ਕੀ ਪੰਜਾਬ ਦੇ ਸੁਰੱਖਿਆ ਹਾਲਾਤ ‘ਆਪ’ ਸਰਕਾਰ ਦੇ ਕਾਬੂ ਤੋਂ ਬਾਹਰ ਹੋ ਗਏ ਨੇ!

ਕੀ ਪੰਜਾਬ ਦੇ ਸੁਰੱਖਿਆ ਹਾਲਾਤ ‘ਆਪ’ ਸਰਕਾਰ ਦੇ ਕਾਬੂ ਤੋਂ ਬਾਹਰ ਹੋ ਗਏ ਨੇ!

-ਅਰਜਨ ਰਿਆੜ (ਮੁੱਖ ਸੰਪਾਦਕ)
ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦੇ ਕਨੇਡਾ ਵਿਚਲੇ ਘਰ ਉੱਤੇ ਫਾਇਰਿੰਗ ਅਤੇ ਐਲੀ ਮਾਂਗਟ ਨੂੰ ਮਾਰ ਮੁਕਾਉਣ ਦੀ ਸਾਜਿਸ਼ ਦੇ ਬੇਨਕਾਬ ਹੋਣ ਵਾਲੀਆਂ ਖਬਰਾਂ ਨੇ ਪੰਜਾਬੀਆਂ ਨੂੰ ਇਕ ਵਾਰ ਤਾਂ ਸੁੰਨ ਕਰ ਕੇ ਰੱਖ ਦਿੱਤਾ ਹੈ। ਅਸਲ ’ਚ ਜੋ ਕੁਝ ਅੱਜ ਪੰਜਾਬ ਵਿਚ ਹੋ ਰਿਹਾ ਹੈ, ਉਹ ਹੋ ਤਾਂ ਪਹਿਲਾਂ ਵੀ ਰਿਹਾ ਸੀ ਪਰ ਲੋਕਾਂ ਨਾਲ ਇਹ ਵਾਅਦਾ ਕਰ ਕੇ ਸਰਕਾਰ ਬਣਾਉਣੀ ਕਿ ਅਸੀਂ ‘ਬਦਲਾਅ’ ਲਿਆਵਾਂਗੇ ਤੇ ਬਾਅਦ ਵਿਚ ਪੌਣੇ ਦੋ ਸਾਲ ਬੀਤਣ ਉਪਰੰਤ ਵੀ ਹਾਲਾਤ ਉਹੀ ਰਹਿਣ ਜੋ ਪਹਿਲੀਆਂ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਵੇਲੇ ਸਨ ਤਾਂ ਲੋਕ ਠਗੇ ਠਗੇ ਤਾਂ ਜ਼ਰੂਰ ਮਹਿਸੂਸ ਕਰਨਗੇ। ਅਸਲ ’ਚ ਅੱਜ ਤੋਂ 10-11 ਸਾਲ ਪਹਿਲਾਂ ਪ੍ਰਸਿੱਧ ਸਮਾਜ ਸੇਵੀ ਅੰਨਾ ਹਜ਼ਾਰੇ ਵਲੋਂ ਲੋਕਪਾਲ ਬਿੱਲ ਉੱਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕੇਂਦਰ ਦੀ ਕਾਂਗਰਸ ਸਰਕਾਰ ਦੇ ਖਿਲਾਫ਼ ਦਿੱਲੀ ਵਿਚ ਮਰਨ ਵਰਤ ਰੱਖ ਕੇ ਸੰਘਰਸ਼ ਵਿੱਢਿਆ ਗਿਆ ਸੀ। ਇਸ ਸੰਘਰਸ਼ ਨੂੰ ਬਹੁਤ ਵੱਡਾ ਹੁੰਗਾਰਾ ਮਿਲਿਆ ਸੀ ਅਤੇ ਅੰਨਾ ਹਜ਼ਾਰੇ ਨੇ ਕਿਹਾ ਸੀ ਕਿ ਉਹ ਇਸ ਸੰਘਰਸ਼ ਨੂੰ ਗੈਰਰਾਜਨੀਤਕ ਰੱਖਣਗੇ ਅਤੇ ਉਹ ਖੁਦ ਵੀ ਸਿਆਸਤ ਵਿਚ ਨਹੀਂ ਜਾਣਗੇ। ਉਸ ਅੰਦੋਲਨ ਵਿਚ ਹੀ ਅਰਵਿੰਦ ਕੇਜਰੀਵਾਲ ਵੀ ਕੁੱਦ ਪਏ ਸਨ। ਉਹਨਾਂ ਨੂੰ ਵੀ ਕੁਝ ਪ੍ਰਸਿੱਧੀ ਮਿਲਣ ਲੱਗੀ ਪਰ ਉਹਨਾਂ ਦੀ ਸੋਚ ਵਿਚ ਅੰਨਾ ਹਜ਼ਾਰੇ ਨਾਲੋਂ ਕੁਝ ਵਖਰੇਵਾਂ ਸੀ ਅਤੇ ਉਹ ਵੱਖਰੇ ਹੋ ਕੇ ਸਿਆਸਤ ਵਿਚ ਜਾ ਵੜੇ ਅਤੇ ਨਵੀਂ ਸਿਆਸੀ ਪਾਰਟੀ ‘ਆਮ ਆਦਮੀ ਪਾਰਟੀ’ ਖੜ੍ਹੀ ਕਰ ਦਿੱਤੀ। ਇਸ ਪਾਰਟੀ ਨੂੰ ਦਿੱਲੀ ਦੇ ਲੋਕਾਂ ਨੇ ਬਹੁਤ ਹੀ ਵੱਡਾ ਹੁੰਗਾਰਾ ਦਿੱਤਾ ਜੋ ਸਭ ਦੇ ਸਾਹਮਣੇ ਹੀ ਹੈ। ਇਸ ਪਾਰਟੀ ਦਾ ਨਾਅਰਾ ਸੀ ‘ਬਦਲਾਅ’ ਸੋ ਪੰਜਾਬ ਦੇ ਲੋਕ ਬਦਲਾਅ ਦੇ ਹਾਮੀ ਰਹੇ ਹਨ ਅਤੇ ਉਹਨਾਂ ਨੂੰ ਲੱਗਣ ਲੱਗਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਹੀ ਬਦਲਾਅ ਲਿਆ ਸਕਦੀ ਹੈ। 2017 ਦੀਆਂ ਚੋਣਾਂ ਵਿਚ ਪੰਜਾਬ ਦੇ ਲੋਕਾਂ ਨੇ ਰਵਾਇਤੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਤੋਂ ਇਲਾਵਾ ਕਿਸੇ ਤੀਜੀ ਪਾਰਟੀ ਆਮ ਆਦਮੀ ਪਾਰਟੀ ਨੂੰ 20 ਸੀਟਾਂ ਦਿੱਤੀਆਂ। ਇਸ ਤੋਂ ਅੰਦਾਜ਼ਾ ਲੱਗਣਾ ਸ਼ੁਰੂ ਹੋ ਗਿਆ ਸੀ ਕਿ ਹੁਣ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਭਵਿੱਖ ਉੱਜਵਲ ਹੈ। ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਸਨ ਅਤੇ ਉਹਨਾਂ ਆਪਣੇ ਬਾਗੀ ਸੁਭਾਅ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਰਿਕਾਰਡ ਤੋੜ ਜਿੱਤ ਦਵਾਉਂਦਿਆਂ 92 ਸੀਟਾਂ ਜਿਤਾ ਦਿੱਤੀਆਂ। ਕਾਂਗਰਸ ਅਤੇ ਸ਼ੋ੍ਰਮਣੀ ਅਕਾਲੀ ਦਲ ਬਾਦਲ ਕਿਤੇ ਖੜ੍ਹੇ ਵੀ ਦਿਖਾਈ ਨਹੀਂ ਦਿੱਤੇ। ਇਹ ਪੰਜਾਬ ਦੀ ਸਿਆਸਤ ਵਿਚ ਸਭ ਤੋਂ ਵੱਡੇ ਉਲਟਫੇਰ ਵਾਲਾ ਸਮਾਂ ਸੀ। ਆਮ ਆਦਮੀ ਪਾਰਟੀ ਵਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਚੁਣਿਆ ਗਿਆ।
ਬੱਸ ਇੱਥੋਂ ਹੀ ਸ਼ੁਰੂ ਹੁੰਦਾ ਹੈ ਪੰਜਾਬ ਕਤਲੋਗਾਰਤ ਦਾ ਦੌਰ। ਭਗਵੰਤ ਮਾਨ ਦੇ 16 ਮਾਰਚ 2022 ਨੂੰ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਚ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਦੋ ਦਿਲ ਪਹਿਲਾਂ 14 ਮਾਰਚ 2022 ਨੂੰ ਵਿਸ਼ਵ ਪ੍ਰਸਿੱਧ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਜ਼ਿਲ੍ਹਾ ਜਲੰਧਰ ਦੇ ਪਿੰਡ ਮੱਲ੍ਹੀਆਂ ਕਲਾਂ ’ਚ ਚੱਲਦੇ ਟੂਰਨਾਮੈਂਟ ਦੌਰਾਨ ਹੀ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ। ਸਰਕਾਰ ਨੇ ਇਸ ਕਤਲ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲਿਆ ਜਿਸ ਕਾਰਨ ਦੋ ਕੁ ਮਹੀਨੇ ਬਾਅਦ ਦੁਨੀਆਂ ’ਚ ਪ੍ਰਸਿੱਧੀ ਖੱਟ ਚੁੱਕੇ ਚੋਟੀ ਦੇ ਨੌਜਵਾਨ ਦਸਤਾਰਧਾਰੀ ਕਲਾਕਾਰ ਸਿੱਧੂ ਮੂਸੇਵਾਲਾ ਨੂੰ ਮਾਨਸਾ ਜ਼ਿਲ੍ਹੇ ਦੇ ਇਕ ਪਿੰਡ ਜਵਾਹਰਕੇ ’ਚ ਗੋਲੀਆਂ ਨਾਲ ਭੁੰਨ੍ਹ ਦਿੱਤਾ ਗਿਆ। ਇਸ ਤੋਂ ਬਾਅਦ ਕਤਲਾਂ ਦੀ ਝੜੀ ਲੱਗ ਗਈ ਅਤੇ ਇਕ ਰਿਪੋਰਟ ਅਨੁਸਾਰ ਸਰਕਾਰ ਦੇ ਪਹਿਲੇ 19 ਦਿਨਾਂ ’ਚ 21 ਕਤਲ ਹੋ ਗਏ ਸਨ। ਪਰ ਪੰਜਾਬ ਸਰਕਾਰ ਨੇ ਫੇਰ ਵੀ ਪੰਜਾਬ ਦੇ ਸੁਰੱਖਿਆ ਹਾਲਾਤਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ। 
ਪੰਜਾਬ ਪੁਲਿਸ ਵਲੋਂ ਹੀ ਜਾਰੀ ਅੰਕੜਿਆਂ ਅਨੁਸਾਰ ਸਾਲ 2023 ’ਚ ਮਾਰਚ ਤੱਕ ਕੁੱਲ 158 ਕਤਲ ਹੋਏ ਸਨ ਜੋ ਕਿ ਪ੍ਰਤੀ ਮਹੀਨਾ ਔਸਤਨ 50 ਕਤਲ ਬਣਦੇ ਹਨ। ਗੈਂਗਸਟਰ ਸਿੱਧੇ ਹੀ ਵਪਾਰੀਆਂ ਅਤੇ ਕਲਾਕਾਰਾਂ ਨੂੰ ਫ਼ੋਨ ਕਰ ਕੇ ਫਿਰੌਤੀ ਦੀ ਮੰਗ ਕਰਨ ਲੱਗੇ ਹੋਏ ਹਨ ਅਤੇ ਜੇਕਰ ਪੁਲਿਸ ਨੂੰ ਇਸ ਸਬੰਧੀ ਸੂਚਨਾ ਦਿੱਤੀ ਜਾਂਦੀ ਹੈ ਤਾਂ ਵੀ ਗੈਂਗਸਟਰ ਪੁਲਿਸ ਦੇ ਸਾਹਮਣੇ ਹੀ ਵਪਾਰੀਆਂ, ਕਲਾਕਾਰਾਂ, ਖਿਡਾਰੀਆਂ ਦਾ ਕਤਲ ਕਰ ਜਾਂਦੇ ਹਨ। ਭਾਵ ਸੁਰੱਖਿਆ ਵਿਵਸਥਾ ਦੇ ਮੱੁਦੇ ਉੱਤੇ ਭਗਵੰਤ ਮਾਨ ਸਰਕਾਰ ਅਜੇ ਤੱਕ ਫੇਲ੍ਹ ਹੀ ਸਾਬਤ ਹੋਈ ਹੈ। 
ਪੰਜਾਬੀ ਸੁਪਰ ਸਟਾਰ ਗਿੱਪੀ ਗਰੇਵਾਲ ਦੇ ਕਨੇਡਾ ਵਿਚਲੇ ਘਰ ਉੱਤੇ ਹੋਏ ਹਮਲੇ ਦੀ ਜੇਲ੍ਹ ਵਿਚ ਬੈਠਾ ਲਾਰੈਂਸ ਬਿਸ਼ਨੋਈ ਜ਼ਿੰਮੇਵਾਰੀ ਲੈ ਰਿਹਾ ਹੈ। ਜੇਕਰ ਕੋਈ ਮੀਡੀਆ ਅਦਾਰਾ ਸਰਕਾਰ ਦੇ ਖਿਲਾਫ਼ ਕੋਈ ਖਬਰ ਚਲਾਉਂਦਾ ਹੈ ਤਾਂ ਮਾਣਯੋਗ ਪੰਜਾਬ ਸਰਕਾਰ ਵਲੋਂ ਉਸਦੇ ਸੋਸ਼ਲ ਮੀਡੀਆ ਪੇਜ ਝੱਟਪਟ ਬੰਦ ਕਰਵਾ ਦਿੱਤੇ ਜਾਂਦੇ ਹਨ ਪਰ ਲਾਰੈਂਸ ਬਿਸ਼ਨੋਈ ਦਾ ਪੇਜ ਧੜੱ੍ਹਲੇ ਨਾਲ ਚੱਲ ਰਿਹਾ ਹੈ। ਦੂਜੇ ਪਾਸੇ ਦਿੱਲੀ ਪੁਲਿਸ ਵਲੋਂ ਫੜੇ ਗਏ ਮੁਲਜ਼ਮ ਦੱਸਦੇ ਹਨ ਕਿ ਅਸੀਂ ਐਲੀ ਮਾਂਗਟ ਦਾ ਕਤਲ ਕਰਨ ਉਸਦੇ ਬਠਿੰਡਾ ਵਿਚਲੇ ਘਰ ਗਏ ਸੀ ਪਰ ਉਹ ਘਰ ਨਹੀਂ ਮਿਲਿਆ। ਹੁਣ ਸਵਾਲ ਉੱਠਦਾ ਹੈ ਕਿ ਪੰਜਾਬ ਪੁਲਿਸ ਨੂੰ ਖਬਰ ਤੱਕ ਨਹੀਂ ਕਿ ਕੌਣ ਕਿੰਨੇ ਹਥਿਆਰ ਲੈ ਕੇ ਫਿਰ ਰਿਹਾ ਹੈ ਤੇ ਕਿਸ ਨੂੰ ਮਾਰਨ ਲਈ ਯੋਜਨਾ ਬਣਾ ਰਿਹਾ ਹੈ। ਇਕ ਹੋਰ ਖਬਰ ਫਲੈਸ਼ ਹੋ ਰਹੀਆਂ ਹੈ ਕਿ ਮੋਗਾ ਲਾਗਲੇ ਇਕ ਪਿੰਡ ਸਿੰਘ ਵਾਲਾ ਦੇ ਇਕ ਢਾਬੇ ਉੱਤੇ ਗੋਲੀਬਾਰੀ ਹੋਈ, ਭਾਵੇਂ ਇਹ ਮਾਮਲਾ ਇਕ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ ਪਰ ਹਥਿਆਰਾਂ ਦੀ ਵਰਤੋਂ ਕਿਸੇ ਵੀ ਖੌਫ ਤੋਂ ਬਿਨਾਂ ਕੀਤੀ ਜਾ ਰਹੀ ਹੈ। 
ਛੋਟੀਆਂ ਮੋਟੀਆਂ ਘਟਨਾਵਾਂ ਦਾ ਕੋਈ ਅੰਤ ਨਹੀਂ ਹੈ ਅਤੇ ਬਹੁਤੀਆਂ ਖਬਰਾਂ ਮੀਡੀਆ ਵਿਚ ਸਾਹਮਣੇ ਹੀ ਨਹੀਂ ਆ ਰਹੀਆਂ। ਪੰਜਾਬ ਦੇ ਮੱੁਖ ਮੰਤਰੀ ਭਗਵੰਤ ਮਾਨ ਵਲੋਂ ਹਮੇਸ਼ਾ ਹੀ ਵਿਰੋਧੀਆਂ ਨੂੰ ਨਿਸ਼ਾਨੇ ਉੱਤੇ ਲਿਆ ਜਾਂਦਾ ਹੈ ਅਤੇ ਹਰ ਮੱੁਦੇ ਉੱਤੇ ਚੁਣੌਤੀ ਲਈ ਵੰਗਾਰਿਆ ਜਾਂਦਾ ਹੈ ਪਰ ਆਉਣ ਵਾਲੇ ਸਮੇਂ ’ਚ ਜਿੰਨੇ ਕੁ ਪੰਜਾਬ ਵਿਚ ਕਤਲ ਹੋ ਜਾਣੇ ਨੇ ਉਹਨਾਂ ਬਾਰੇ ਭਗਵੰਤ ਮਾਨ ਨੂੰ ਜਵਾਬ ਦੇਣਾ ਬਹੁਤ ਔਖਾ ਹੋ ਜਾਂਦਾ ਹੈ। ਪੰਜਾਬ ਵਿਚ ਇੰਨਾ ਹਥਿਆਰ ਕਿੱਥੋਂ ਆ ਗਿਆ, ਗੈਂਗਸਟਰਾਂ ਨੂੰ ਨੱਥ ਕਿਉਂ ਨਹੀਂ ਪਾ ਜਾ ਰਹੀ, ਫਿਰੌਤੀਆਂ ਦਾ ਦੌਰ ਕਦੋਂ ਰੁਕੇਗਾ, ਇਹ ਸਵਾਲ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਅੱਗੇ ਮੂੰਹ ਅੱਡ ਕੇ ਖ੍ਹੜਾ ਹੈ। ਅੱਜ ਪ੍ਰਵਾਸੀ ਵੀ ਪੰਜਾਬ ਜਾਣ ਲਈ ਕਈ ਕਈ ਵਾਰ ਸੋਚਣ ਲੱਗੇ ਹਨ ਕਿ ਕਿਤੇ ਪੰਜਾਬ ਗਿਆਂ ’ਤੇ ਕੋਈ ਭਾਣਾ ਹੀ ਨਾ ਵਰਤ ਜਾਵੇ। ਪੰਜਾਬ ਇਕ ਰੰਗਲੇ ਸੁਭਾਅ ਦਾ ਸੂਬਾ ਹੈ, ਇੱਥੇ ਖੂਨ ਦੀਆਂ ਨਹੀਂ ਮੋਹ ਪਿਆਰ ਦੀਆਂ ਨਦੀਆਂ ਵਹਿਣੀਆਂ ਚਾਹੀਦੀਆਂ ਹਨ। ਜੇਕਰ ਬਦਲਾਅ ਦਾ ਵਾਅਦਾ ਕਰ ਕੇ ਪੰਜਾਬ ਵਿਚ ਭਗਵੰਤ ਮਾਨ ਵਲੋਂ ਸਰਕਾਰ ਬਣਾਈ ਗਈ ਹੈ ਤਾਂ ਬਦਲਾਅ ਦਾ ਅਹਿਸਾਸ ਵੀ ਲੋਕਾਂ ਨੂੰ ਜ਼ਰੂਰ ਹੋਣਾ ਚਾਹੀਦਾ ਹੈ। ਸਰਕਾਰ ਜਿੰਨੀਆਂ ਮਰਜ਼ੀ ਹੋਰ ਖੇਤਰ ਵਿਚ ਮੱਲਾਂ ਮਾਰ ਲਵੇ ਪਰ ਜੇਕਰ ਸੁਰੱਖਿਆ ਵਿਵਸਥਾ ਇਸੇ ਤਰ੍ਹਾਂ ਕਮਜ਼ੋਰ ਰਹੀ ਤਾਂ ਅੱਕੇ ਹੋਏ ਲੋਕ ਸਰਕਾਰ ਨੂੰ ਹੀ ਕਮਜ਼ੋਰ ਕਰ ਦੇਣਗੇ। ਇਸ ਲਈ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਉੱਤੇ ਬਹੁਤ ਭਰੋਸਾ ਕਰ ਕੇ ਪੰਜਾਬ ਵਿਚ ਸਰਕਾਰ ਬਣਾਈ ਸੀ, ਉਹਨਾਂ ਦਾ ਭਰੋਸਾ ਕਾਇਮ ਰੱਖਣਾ ਸਰਕਾਰ ਦਾ ਫਰਜ਼ ਬਣਦਾ ਹੈ। ਆਮੀਨ!