾ ’ਚ ਜਦੋਂ ‘ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਜਾਂ ਸੁਖਪਾਲ ਸਿੰਘ ਖਹਿਰਾ ਦਾ ਸਾਹਮਣਾ ਕਰਨਾ ਹੁੰਦਾ ਹੈ ਤਾਂ ਉਹ ਦੋ ਪਊਏ ਸ਼ਰਾਬ’ ਪੀ ਕੇ ਆਉਂਦੇ ਹਨ।
                                                                 ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਝੂਠ ਦੀ ਸਰਕਾਰ ਸਾਬਤ ਹੋਈ ਹੈ। ਨਰਿੰਦਰ ਮੋਦੀ ਅਤੇ ਭਗਵੰਤ ਮਾਨ ਦੀਆਂ ਸਰਕਾਰਾਂ ‘ਤਾਨਾਸ਼ਾਹੀ ਸਰਕਾਰਾਂ’ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਕਿਸਾਨਾਂ ਦਾ ਘਾਣ ‘ਆਪ’ ਅਤੇ ਭਾਜਪਾ ਨੇ ਰਲ-ਮਿਲ ਕੇ ਕੀਤਾ ਹੈ। ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਪੰਜਾਬ ’ਚ ਵਿਕਾਸ ਵਾਲੇ ਪੱਥਰਾਂ ’ਤੇ ਮਿਸਤਰੀਆਂ ਦੇ ਨਾਮ ਹੋਣਗੇ, ਨਾ ਤਾਂ ਵਿਕਾਸ ਹੀ ਹੋਇਆ ਹੈ ਅਤੇ ਨਾ ਹੀ ਪੱਥਰਾਂ ’ਤੇ ਨਾਮ ਹੀ ਮਿਸਤਰੀਆਂ ਦੇ ਹਨ। ਨਾ ਹੀ ਪਿੰਡਾਂ ਦੀਆਂ ਸੱਥਾਂ ਵਿੱਚੋਂ ਸਰਕਾਰ ਚੱਲੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਬਣਨ ਪਿੱਛੋਂ ਰੇਤ ਮਾਫੀਆ ਤੇ ਡਰੱਗ ਮਾਫੀਆ ਨੇ ਲੁੱਟ ਮਚਾਈ ਹੈ। ਰੇਤਾ 5 ਰੁਪਏ ਫੁੱਟ ਦੀ ਥਾਂ ’ਤੇ 40 ਰੁਪਏ ਫੁੱਟ ਵਿਕ ਰਿਹਾ ਹੈ। ਦਲਵੀਰ ਸਿੰਘ ਗੋਲਡੀ ਬਾਰੇ ਉਨ੍ਹਾਂ ਕਿਹਾ ਕਿ ਉਸ ਨੂੰ ਬਰਨਾਲੇ ਤੋਂ ਵਿਧਾਇਕ ਬਣਾਉਣ ਦਾ ਸਬਜ਼ਬਾਗ ਦਿਖਾਇਆ ਗਿਆ ਹੈ, ਨਾ ਤਾਂ ਮੀਤ ਹੇਅਰ ਨੇ ਸੰਸਦ ਮੈਂਬਰ ਬਣਨਾ ਹੈ ਅਤੇ ਨਾ ਹੀ ਗੋਲਡੀ ਨੇ ਬਰਨਾਲੇ ਤੋਂ ਵਿਧਾਇਕ ਬਣਨਾ ਹੈ। ਇਸ ਮੌਕੇ ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ, ਬੀਬੀ ਸੁਰਿੰਦਰ ਕੌਰ ਬਾਲੀਆ, ਸਿਟੀ ਪ੍ਰਧਾਨ ਗਿਰਧਾਰੀ ਲਾਲ ਗਰਗ, ਨਰਿੰਦਰ ਸਦਿਓੜਾ, ਵਕੀਲ ਇਕਬਾਲ ਸਿੰਘ, ਸੁਖਵਿੰਦਰ ਸਿੰਘ ਧਾਲੀਵਾਲ, ਬਲਦੇਵ ਸਿੰਘ ਭੁੱਚਰ, ਬੀਬੀ ਮਲਕੀਤ ਕੌਰ ਸਹੋਤਾ ਤੇ ਦਲਜੀਤ ਸਿੰਘ ਮੱਲੀ ਆਦਿ ਹਾਜ਼ਰ ਸਨ।