ਓਡੀਸ਼ਾ ਰੇਲ ਹਾਦਸੇ ਨੇ ਭਾਰਤੀ ਸਿਸਟਮ ’ਤੇ ਸਵਾਲ ਚੁੱਕਿਆ

ਓਡੀਸ਼ਾ ਰੇਲ ਹਾਦਸੇ ਨੇ ਭਾਰਤੀ ਸਿਸਟਮ ’ਤੇ ਸਵਾਲ ਚੁੱਕਿਆ

ਬੀਤੇ ਦਿਨੀਂ ਰਾਜਧਾਨੀ ਦਿੱਲੀ ਤੋਂ ਕਰੀਬ 1500 ਕਿਲੋਮੀਟਰ ਦੂਰ ਪੂਰਬ ਵਿੱਚ ਸਥਿਤ ਓਡੀਸ਼ਾ ਵਿੱਚ ਬਾਲਾਸੋਰ ਜ਼ਿਲ੍ਹੇ ਦੇ ਬਹਾਨਗਾ ਸਟੇਸ਼ਨ ਨੇੜੇ ਇੱਕ ਭਿਆਨਕ ਹਾਦਸਾ ਵਾਪਰਿਆ। ਇਹ ਖੇਤਰ ਈਸਟ ਕੋਸਟ ਰੇਲਵੇ ਅਧੀਨ ਆਉਂਦਾ ਹੈ। ਇਸ ਹਾਦਸੇ ਦੀ ਗਿਣਤੀ ਭਾਰਤ ਵਿੱਚ ਹੁਣ ਤੱਕ ਦੇ ਸਭ ਤੋਂ ਭਿਆਨਕ ਰੇਲ ਹਾਦਸਿਆਂ ਵਿੱਚ ਕੀਤੀ ਜਾ ਰਹੀ ਹੈ। 12841 ਨੰਬਰ ਰੇਲਗੱਡੀ ਸ਼ਾਲੀਮਾਰ-ਮਦਰਾਸ ਕੋਰੋਮੰਡਲ ਐਕਸਪ੍ਰੈੱਸ ਆਪਣੇ ਸਹੀ ਸਮੇਂ ’ਤੇ ਹਾਵੜਾ ਨੇੜੇ ਸ਼ਾਲੀਮਾਰ ਰੇਲਵੇ ਸਟੇਸ਼ਨ ਤੋਂ ਚੇਨੱਈ ਲ਼ਈ ਰਵਾਨਾ ਹੋਈ। ਇਹ ਰੇਲ ਗੱਡੀ ਸ਼ਾਮ 5.05 ਵਜੇ ਖੜਗਪੁਰ ਸਟੇਸ਼ਨ ਤੋਂ ਚੱਲਣੀ ਸ਼ੁਰੂ ਹੋਈ ਅਤੇ ਸ਼ਾਮੀ 7 ਵਜੇ ਬਾਲਾਸੋਰ ਨੇੜੇ ਬਹਾਨਗਾ ਬਾਜ਼ਾਰ ਦੇ ਰੇਲਵੇ ਸਟੇਸ਼ਨ ਵੱਲ ਜਾ ਰਹੀ ਸੀ। ਇਸ ਰੇਲਗੱਡੀ ਨੇ ਬਹਾਨਗਾ ਸਟੇਸ਼ਨ ’ਤੇ ਰੁਕੇ ਬਿਨਾਂ ਸਿੱਧੀ ਅੱਗੇ ਜਾਣਾ ਸੀ, ਪਰ ਇਹ ਸਟੇਸ਼ਨ ’ਤੇ ਮੇਨ ਲਾਈਨ ਦੀ ਬਜਾਏ ਲੂਪ ਲਾਈਨ ਵੱਲ ਚਲੀ ਗਈ। ਇਸ ਸਟੇਸ਼ਨ ’ਤੇ ਲੂਪ ਲਾਈਨ ਉੱਪਰ ਇੱਕ ਮਾਲ ਗੱਡੀ ਖੜ੍ਹੀ ਸੀ ਅਤੇ ਤੇਜ ਰਫ਼ਤਾਰ ਕੋਰੋਮੰਡਲ ਐਕਸਪ੍ਰੈੱਸ ਨੇ ਪਿੱਛਿਓ ਮਾਲ ਗੱਡੀ ਨੂੰ ਟੱਕਰ ਮਾਰ ਦਿੱਤੀ। ਜਦੋ ਕੋਰੋਮੰਡਲ ਐਕਸਪ੍ਰੈੱਸ ਨੇ ਮਾਲ ਗੱਡੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਤਾਂ ਟਰੇਨ ਦੇ 12 ਡੱਬੇ ਪੱਟੜੀ ਤੋਂ ਉੱਤਰ ਗਏ। ਇਸ ਦੇ ਕੁਝ ਡੱਬੇ ਡਿੱਗ ਗਏ ਅਤੇ ਦੂਜੇ ਪਾਸੇ ਡਾਊਨ ਲਾਈਨ ’ਤੇ ਪਹੁੰਚ ਗਏ। ਇਹ ਡੱਬੇ ਉਸ ਲਾਈਨ ’ਤੇ ਆ ਰਹੀ ਯਸ਼ਵੰਤਪੁਰ-ਹਾਵੜਾ ਐਕਸਪ੍ਰੈੱਸ ਦੇ ਪਿਛਲੇ ਹਿੱਸੇ ਨਾਲ ਟਕਰਾ ਗਏ। ਇਸ ਗੱਡੀ ਦੇ ਵੀ ਪਿਛਲੇ ਤਿੰਨ ਡੱਬੇ ਹਾਦਸੇ ਦੀ ਲਪੇਟ ਵਿੱਚ ਆ ਗਏ। ਹਾਦਸੇ ਵਾਲੀ ਥਾਂ ਉੱਤੇ 9 ਐੱਨ.ਡੀ.ਆਰ.ਐੱਫ. ਟੀਮਾਂ, 4 ਓ.ਡੀ.ਆਰ.ਏ.ਐੱਫ. ਯੂਨਿਟਾਂ ਅਤੇ 24 ਫਾਇਰ ਅਤੇ ਐਮਰਜੈਂਸੀ ਯੂਨਿਟਾਂ ਬਚਾਅ ਕਾਰਜ ਵਿੱਚ ਲੱਗੀਆਂ ਹਨ। 100 ਤੋਂ ਵੱਧ ਮੈਡੀਕਲ ਟੀਮਾਂ ਪੈਰਾਮੈਡੀਕਲ ਸਟਾਫ ਨਾਲ ਹਾਦਸੇ ਵਾਲੀ ਥਾਂ ਉੱਤੇ ਮੌਜੂਦ। 200 ਤੋਂ ਵੱਧ ਐਂਬੂਲੈਂਸ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਵਿੱਚ ਲੱਗੀਆਂ ਹੋਈਆਂ ਹਨ। ਵੱਖ-ਵੱਖ ਸਟੇਸ਼ਨਾਂ ਉੱਤੇ ਫਸੇ ਹੋਏ ਮੁਸਾਫ਼ਰਾਂ ਲਈ ਖਾਣੇ ਅਤੇ ਪਾਣੀ ਦਾ ਇੰਤਜਾਮ। ਫਸੇ ਹੋਏ ਮੁਸਾਫ਼ਰਾਂ ਦੀ ਆਵਾਜਾਈ ਲਈ 30 ਬੱਸਾਂ ਦਾ ਇੰਤਜਾਮ। ਲਗਭਗ 900 ਜ਼ਖ਼ਮੀਆਂ ਨੂੰ ਸੋਰੋ, ਬਾਲਾਸੋਰ, ਭਦਰਕ ਅਤੇ ਕਟਕ ਦੇ ਹਸਪਤਾਲਾਂ ਵਿੱਚ ਸ਼ਿਫਟ ਕੀਤਾ ਗਿਆ। ਆਖਰੀ ਰਿਪੋਰਟਾਂ ਮਿਲਣ ਤੱਕ ਇਸ ਵਿੱਚ 275 ਲੋਕਾਂ ਦੀ ਜਾਨ ਗਈ ਹੈ ਅਤੇ 1000 ਦੇ ਕਰੀਬ ਲੋਕ ਜ਼ਖ਼ਮੀ ਹਨ। ਇਨ੍ਹਾਂ ਵਿੱਚੋਂ 100 ਦੀ ਹਾਲਤ ਕਾਫ਼ੀ ਨਾਜ਼ੁਕ ਦੱਸੀ ਜਾ ਰਹੀ ਹੈ। ਹਾਲਾਂਕਿ ਪਹਿਲਾਂ 288 ਮੌਤਾਂ ਦੀ ਦੱਸੀਆਂ ਗਈਆਂ ਸਨ ਪਰ ਹੁਣ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕੁਝ ਲਾਸ਼ਾਂ ਦੀ ਗਿਣਤੀ ਦੋ ਵਾਰ ਹੋ ਗਈ ਸੀ। ਇਸ ਲਈ ਸਹੀ ਅੰਕੜਾ 275 ਹੈ। ਇਸ ਰੇਲ ਹਾਦਸੇ ਦੀ ਗਿਣਤੀ ਭਾਰਤ ਵਿੱਚ ਹੁਣ ਤੱਕ ਦੇ ਸਭ ਤੋਂ ਭਿਆਨਕ ਰੇਲ ਹਾਦਸਿਆਂ ਵਿੱਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ 1981 ਬਿਹਾਰ ’ਚ ਇੱਕ ਮੁਸਾਫ਼ਰ ਟ੍ਰੇਨ ਲਗਭਗ 900 ਲੋਕਾਂ ਨੂੰ ਲੈ ਕੇ ਜਾ ਰਹੀ ਸੀ ਕਿ ਪੱਟੜੀ ਤੋਂ ਲਹਿ ਗਈ ਅਤੇ ਬਾਗਮਤੀ ਨਦੀ ਵਿੱਚ ਡੁੱਬ ਗਈ। ਇਹ ਹਾਦਸਾ ਬਿਹਾਰ ਦੇ ਸਹਿਰਸਾ ਵਿੱਚ ਹੋਇਆ ਅਤੇ ਇਸ ਦੌਰਾਨ ਲਗਭਗ 500 ਲੋਕ ਮਾਰੇ ਗਏ। 1995 ’ਚ ਉੱਤਰ ਪ੍ਰਦੇਸ਼ ਦੇ ਫ਼ਿਰੋਜ਼ਾਬਾਦ ਨੇੜੇ ਪੁਰਸ਼ੋਤਮ ਐਕਸਪ੍ਰੈੱਸ ਦੀ ਟੱਕਰ ਕਾਲਿੰਦੀ ਐਕਸਪ੍ਰੈੱਸ ਨਾਲ ਹੋਈ। ਇਸ ਹਾਦਸੇ ਵਿੱਚ 358 ਲੋਕ ਮਾਰੇ ਗਏ। 1999 ’ਚ 2500 ਤੋਂ ਵੱਧ ਮੁਸਾਫ਼ਰਾਂ ਨੂੰ ਲੈ ਕੇ ਜਾ ਰਹੀਆਂ ਦੋ ਰੇਲ ਗੱਡੀਆਂ ਦੀ ਟੱਕਰ ਅਸਾਮ ਦੇ ਗੈਸਲ ਵਿੱਚ ਹੋਈ। ਇਸ ਹਾਦਸੇ ਵਿੱਚ ਘੱਟੋ ਘੱਟ 290 ਲੋਕ ਮਾਰੇ ਗਏ। 1998 ’ਚ ਅੰਮਿ੍ਰਤਸਰ ਜਾ ਰਹੀ ਗੋਲਡਨ ਟੈਂਪਲ ਮੇਲ ਗੱਡੀ ਦੇ 6 ਡੱਬੇ ਖੰਨੇ ਕੋਲ ਪਟੜੀ ਤੋਂ ਉਤਰ ਗਏ। ਕੋਲਕਾਤਾ ਜਾਣ ਵਾਲੀ ਜੰਮੂ ਤਵੀ-ਸਿਲਦਾਹ ਐਕਸਪ੍ਰੈੱਸ ਦੀ ਇਸ ਨਾਲ ਟੱਕਰ ਹੋ ਗਈ। ਇਸ ਦੌਰਾਨ ਘੱਟੋ-ਘੱਟ 212 ਲੋਕਾਂ ਦੀ ਮੌਤ ਹੋ ਗਈ। 2002 ’ਚ ਹਾਵੜਾ-ਨਵੀਂ ਦਿੱਲੀ ਐਕਸਪ੍ਰੈੱਸ ਰੇਲ ਹਾਦਸਾ ਗਯਾ ਅਤੇ ਦੇਹਰੀ-ਆਨ-ਸੋਨ ਸਟੇਸ਼ਨਾਂ ਦਰਮਿਆ ਹਾਵੜਾ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈੱਸ ਨਾਲ ਵਾਪਰਿਆ ਅਤੇ 140 ਲੋਕ ਮਾਰੇ ਗਏ। 2005 ’ਚ ਤੇਲੰਗਾਨਾ ਦੇ ਵਾਲਿਗੋਂਡਾ ਵਿੱਚ ਡੇਲਟਾ ਫਾਸਟ ਪੈਸੇਂਜਰ ਰੇਲ ਉਦੋਂ ਪੱਟੜੀ ਤੋਂ ਲਹਿ ਗਈ ਜਦੋਂ ਹੜ੍ਹਾਂ ਕਾਰਨ ਇੱਕ ਰੇਲਵੇ ਪੁੱਲ ਵਹਿ ਗਿਆ। ਇਸ ਹਾਦਸੇ ਵਿੱਚ 114 ਲੋਕ ਮਾਰੇ ਗਏ ਸਨ। 2010 ’ਚ ਮੁੰਬਈ ਜਾਣ ਵਾਲੀ ਹਾਵੜਾ ਕੁਰਲਾ ਲੋਕਮਾਨਿਆ ਤਿਲਕ ਗਿਆਨੇਸ਼ਵਰੀ ਸੁਪਰ ਡਿਲਕਸ ਐਕਸਪ੍ਰੈੱਸ ਇੱਕ ਧਮਾਕੇ ਤੋਂ ਬਾਅਦ ਪੱਟੜੀ ਤੋਂ ਲਹਿ ਗਈ। ਇਹ ਹਾਦਸਾ ਪੱਛਮੀ ਬੰਗਾਲ ਦੇ ਜ਼ਿਲੇ ਵੈਸਟ ਮਿਦਨਾਪੋਰ ਵਿੱਚ ਵਾਪਰਿਆ ਸੀ। ਗਿਆਨੇਸ਼ਵਰੀ ਐਕਸਪ੍ਰੈੱਸ ਦੀ ਬਾਅਦ ਵਿੱਚ ਇੱਕ ਮਾਲ ਗੱਡੀ ਨਾਲ ਟੱਕਰ ਹੋਈ ਅਤੇ ਘੱਟੋ ਘੱਟ 170 ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ। 2010 ’ਚ ਪੱਛਮੀ ਬੰਗਾਲ ਦੇ ਸੈਨਥੀਆ ਵਿੱਚ ਉੱਤਰ ਬੰਗਾ ਐਕਸਪ੍ਰੈੱਸ ਅਤੇ ਵਾਨੰਚਲ ਐਕਸਪ੍ਰੈੱਸ ਇੱਕ ਦੂਜੇ ਨਾਲ ਟਕਰਾ ਗਈਆਂ ਅਤੇ ਇਸ ਨਾਲ 63 ਲੋਕ ਮਾਰੇ ਗਏ। 2012 ’ਚ ਆਂਧਰਾ ਪ੍ਰਦੇਸ਼ ਵਿੱਚ ਹੁਬਲੀ-ਬੈਂਗਲੋਰ ਹੰਪੀ ਐਕਸਪ੍ਰੈੱਸ ਇੱਕ ਮਾਲ ਗੱਡੀ ਨਾਲ ਟਕਰਾ ਗਈ। ਹੰਪੀ ਐਕਸਪ੍ਰੈੱਸ ਦੇ ਚਾਰ ਡੱਬੇ ਪੱਟੜੀ ਤੋਂ ਲਹਿ ਗਏ ਅਤੇ ਇੱਕ ਡੱਬੇ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿੱਚ 25 ਲੋਕ ਮਾਰੇ ਗਏ। 2016 ’ਚ ਇੰਦੋਰ-ਪਟਨਾ ਐਕਪ੍ਰੈੱਸ ਰੇਲ ਕਾਨਪੁਰ ਦੇ ਪੁਖਰਿਆਨ ਨੇੜੇ ਪੱਟੜੀ ਤੋਂ ਲਹਿ ਗਈ ਅਤੇ ਘੱਟੋ-ਘੱਟ 150 ਲੋਕ ਮਾਰੇ ਗਏ।
ਪਾਠਕਾਂ ਨੂੰ ਰੇਲ ਹਾਦਸਿਆਂ ਦਾ ਇਤਿਹਾਸ ਇਸ ਕਰ ਕੇ ਦਿਖਾਇਆ ਗਿਆ ਹੈ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਸਰਕਾਰਾਂ ਰੇਲ ਟਰੈਫਿਕ ਪ੍ਰਤੀ ਕਦੇ ਵੀ ਬਹੁਤਾ ਗੰਭੀਰ ਨਹੀਂ ਰਹੀਆਂ। ਅਕਸਰ ਰੇਲ ਗੱਡੀ ਵਿਚ ਮੱਧ ਵਰਗੀ ਜਾਂ ਗਰੀਬ ਪਰਿਵਾਰਾਂ ਦੇ ਲੋਕ ਸਫ਼ਰ ਕਰਦੇ ਹਨ। ਅਮੀਰ ਲੋਕ ਜਿੱਥੋਂ ਤੱਕ ਹੋ ਸਕੇ ਆਪਣੀਆਂ ਗੱਡੀਆਂ ਜਾਂ ਹਵਾਈ ਜਹਾਜ਼ਾਂ ਰਾਹੀਂ ਸਫ਼ਰ ਕਰਦੇ ਹਨ। ਸਰਕਾਰਾਂ ਦੇ ਹੱਥ ਵੱਸ ਬਹੁਤ ਕੁਝ ਹੁੰਦਾ ਹੈ। ਇਹਨਾਂ ਕੋਲ ਕਿਸੇ ਵੀ ਪ੍ਰਬੰਧ ਲਈ ਬਹੁਤ ਵੱਡੇ ਸਾਧਨ ਹੁੰਦੇ ਹਨ ਪਰ ਦੁੱਖ ਦੀ ਗੱਲ ਇਹ ਹੈ ਕਿ ਕਈ ਵਾਰ ਸਿਆਸੀ ਲਾਹੇ ਲਈ ਸੱਤਾਧਾਰੀ ਸਿਆਸਤਦਾਨ ਆਮ ਲੋਕਾਂ ਦੀ ਬਲੀ ਵੀ ਦੇ ਦਿੰਦੇ ਹਨ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਦੋਸ਼ ਲਾਇਆ ਕਿ ਉਹ ਟਰੇਨਾਂ ਨੂੰ ਹਰੀ ਝੰਡੀ ਦਿਖਾਉਣ ’ਚ ਰੁੱਝੇ ਹੋਏ ਹਨ ਜਦਕਿ ਰੇਲਵੇ ਸੁਰੱਖਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਭਵਿੱਖ ’ਚ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਸਿਖਰਲੇ ਅਹੁਦੇ ਤੋਂ ਲੈ ਕੇ ਹੇਠਾਂ ਤੱਕ ਜਵਾਬਦੇਹੀ ਤੈਅ ਕਰਨ ਲਈ ਵੀ ਕਿਹਾ। ਖੜਗੇ ਨੇ ਲੜੀਵਾਰ ਟਵੀਟ ਕਰਦਿਆਂ ਮੋਦੀ ਸਰਕਾਰ ਨੂੰ ਕਈ ਸਵਾਲ ਦਾਗੇ ਅਤੇ ਕਿਹਾ ਕਿ ‘ਡਰਾਮੇਬਾਜੀਆਂ’ ਨੇ ਸਰਕਾਰ ਦੀ ਕਾਰਜ ਪ੍ਰਣਾਲੀ ਨੂੰ ‘ਖੋਖਲਾ’ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰੇਲਵੇ ’ਚ ਤਿੰਨ ਲੱਖ ਅਹੁਦੇ ਖਾਲੀ ਪਏ ਹਨ ਅਤੇ ਪਿਛਲੇ 9 ਸਾਲਾਂ ਤੋਂ ਇਹ ਭਰੇ ਕਿਉਂ ਨਹੀਂ ਗਏ? ਖੜਗੇ ਨੇ ਦਾਅਵਾ ਕੀਤਾ ਕਿ ਦੱਖਣ ਪੱਛਮ ਰੇਲਵੇ ਜੋਨ ਦੇ ਪਿ੍ਰੰਸੀਪਲ ਚੀਫ ਅਪਰੇਟਿੰਗ ਮੈਨੇਜਰ ਨੇ ਮੈਸੂਰ ’ਚ ਵਾਪਰੇ ਹਾਦਸੇ ਦਾ ਹਵਾਲਾ ਦਿੰਦਿਆਂ 8 ਫਰਵਰੀ ਨੂੰ ਸਿਗਨਲ ਪ੍ਰਣਾਲੀ ਦੀ ਮੁਰੰਮਤ ਮੰਗੀ ਸੀ ਤਾਂ ਫਿਰ ਰੇਲ ਮੰਤਰਾਲੇ ਨੇ ਇਸ ਦਾ ਨੋਟਿਸ ਕਿਉਂ ਨਹੀਂ ਲਿਆ? ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸੰਸਦੀ ਸਟੈਂਡਿੰਗ ਕਮੇਟੀ ਨੇ ਆਪਣੀ 323ਵੀਂ ਰਿਪੋਰਟ ’ਚ ਰੇਲਵੇ ਬੋਰਡ ਵੱਲੋਂ ਰੇਲਵੇ ਸੇਫਟੀ ਕਮਿਸ਼ਨ (ਸੀ.ਆਰ.ਐੱਸ.) ਦੀਆਂ ਸਿਫਾਰਿਸ਼ਾਂ ਨੂੰ ਅਣਗੌਲਿਆਂ ਕਰਨ ਦੀ ਆਲੋਚਨਾ ਵੀ ਕੀਤੀ ਸੀ। ਉਨ੍ਹਾਂ ਕਿਹਾ ਕਿ ਰੇਲਵੇ ਸੇਫਟੀ ਕਮਿਸ਼ਨ ਸਿਰਫ 8 ਤੋਂ 10 ਫੀਸਦ ਹਾਦਸਿਆਂ ਦੀ ਜਾਂਚ ਕਰਦਾ ਹੈ ਤਾਂ ਫਿਰ ਸੀ.ਆਰ.ਐੱਸ. ਨੂੰ ਮਜਬੂਤ ਕਿਉਂ ਨਹੀਂ ਕੀਤਾ ਗਿਆ? ਉਨ੍ਹਾਂ ਕਿਹਾ ਕਿ 2011 ’ਚ ਰਿਸਰਚ ਡਿਜਾਈਨਜ਼ ਐਂਡ ਸਟੈਂਡਰਡਜ ਆਰਗੇਨਾਈਜੇਸ਼ਨ ਵੱਲੋਂ ਵਿਕਸਤ ਟਰੇਨਾਂ ਦੀ ਟੱਕਰ ਤੋਂ ਬਚਾਅ ਵਾਲੀ ਪ੍ਰਣਾਲੀ ਨੂੰ ਮੋਦੀ ਸਰਕਾਰ ਨੇ ‘ਕਵਚ’ ਦਾ ਨਾਮ ਦਿੱਤਾ ਸੀ ਪਰ ਇਹ ਹੁਣ ਤੱਕ ਸਿਰਫ 4 ਫੀਸਦੀ ਰੂਟਾਂ ’ਤੇ ਹੀ ਕਿਉਂ ਲਾਗੂ ਕੀਤੀ ਗਈ ਹੈ?
ਖਬਰਾਂ ਦੱਸਦੀਆਂ ਹਨ ਕਿ ਕੈਗ ਰਿਪੋਰਟ, ਸੰਸਦੀ ਕਮੇਟੀ ਅਤੇ ਮਾਹਿਰਾਂ ਦੀਆਂ ਚਿਤਾਵਨੀਆਂ ਤੇ ਸੁਝਾਵਾਂ ਨੂੰ ਅਣਗੌਲਿਆ ਮੋਦੀ ਸਰਕਾਰ ਵਲੋਂ ਅਣਗੌਲਿਆਂ ਕੀਤਾ ਗਿਆ ਜਿਸ ਕਾਰਨ ਇਹ ਕੀਮਤੀ ਜਾਨਾਂ ਚਲੀਆਂ ਗਈਆਂ। ਕਿਸੇ ਲਈ ਕਿਸੇ ਦੀ ਮੌਤ ਇਕ ਆਮ ਵਰਤਾਰਾ ਹੋ ਸਕਦਾ ਹੈ ਪਰ ਕਿਸੇ ਇਕ ਪਰਿਵਾਰ ਵਿਚੋਂ ਇਕ ਜੀਅ ਚਲੇ ਜਾਵੇ ਤਾਂ ਉਹਨਾਂ ਦੀ ਜ਼ਿੰਦਗੀ ਦੇ ਮਾਇਨੇ ਹੀ ਬਦਲ ਜਾਂਦੇ ਹਨ ਅਤੇ ਪਰਿਵਾਰ ਨੂੰ ਸਦੀਵੀ ਦੱੁਖ ਚਿੰਬੜ ਜਾਂਦਾ ਹੈ। ਜੇਕਰ ਖੜਗੇ ਦੇ ਸਵਾਲਾਂ ’ਤੇ ਗੌਰ ਕੀਤੀ ਜਾਵੇ ਤਾਂ ਪ੍ਰਧਾਨ ਮੰਤਰੀ ਮੋਦੀ ਨੂੰ ਇਕ ਇਕ ਸਵਾਲ ਦਾ ਜਵਾਬ ਦੇਣਾ ਬਣਦਾ ਹੈ। ਰੇਲ ਵਿਭਾਗ ਵਿਚ 3 ਲੱਖ ਅਹੁਦੇ ਖਾਲੀ ਪਏ ਹਨ, ਭਾਵ ਇਹਨਾਂ 3 ਲੱਖ ਲੋਕਾਂ ਦਾ ਕੰਮ ਦੂਸਰਿਆਂ ਤੋਂ ਕਰਵਾਇਆ ਜਾਂਦਾ ਹੋਵੇਗਾ ਜਿਸ ਕਾਰਨ ਉਹਨਾਂ ਦਾ ਆਪਣਾ ਕੰਮ ਵੀ ਪ੍ਰਭਾਵਿਤ ਹੁੰਦਾ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਆਪ ਨੂੰ ਵਿਸ਼ਵ ਗੁਰੂ ਤਾਂ ਕਹਾਉਣ ਦਾ ਸ਼ੌਕ ਰੱਖਦੇ ਹਨ ਪਰ ਖੁਦ ਦੇ ਦੇਸ਼ ਵਿਚ ਅੱਤ ਦੇ ਟੈਕਨਾਲੋਜੀ ਦੇ ਯੁੱਗ ਵਿਚ ਵੀ ਰੇਲ ਟੈਕਨਾਲੋਜੀ ਫੈਲ ਸਾਬਤ ਹੋ ਰਹੀ ਹੈ। ਇਹ ਹਾਦਸਾ ਕੋਈ ਆਮ ਨਹੀਂ ਹੈ, ਇਸ ਪਿਛਲੀ ਸਾਜਿਸ਼ ਬੇਨਕਾਬ ਜ਼ਰੂਰ ਹੋਣੀ ਚਾਹੀਦੀ ਹੈ। ਅਸੀਂ ਰੇਲ ਹਾਦਸੇ ਵਿਚ ਮਾਰੇ ਗਏ ਲੋਕਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ ਅਤੇ ਅਰਦਾਸ ਕਰਦੇ ਹਾਂ ਕਿ ਭਵਿੱਖ ਵਿਚ ਸਰਕਾਰੀ ਨਲਾਇਕੀ ਕਾਰਨ ਅਜਿਹਾ ਹਾਦਾਸ ਕਦੇ ਨਾ ਵਾਪਰੇ। ਆਮੀਨ!