101 ਕਿਸਾਨ ਪੈਦਲ ‘ਦਿੱਲੀ ਚਲੋ’ ਮਾਰਚ ਸ਼ੁਰੂ ਕਰਨ ਲਈ ਤਿਆਰ, ਪੁਲੀਸ ਪੱਬਾਂ ਭਾਰ

101 ਕਿਸਾਨ ਪੈਦਲ ‘ਦਿੱਲੀ ਚਲੋ’ ਮਾਰਚ ਸ਼ੁਰੂ ਕਰਨ ਲਈ ਤਿਆਰ, ਪੁਲੀਸ ਪੱਬਾਂ ਭਾਰ

ਚੰਡੀਗੜ੍ਹ,(ਪੰਜਾਬੀ ਰਾਈਟਰ)- 101 ਕਿਸਾਨਾਂ ਦੇ ਵਫ਼ਦ ਵੱਲੋਂ ‘ਦਿੱਲੀ ਚਲੋ’ ਰੋਸ ਮਾਰਚ ਦੇ ਸਮਰਥਨ ਵਿੱਚ ਹਰਿਆਣਾ ਦੀਆਂ ਦੋ ਅੰਤਰਰਾਜੀ ਸਰਹੱਦਾਂ ’ਤੇ ਮੁੱਖ ਤੌਰ ’ਤੇ ਪੰਜਾਬ ਦੇ ਹਜ਼ਾਰਾਂ ਪ੍ਰਦਰਸ਼ਨਕਾਰੀ ਕਿਸਾਨ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦੀ ਕਾਨੂੰਨੀ ਗਾਰੰਟੀ ਅਤੇ ਕਰਜ਼ਾ ਮੁਆਫੀ ਸਮੇਤ ਉਨ੍ਹਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਤਹਿਤ ਮਾਰਚਦੁਪਹਿਰ 1 ਵਜੇ ਦੇ ਕਰੀਬ ਸ਼ੁਰੂ ਹੋਵੇਗਾ।

ਕੌਮੀ ਰਾਜਧਾਨੀ ਵੱਲ ਮਾਰਚ ਸ਼ੁਰੂ ਕਰਨ ਦੀ ਘੋਸ਼ਣਾ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ (ਕੇਐੱਮਐੱਮ) ਦੇ ਬੈਨਰ ਹੇਠ ਫਰਵਰੀ ਵਿਚ ਦਿੱਲੀ ਪਹੁੰਚਣ ਦੀਆਂ ਦੋ ਕੋਸ਼ਿਸ਼ਾਂ ਨੂੰ ਸੁਰੱਖਿਆ ਬਲਾਂ ਵੱਲੋਂ ਰੋਕੇ ਜਾਣ ਤੋਂ ਬਾਅਦ ਕੀਤਾ ਗਿਆ ਸੀ। ਕਿਸਾਨ 13 ਫਰਵਰੀ ਤੋਂ ਸ਼ੰਭੂ ਅਤੇ ਖਨੌਰੀ ਦੇ ਬਾਰਡਰ ’ਤੇ ਬੈਠੇ ਹਨ।

ਦੱਸਣਯੋਗ ਹੈ ਕਿ ਖਨੌਰੀ ਸਰਹੱਦ ’ਤੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ 11ਵੇਂ ਦਿਨ (6 ਦਸੰਬਰ ਨੂੰ) ਵਿੱਚ ਦਾਖਲ ਹੋ ਗਈ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪ੍ਰੈਸ ਨੂੰ ਦੱਸਿਆ ਕਿ ਅੱਜ ਦੁਪਹਿਰ 1 ਵਜੇ 101 ਕਿਸਾਨਾਂ ਦਾ ਇੱਕ ਵਫ਼ਦ ਸ਼ੰਭੂ ਸਰਹੱਦ ਤੋਂ ਪੈਦਲ ਦਿੱਲੀ ਵੱਲ ਸ਼ਾਂਤੀਪੂਰਵਕ ਚੱਲੇਗਾ। ਕਿਸਾਨ ਆਗੂਆਂ ਅਤੇ ਕੇਂਦਰ ਸਰਕਾਰ ਵਿਚਾਲੇ ਆਖਰੀ ਦੌਰ ਦੀ ਗੱਲਬਾਤ ਦਾ ਕੋਈ ਨਤੀਜਾ ਨਹੀਂ ਨਿਕਲਿਆ ਕਿਉਂਕਿ ਪ੍ਰਦਰਸ਼ਨਕਾਰੀ ਟਰੈਕਟਰ-ਟਰਾਲੀਆਂ ਦੀ ਬਜਾਏ ਪੈਦਲ ਹੀ ਰਾਸ਼ਟਰੀ ਰਾਜਧਾਨੀ ਪਹੁੰਚਣ ਸਮੇਤ ਆਪਣੀਆਂ ਮੰਗਾਂ ‘ਤੇ ਅੜੇ ਹੋਏ ਸਨ।

ਪੰਜਾਬ ਅਤੇ ਹਰਿਆਣਾ ਪ੍ਰਸ਼ਾਸਨ ਨੇ ਕੀਤੀ ਸਖ਼ਤੀ
ਕਿਸਾਨਾਂ ਦੇ ਹਰਿਆਣਾ ਵਿੱਚ ਜ਼ਬਰਦਸਤੀ ਦਾਖਲੇ ਨੂੰ ਰੋਕਣ ਲਈ ਦੋਹਾਂ ਸੂਬਿਆਂ ਦੀ ਪੁਲੀਸ ਤਾਇਨਾਤ ਕੀਤੀ ਗਈ ਹੈ ਅਤੇ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਹਾਲਾਂਕਿ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਹੁਣ ਤੱਕ ਕਿਸੇ ਹਿੰਸਾ ਜਾਂ ਤਾਕਤ ਦੀ ਵਰਤੋਂ ਦੀ ਕੋਈ ਰਿਪੋਰਟ ਨਹੀਂ ਹੈ। ਹਰਿਆਣਾ ਦੇ ਅੰਬਾਲਾ ਵਿੱਚ ਤਾਇਨਾਤ ਪੁਲਿਸ ਸੁਪਰਡੈਂਟ ਸੁਰੇਂਦਰ ਸਿੰਘ ਭੋਰੀਆ ਨੇ ਮੀਡੀਆ ਨੂੰ ਦੱਸਿਆ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ। ਮੈਂ ਸਾਰੇ ਕਿਸਾਨਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਬੇਨਤੀ ਕਰਦਾ ਹਾਂ।

ਉਹ ਲੋੜੀਂਦੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਦਿੱਲੀ ਜਾ ਸਕਦੇ ਹਨ। ਅੰਬਾਲਾ ਦੇ ਜ਼ਿਲ੍ਹਾ ਮੈਜਿਸਟਰੇਟ ਨੇ ਪੈਦਲ, ਵਾਹਨ ਜਾਂ ਕਿਸੇ ਹੋਰ ਢੰਗ ਨਾਲ ਜਲੂਸ ਕੱਢਣ ’ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਅੰਬਾਲਾ ਜ਼ਿਲ੍ਹੇ ਵਿੱਚ ਪੰਜ ਜਾਂ ਪੰਜ ਤੋਂ ਵੱਧ ਅਣਅਧਿਕਾਰਤ ਲੋਕਾਂ ਦੇ ਇਕੱਠੇ ਹੋਣ ’ਤੇ ਪਾਬੰਦੀ ਹੈ।

ਕਿਸਾਨਾਂ ਦੇ ਹੌਂਸਲੇ ਬੁਲੰਦ

ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਉਹ ਲੰਮਾ ਸੰਘਰਸ਼ ਕਰਨ ਲਈ ਤਿਆਰ ਹੋ ਕੇ ਆਏ ਹਨ। ਉਨ੍ਹਾਂ ਵਿੱਚੋਂ ਬਹੁਤ ਸਾਰੇ ਆਪਣੇ ਟਰੈਕਟਰ-ਟਰਾਲੀਆਂ ’ਤੇ ਸਬਜ਼ੀਆਂ, ਆਟੇ ਦੀਆਂ ਬੋਰੀਆਂ, ਦਾਲ ਅਤੇ ਰਸੋਈ ਦਾ ਤੇਲ ਲੈ ਕੇ ਆਏ ਸਨ। ਪ੍ਰਦਰਸ਼ਨਕਾਰੀ ਕਿਸਾਨ, ਜਿਨ੍ਹਾਂ ਵਿੱਚ ਮਰਦ, ਔਰਤਾਂ, ਨੌਜਵਾਨ ਅਤੇ ਬਜ਼ੁਰਗ ਸ਼ਾਮਲ ਹਨ, ਟਰੈਕਟਰ-ਟਰਾਲੇ, ਕਾਰਾਂ ਅਤੇ ਮੋਟਰਸਾਈਕਲਾਂ ’ਤੇ ਸਵਾਰ ਹਰਿਆਣਾ ਦੀਆਂ ਸਰਹੱਦਾਂ ‘ਤੇ ਇਕੱਠੇ ਹੋ ਰਹੇ ਹਨ।

ਇਕੱਠੇ ਹੋਏ ਕਿਸਾਨਾਂ ਨੇ ਆਪਣੇ ਟੈਂਟ ਲਾ ਲਏ ਹਨ ਅਤੇ ਆਪਣੇ ਵਾਹਨ, ਜ਼ਿਆਦਾਤਰ ਟਰੈਕਟਰ-ਟਰਾਲੇ, ਅੰਤਰਰਾਜੀ ਸਰਹੱਦਾਂ ਨੂੰ ਜਾਣ ਵਾਲੀਆਂ ਸੜਕਾਂ ’ਤੇ ਖੜ੍ਹੇ ਕੀਤੇ ਹੋਏ ਹਨ। ਇੱਥੋਂ ਤੱਕ ਕਿ ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਭੋਜਨ ਪਰੋਸਣ ਲਈ ਅਸਥਾਈ ਰਸੋਈ ਵੀ ਸਥਾਪਤ ਕੀਤੀ ਹੈ। ਮੋਗਾ ਦੇ ਇੱਕ ਕਿਸਾਨ ਗੁਰਦੇਵ ਸਿੰਘ ਨੇ ਕਿਹਾ, “ਅਸੀਂ ਦੋ-ਤਿੰਨ ਮਹੀਨਿਆਂ ਤੱਕ ਦਾ ਰਾਸ਼ਨ ਲੈ ਕੇ ਜਾ ਰਹੇ ਹਾਂ।’’

ਉਧਰ ਪੰਜਾਬ ਅਤੇ ਹਰਿਆਣਾ ਦੋਵਾਂ ਪੁਲੀਸ ਨੇ ਇੱਕ ਯਾਤਰਾ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ਵਿੱਚ ਮੁਸਾਫਰਾਂ ਨੂੰ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਸ਼ੰਭੂ ਅਤੇ ਖਨੌਰੀ ਸਰਹੱਦਾਂ ਦੇ ਨਾਲ ਕੁਝ ਹਿੱਸਿਆਂ ਤੋਂ ਬਚਣ ਲਈ ਕਿਹਾ ਗਿਆ ਹੈ।