ਆਪ ਬੀਤੀ : ਸਫ਼ਰ ਦੇ ਸਬਕ

ਆਪ ਬੀਤੀ : ਸਫ਼ਰ ਦੇ ਸਬਕ

ਸਫ਼ਰ ਸਿਰਫ਼ ਮੰਜ਼ਿਲ ’ਤੇ ਪਹੁੰਚਣ ਲਈ ਨਹੀਂ ਹੁੰਦੇ ਸਗੋਂ ਬਹੁਤ ਕੁਝ ਸਿੱਖਣ, ਸਿਖਾਉਣ ਲਈ ਹੁੰਦੇ ਹਨ। ਸਫ਼ਰ ਸਾਡੇ ਜ਼ਿਹਨ ਵਿੱਚ ਬਹੁਤ ਕੁਝ ਤਾਜ਼ਾ ਛੱਡ ਦਿੰਦੇ ਹਨ। ਸਫ਼ਰ ’ਤੇ ਹੁੰਦਿਆਂ ਜਦੋਂ ਤੁਸੀਂ ਕਿੰਨੀਆਂ ਸਾਰੀਆਂ ਥਾਵਾਂ ਅਤੇ ਲੋਕਾਂ ਨੂੰ ਮਿਲਦੇ ਹੋ ਤਾਂ ਤੁਹਾਡੇ ਗਿਆਨ, ਅਨੁਭਵ ਅਤੇ ਸੋਚਣ ਸ਼ਕਤੀ ਵਿੱਚ ਕਾਫ਼ੀ ਵਾਧਾ ਹੁੰਦਾ ਹੈ। ਕਈ ਵਾਰ ਅਨਪੜ੍ਹ ਬੰਦੇ ਵੀ ਤੁਹਾਨੂੰ ਪੜ੍ਹੇ ਲਿਖਿਆਂ ਤੋਂ ਵੱਧ ਗਿਆਨ ਦੇ ਜਾਂਦੇ ਹਨ, ਤੁਹਾਡੀ ਝੋਲੀ ਭਰ ਜਾਂਦੇ ਹਨ। ਤੁਹਾਨੂੰ ਜ਼ਿੰਦਗੀ ਦਾ ਸਬਕ ਦੇ ਜਾਂਦੇ ਹਨ। ਇਸ ਸਬੰਧੀ ਮੈਨੂੰ ਦੋ ਘਟਨਾਵਾਂ ਚੇਤੇ ਆ ਰਹੀਆਂ ਹਨ। ਪਹਿਲੀ ਘਟਨਾ ਉਨ੍ਹਾਂ ਦਿਨਾਂ ਦੀ ਹੈ ਜਦੋਂ ਨੈਸ਼ਨਲ ਹਾਈਵੇ ਨੰਬਰ ਸੱਤ ਬਣ ਰਿਹਾ ਸੀ ਤੇ ਬਠਿੰਡੇ ਤੋਂ ਆਉਣ ਵਾਲਾ ਬਹੁਤ ਸਾਰਾ ਟ੍ਰੈਫਿਕ ਮਾਨਸਾ, ਸੁਨਾਮ ਹੋ ਕੇ ਆਉਂਦਾ ਸੀ। ਭਾਈ ਬਖਤੌਰ ਪਿੰਡ ਦੇ ਕੋਲ ਹੁਣ ਭਾਵੇਂ ਫਲਾਈਓਵਰ ਬਣ ਗਿਆ ਹੈ ਪਰ ਉਦੋਂ ਇਹ ਫਲਾਈਓਵਰ ਵੀ ਨਹੀਂ ਸੀ। ਰੇਲਵੇ ਲਾਈਨ ਦੇ ਦੋਵੇਂ ਪਾਸੇ ਭਾਈ ਬਖਤੌਰ ਪਿੰਡ ਕੋਲ ਅਕਸਰ ਸਬਜ਼ੀਆਂ, ਫਲਾਂ ਵਾਲਿਆਂ ਦੀਆਂ ਰੇਹੜੀਆਂ ਲੱਗੀਆਂ ਹੁੰਦੀਆਂ ਸਨ। ਮੈਂ ਜਦੋਂ ਕਦੇ ਵੀ ਇੱਧਰ ਦੀ ਆਉਣਾ ਤਾਂ ਭਾਈ ਬਖਤੌਰ ਦੇ ਇਨ੍ਹਾਂ ਫਾਟਕਾਂ ਕੋਲ ਇਸ ਖਿੱਤੇ ਵਿੱਚ ਹੋਣ ਵਾਲੀਆਂ ਬਹੁਤ ਸਾਰੀਆਂ ਦੇਸੀ ਚੀਜ਼ਾਂ ਇੱਥੋਂ ਲੈ ਲੈਣੀਆਂ ਜੋ ਪਟਿਆਲੇ ਤੋਂ ਘੱਟ ਮਿਲਦੀਆਂ ਹਨ, ਜਿਵੇਂ ਝਾੜ ਕਰੇਲੇ, ਗਵਾਰੇ ਦੀਆਂ ਫਲੀਆਂ, ਦੇਸੀ ਖੱਖੜੀਆਂ, ਬੇਰ, ਹਰਾ ਛੋਲੀਆ ਆਦਿ। ਇੱਕ ਦਿਨ ਫਰਵਰੀ ਦੇ ਮਹੀਨੇ ਮੈਂ ਪਿੰਡੋਂ ਪਟਿਆਲੇ ਨੂੰ ਵਾਇਆ ਮੌੜ-ਮਾਨਸਾ ਆ ਰਿਹਾ ਸਾਂ। ਜਦੋਂ ਹੀ ਮੈਂ ਭਾਈ ਬਖਤੌਰ ਵਾਲਾ ਫਾਟਕ ਪਾਰ ਕੀਤਾ ਤਾਂ ਕਾਰ ਫਾਟਕ ਟੱਪਣ ਸਾਰ ਅਗਲੇ ਪਾਸੇ ਲਗਾ ਲਈ ਕਿਉਂਕਿ ਮੈਨੂੰ ਉੱਥੇ ਬੇਰਾਂ ਵਾਲੀ ਰੇਹੜੀ ਖੜ੍ਹੀ ਦਿਸੀ। ਮੈਂ ਕਾਰ ਵਿੱਚੋਂ ਉਤਰਿਆ। 70-75 ਵਰ੍ਹਿਆਂ ਦਾ ਬਾਬਾ ਬੇਰ ਵੇਚ ਰਿਹਾ ਸੀ। ਮੈਂ ਭਾਅ ਪੁੱਛੇ ਬਗੈਰ ਬਾਬੇ ਨੂੰ ਕਿਹਾ ਕਿ ਬਾਬਾ ਦੋ ਕਿਲੋ ਤੋਲ ਦੇ। ਬਾਬੇ ਨੇ ਆਪਣੇ ਕੰਡੇ ਵਿੱਚ ਬੇਰ ਪਾਏ, ਕੰਡਾ ਬਰਾਬਰ ਹੋਇਆ, ਪਰ ਮੈਨੂੰ ਬੇਰ ਦੋ ਕਿਲੋ ਨਹੀਂ ਲੱਗ ਰਹੇ ਸਨ। ਮੈਂ ਬਾਬੇ ਨੂੰ ਕਿਹਾ ਕਿ ਬਾਬਾ ਜੀ ਇਹ ਕੰਡਾ ਠੀਕ ਹੈ? ਬਾਬੇ ਨੇ ਝੱਟ ਆਪਣੇ ਕੰਡੇ ਨੂੰ ਚੈੱਕ ਕੀਤਾ, ਬੇਰ ਸਚਮੁੱਚ ਘੱਟ ਸਨ, ਕੰਡਾ ਕਿਤੇ ਅੜਿਆ ਹੋਇਆ ਸੀ। ਬਾਬੇ ਨੇ ਮੇਰਾ ਸਮਾਨ ਪੂਰਾ ਕੀਤਾ ਤੇ ਨਾਲ ਹੀ ਮੈਨੂੰ ਧੰਨਵਾਦੀ ਸ਼ਬਦ ਬੋਲੇ ਕਿ “ਜਵਾਨਾ, ਸ਼ੁਕਰ ਹੈ ਤੂੰ ਮੈਨੂੰ ਬਹੁਤ ਵੱਡੇ ਪਾਪ ਤੋਂ ਬਚਾਅ ਲਿਆ ਹੈ। ਇਹ ਹਿਸਾਬ ਮੈਨੂੰ ਪਤਾ ਨਹੀਂ ਕਿੱਥੇ ਦੇਣਾ ਪੈਂਦਾ, ਇਸ ਦੁਨੀਆ ਵਿੱਚ ਜਾਂ ਕਿਤੇ ਫਿਰ ਅਗਲੀ ਦੁਨੀਆ ਵਿੱਚ।’’ ਉਹ ਵਾਰ ਵਾਰ ਬਹੁਤ ਨਿਮਾਣੇ ਢੰਗ ਨਾਲ ਮੁਖਾਤਿਬ ਹੋ ਰਿਹਾ ਸੀ। ਮੈਂ ਕਿਹਾ, ‘‘ਬਾਬਾ ਜੀ, ਕੋਈ ਗੱਲ ਨਹੀਂ। ਤੁਹਾਡੀ ਕੀ ਗਲਤੀ ਹੈ? ਇਹ ਤਾਂ ਕੰਡੇ ਦੀ ਖਰਾਬੀ ਕਰਕੇ ਹੋਇਆ।’’ ਪਰ ਉਹ ਕਹਿੰਦਾ, ‘‘ਪੁੱਤਰਾ, ਜੇ ਤੂੰ ਇੰਝ ਹੀ ਚਲਾ ਜਾਂਦਾ ਤਾਂ ਇਹ ਘਾਟਾ ਮੇਰੇ ਕਰਮਾਂ ਵਿੱਚ ਕਿਤੇ ਲਿਖਿਆ ਜਾਣਾ ਸੀ ਤੇ ਕਰਮਾਂ ਦਾ ਹਿਸਾਬ ਤਾਂ ਪੁੱਤ ਦੇਣਾ ਹੀ ਪੈਂਦਾ ਹੈ।’’ ਮੈਨੂੰ ਬਾਬਾ ਕਿਸੇ ਵੱਡੇ ਦਾਰਸ਼ਨਿਕ ਤੋਂ ਘੱਟ ਨਹੀਂ ਸੀ ਜਾਪ ਰਿਹਾ। ਮੈਨੂੰ ਲੱਗਿਆ ਕਿ ਬਾਬੇ ਨੇ ਮੈਨੂੰ ਕਿੱਡਾ ਵੱਡਾ ਸਬਕ ਦਿੱਤਾ ਹੈ ਕਿ ਜ਼ਿੰਦਗੀ ਵਿੱਚ ਕਿਸੇ ਨੂੰ ਘੱਟ ਨਾ ਤੋਲੋ, ਜੇ ਤੋਲਣਾ ਹੈ ਤਾਂ ਹਰ ਸਮੇਂ ਪੂਰਾ ਤੋਲੋ। ਬਾਬੇ ਦੇ ਬੋਲ ਮੇਰੇ ਅਕਸਰ ਚੇਤੇ ਰਹਿੰਦੇ ਹਨ। ਮੇਰੀ ਜ਼ਿੰਦਗੀ ਦਾ ਸਬਕ ਬਣ ਗਏ ਹਨ।
ਸਫ਼ਰ ਦੀ ਇੱਕ ਹੋਰ ਘਟਨਾ ਮੇਰੇ ਜ਼ਿਹਨ ਵਿੱਚ ਆ ਰਹੀ ਹੈ। ਮੈਂ ਇੱਕ ਵਾਰ ਲੁਧਿਆਣੇ ਤੋਂ ਬਠਿੰਡੇ ਬਸ ਵਿੱਚ ਜਾ ਰਿਹਾ ਸਾਂ। ਮੇਰੀ ਅਗਲੀ ਸੀਟ ’ਤੇ ਦੋ ਬੰਦੇ ਬੈਠੇ ਸਨ। ਜਦੋਂ ਬੱਸ ਬਠਿੰਡੇ ਬੱਸ ਅੱਡੇ ਪਹੁੰਚੀ ਤਾਂ ਸਾਰੀਆਂ ਸਵਾਰੀਆਂ ਉਤਰਨ ਲੱਗੀਆਂ। ਮੇਰੇ ਅੱਗੇ ਬੈਠੇ ਦੋਵਾਂ ’ਚੋਂ ਇੱਕ ਬੰਦਾ ਜਲਦੀ ਵਿੱਚ ਉੱਤਰ ਗਿਆ ਤੇ ਆਪਣਾ ਥੈਲਾ ਸੀਟ ’ਤੇ ਭੁੱਲ ਗਿਆ। ਮੈਂ ਅਤੇ ਅਗਲੀ ਸੀਟ ਵਾਲਾ ਦੂਜਾ ਬੰਦਾ ਅਜੇ ਬੱਸ ਵਿੱਚ ਹੀ ਬੈਠੇ ਸਾਂ ਕਿਉਂਕਿ ਭੀੜ ਸੀ। ਮੇਰੀ ਅਗਲੀ ਸੀਟ ਵਾਲੇ ਬੰਦੇ ਨੇ ਥੈਲਾ ਚੁੱਕਿਆ ਤੇ ਉਸ ਨੂੰ ਫਰੋਲਣ ਲੱਗ ਪਿਆ। ਉਸ ਨੇ ਦੇਖਿਆ ਉਸ ਥੈਲੇ ਵਿੱਚ ਪੰਜ-ਪੰਜ ਸੌ ਦੇ ਨੋਟਾਂ ਦੀ ਪੂਰੀ ਗੱਥੀ ਸੀ। ਉਸ ਨੇ ਮੇਰੇ ਵੱਲ ਪਿੱਛੇ ਨੂੰ ਮੂੰਹ ਘੁਮਾਇਆ ਤੇ ਕਿਹਾ ਕਿ ਉਹ ਬੰਦਾ ਆਪਣੇ ਪੈਸੇ ਭੁੱਲ ਗਿਆ ਹੈ, ਹੁਣ ਕੀ ਕਰੀਏ। ਅਸੀਂ ਥੱਲੇ ਉਤਰੇ। ਆਸੇ-ਪਾਸੇ ਉਸ ਨੂੰ ਦੇਖਣ ਲੱਗੇ ਪਰ ਉਹ ਕਿਤੇ ਨਜ਼ਰ ਨਾ ਆਇਆ। ਅਸੀਂ ਸਲਾਹ ਕਰਕੇ ਥੋੜ੍ਹਾ ਚਿਰ ਉੱਥੇ ਹੀ ਰੁਕਣ ਦਾ ਫ਼ੈਸਲਾ ਕੀਤਾ। ਥੈਲੇ ਅੰਦਰ ਕੋਈ ਅਤਾ-ਪਤਾ ਵੀ ਨਹੀਂ ਸੀ, ਬਸ ਇੱਕ ਕੁੜਤਾ ਤੇ ਇੱਕ ਸਾਫਾ ਸੀ। ਖ਼ੈਰ! ਥੋੜ੍ਹੀ ਦੇਰ ਬਾਅਦ ਥੈਲੇ ਵਾਲਾ ਬੰਦਾ ਬੱਸ ਵੱਲ ਸਾਹੋ-ਸਾਹ ਭੱਜਿਆ ਆ ਰਿਹਾ ਸੀ। ਸਾਨੂੰ ਤਸੱਲੀ ਹੋਈ। ਮੇਰੇ ਨਾਲ ਖੜ੍ਹੇ ਸਾਥੀ ਨੇ ਆਪਣੇ ਨਾਲ ਬੈਠੇ ਸਾਥੀ ਦਾ ਥੈਲਾ ਉਸੇ ਰੂਪ ’ਚ ਵਾਪਸ ਕਰ ਦਿੱਤਾ। ਪੈਸੇ ਭੁੱਲਣ ਵਾਲਾ ਬੰਦਾ ਵਿਛ-ਵਿਛ ਜਾ ਰਿਹਾ ਸੀ। ਉਸ ਬੰਦੇ ਦਾ ਧੰਨਵਾਦ ਕਰ ਰਿਹਾ ਸੀ। ਕਹਿ ਰਿਹਾ ਸੀ ਕਿ ਅੱਜਕੱਲ੍ਹ ਤਾਂ ਕੋਈ 10 ਰੁਪਏ ਡਿੱਗੇ ਨਹੀਂ ਮੋੜਦਾ, ਤੁਸੀਂ ਇੰਨੀ ਵੱਡੀ ਰਕਮ ਮੈਨੂੰ ਉਸੇ ਰੂਪ ਵਿੱਚ ਦੇ ਰਹੇ ਹੋ। ਜੇ ਮੇਰਾ ਥੈਲਾ ਨਾ ਮਿਲਦਾ ਤਾਂ ਮੈਂ ਘਰ ਕਿਵੇਂ ਜਾਂਦਾ। ਮੈਂ ਘਰ ਮੂੰਹ ਦਿਖਾਉਣ ਜੋਗਾ ਨਹੀਂ ਸੀ ਰਹਿਣਾ। ਖ਼ੈਰ! ਉਸ ਬੰਦੇ ਦਾ ਥੈਲਾ ਦੇ ਕੇ ਅਸੀਂ ਨਿੱਖੜ ਗਏ।
ਮੈਂ ਬਠਿੰਡੇ ਬਸ ਅੱਡੇ ਦੇ ਪਿਛਲੇ ਗੇਟ ਰਾਹੀਂ ਬਾਹਰ ਨਿਕਲਿਆ। ਬਸ ਅੱਡੇ ਦੇ ਪਿੱਛੇ ਮੇਰੇ ਕਾਲਜ ਸਮੇਂ ਦੇ ਇੱਕ ਦੋਸਤ ਦੀ ਫੋਟੋਗ੍ਰਾਫੀ ਦੀ ਦੁਕਾਨ ਹੈ। ਮੈਂ ਉਸ ਨੂੰ ਮਿਲਣ ਉਸ ਦੀ ਦੁਕਾਨ ਵਿੱਚ ਵੜ ਗਿਆ। ਬਸ ਅੱਡੇ ਦੇ ਪਿੱਛੇ ਸਬਜ਼ੀ ਦੀਆਂ ਕੁਝ ਰੇਹੜੀਆਂ ਲੱਗਦੀਆਂ ਹਨ ਜਿਸ ਨੂੰ ਛੋਟੀ ਸਬਜ਼ੀ ਮੰਡੀ ਵੀ ਕਿਹਾ ਜਾਂਦਾ ਹੈ। ਮੈਨੂੰ ਦੁਕਾਨ ਵਿੱਚ ਬੈਠੇ ਨੂੰ ਅੱਧਾ ਕੁ ਘੰਟਾ ਹੋਇਆ ਸੀ ਸਬਜ਼ੀ ਮੰਡੀ ਵਿੱਚ ਰੌਲਾ ਪੈਂਦਾ ਜਾਪਿਆ। ਅਸੀਂ ਦੇਖਿਆ ਦੋ ਬੰਦੇ ਹੱਥੋਪਾਈ ਹੋ ਰਹੇ ਸਨ। ਅਸੀਂ ਵੀ ਦੁਕਾਨ ’ਚੋਂ ਨਿਕਲ ਕੇ ਇਸ ਲੜਾਈ ਨੂੰ ਦੇਖਣ ਚਲੇ ਗਏ। ਮੈਂ ਦੇਖ ਕੇ ਹੈਰਾਨ ਹੋਇਆ ਕਿ ਲੜਾਈ ਵਿੱਚ ਉਹ ਬੰਦਾ ਵੀ ਸ਼ਾਮਿਲ ਸੀ ਜਿਸ ਨੇ ਪੈਸਿਆਂ ਵਾਲਾ ਥੈਲਾ ਵਾਪਸ ਕੀਤਾ ਸੀ। ਉਸ ਬੰਦੇ ਕਰਕੇ ਮੈਂ ਝਗੜੇ ਵਿੱਚ ਦਖਲਅੰਦਾਜ਼ੀ ਕੀਤੀ ਕਿ ਆਖ਼ਰ ਕੀ ਗੱਲ ਹੋਈ? ਰੇਹੜੀ ਵਾਲੇ ਨੇ ਦੱਸਿਆ ਕਿ ਇਹ ਬੰਦਾ ਮੇਰੀ ਰੇਹੜੀ ਤੋਂ ਕਿਲੋ ਆਲੂਆਂ ਵਾਲਾ ਲਿਫ਼ਾਫ਼ਾ ਚੁੱਕ ਕੇ ਆਪਣੇ ਥੈਲੇ ਵਿੱਚ ਪਾ ਰਿਹਾ ਸੀ ਜੋ ਉਸ ਨੇ ਪਹਿਲਾਂ ਹੀ ਪੈਕ ਕਰ ਰੱਖਿਆ ਸੀ। ਮੈਂ ਰੇਹੜੀ ਵਾਲੇ ਨੂੰ ਸਮਝਾਇਆ, ‘‘ਇਹ ਤਾਂ ਬੜਾ ਨੇਕ ਬੰਦਾ ਹੈ। ਤੈਨੂੰ ਕੋਈ ਗਲਤਫਹਿਮੀ ਹੋਈ ਹੋਣੀ ਹੈ।’’ ਰੇਹੜੀ ਵਾਲਾ ਕਹਿੰਦਾ, ‘‘ਆਹ ਦੇਖੋ ਜੀ ਇਹਦਾ ਥੈਲਾ ਤੇ ਆਹ ਵਿੱਚ ਮੇਰੇ ਆਲੂ ਵਾਲਾ ਪੈਕੇਟ।’’ ਕਾਫ਼ੀ ਗਰਮਾ-ਗਰਮੀ ਤੋਂ ਬਾਅਦ ਉਹ ਬੰਦਾ ਮੰਨ ਗਿਆ ਕਿ ਉਸ ਨੇ ਆਲੂ ਚੋਰੀ ਕੀਤੇ ਹਨ। ਮੈਂ ਹੈਰਾਨ ਸਾਂ ਇੱਕੋ ਬੰਦੇ ਦੇ ਦੋ ਰੂਪ। ਮੈਂ ਉਸ ਨੂੰ ਕਿਹਾ, ‘‘ਤੂੰ ਘੰਟਾ ਪਹਿਲਾਂ ਤਾਂ ਇੱਕ ਬੰਦੇ ਦਾ ਪੰਜਾਹ ਹਜ਼ਾਰ ਲੱਭਿਆ ਵਾਪਸ ਕੀਤਾ ਹੈ ਤੇ ਇੱਥੇ ਕਿਲੋ ਆਲੂ ਦੀ ਚੋਰੀ ਕਰ ਰਿਹਾ ਹੈਂ। ਇਹ ਕੀ ਮਾਜਰਾ ਹੈ?’’ ਉਹ ਬੰਦਾ ਨਿੰਮੋਝੂਣਾ ਜਿਹਾ ਹੁੰਦਾ ਬੋਲਿਆ, ‘‘ਮੈਨੂੰ ਵੀ ਨਹੀਂ ਪਤਾ ਕਿ ਇਹ ਕਿਵੇਂ ਹੋ ਗਿਆ। ਅਸਲ ’ਚ ਇਹ ਮੇਰੇ ਮਨ ਦੀ ਹੀ ਤਬਦੀਲੀ ਹੈ। ਜਦੋਂ ਮੈਨੂੰ ਪੈਸਿਆਂ ਵਾਲਾ ਥੈਲਾ ਮਿਲਿਆ ਸੀ ਉਦੋਂ ਮੇਰਾ ਮਨ ਕਹਿੰਦਾ ਕਿ ਇਹ ਕਿਸੇ ਹੋਰ ਦੇ ਹਨ, ਤੇਰੀ ਅਮਾਨਤ ਨਹੀਂ... ਪਰ ਇੱਥੇ ਮੇਰਾ ਮਨ ਬਦਲ ਗਿਆ। ਮੈਨੂੰ ਅੱਜ ਪਤਾ ਲੱਗਾ ਕਿ ਦੁਨੀਆਂ ਇਹ ਕਿਉਂ ਕਹਿੰਦੀ ਹੈ ਕਿ ਮਨ ਜੀਤੇ ਜਗੁ ਜੀਤ।’’ ਉਸ ਬੰਦੇ ਦੀ ਗੱਲ ਸੁਣ ਕੇ ਤੇ ਕੁਝ ਹੋਰ ਬੰਦਿਆਂ ਨੇ ਵਿੱਚ ਪੈ ਕੇ ਝਗੜਾ ਖ਼ਤਮ ਕਰਾਇਆ। ਮੈਂ ਉਸ ਬੰਦੇ ਦੇ ਸਥਿਤੀ ਨਾਲ ਜਿਵੇਂ ਹਲੂਣਿਆ ਗਿਆ। ਮੈਨੂੰ ਲੱਗਿਆ ਕਿ ਸੱਚਮੁੱਚ ਮਨ ਨੂੰ ਜਿੱਤਣਾ ਕਿੰਨੀ ਵੱਡੀ ਗੱਲ ਹੈ, ਇਹ ਜੱਗ ਜਿੱਤਣ ਵਾਲੀ ਗੱਲ ਹੀ ਹੈ। ਸਾਨੂੰ ਹਮੇਸ਼ਾਂ ਇਸ ’ਤੇ ਕਾਬੂ ਪਾ ਕੇ ਰੱਖਣਾ ਚਾਹੀਦਾ ਹੈ, ਇਹ ਪਤਾ ਨਹੀਂ ਕਦੋਂ ਬਦਲ ਜਾਵੇ, ਕਦੋਂ ਬੇਈਮਾਨ ਹੋ ਜਾਵੇ। ਇਸ ਲਈ ਇਸ ਨੂੰ ਆਪਣੇ ਵੱਸ ’ਚ ਰੱਖਣਾ ਅਤਿਅੰਤ ਜ਼ਰੂਰੀ ਹੈ। ਸਫ਼ਰ ਦੇ ਇਹ ਖ਼ੂਬਸੂਰਤ ਸਬਕ ਸਦਾ ਮੇਰੇ ਨਾਲ ਰਹਿੰਦੇ ਹਨ।
* ਅਸਿਸਟੈਂਟ ਪ੍ਰੋਫੈਸਰ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 99141-50353