
ਪੰਜਾਬੀ ਸੰਗੀਤ ਇੰਡਸਟਰੀ ਵਿਚ ਬੜੀ ਤੇਜ਼ੀ ਨਾਲ ਉੱਠੇ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦਾ ਬੇਦਰਦਾਂ ਵਲੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿਚ ਅੱਜ ਤੋਂ ਇਕ ਸਾਲ ਪਹਿਲਾਂ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ਭਾਵੇਂ ਵਿਵਾਦਾਂ ਨਾਲ ਜੁੜੀ ਰਹੀ ਪਰ ਉਸ ਦੀ ਪ੍ਰਸਿੱਧੀ ਪੂਰੇ ਵਿਸ਼ਵ ਦੇ ਪੰਜਾਬੀਆਂ ਵਿਚ ਹੀ ਨਹੀਂ ਸਗੋਂ ਦੂਜੇ ਭਾਈਚਾਰਿਆਂ ਵਿਚ ਵੀ ਸੀ। ਡਰੇਕ ਵਰਗੇ ਵਿਸ਼ਵ ਪ੍ਰਸਿੱਧ ਗਾਇਕ ਉਸਨੂੰ ਫਾਲੋ ਕਰਦੇ ਸਨ। ਇਕ ਟਿੱਬਿਆਂ ਵਾਲੇ ਖੇਤਰ ’ਚ ਕਿੱਕਰਾਂ ਕਰੀਰਾਂ ਵਾਲੇ ਇਲਾਕੇ ਦੇ ਪਿੰਡ ਵਿਚੋਂ ਉੱਠ ਕੇ ਦੇਸ਼ ਦੁਨੀਆਂ ਵਿਚ ਨਾਮ ਕਮਾਉਣਾ ਕੋਈ ਸੌਖੀ ਗੱਲ ਨਹੀਂ। ਉਸਦੀ ਮੌਤ ਨਾਲ ਜਿੱਥੇ ਮਾਪਿਆਂ ਅਤੇ ਸਕੇ ਸਬੰਧੀਆਂ ਨੂੰ ਦੁੱਖ ਹੋਇਆ ਉੱਥੇ ਉਸਦੇ ਚਾਹੁਣ ਵਾਲਿਆਂ ਦੇ ਦਿਲ ਵੀ ਵਲੂੰਧਰੇ ਗਏ। ਉਹ ਅਜੇ ਤੱਕ ਉਸਦੇ ਜਾਣ ਦਾ ਦਰਦ ਭੁਲਾ ਨਹੀਂ ਸਕੇ ਅਤੇ ਜਿੱਥੇ ਵੀ ਹੋ ਸਕੇ ਸਿੱਧੂ ਦੀ ਮੌਜੂਦਗੀ ਦਾ ਅਹਿਸਾਸ ਕਰਵਾਉਂਦੇ ਹਨ। ਸਮਾਂ ਬੜਾ ਤੇਜ਼ੀ ਨਾਲ ਗੁਜਰਦਾ ਹੈ ਅਤੇ ਉਸਦੀ ਮੌਤ ਨੂੰ ਸਾਲ ਹੋ ਵੀ ਗਿਆ। ਉਸਦੀ ਯਾਦ ਮਨਾਉਣ ਲਈ ਜਿੱਥੇ ਦੇਸ਼ ਵਿਦੇਸ਼ ਵਿਚ ਉਸਦੇ ਚਾਹੁਣ ਵਾਲਿਆਂ ਵਲੋਂ ਬਰਸੀ ਸਮਾਗਮ ਕਰਵਾਏ ਗਏ ਉੱਥੇ ਉਸਦੇ ਪਰਿਵਾਰ ਵਲੋਂ ਵੀ ਪਿੰਡ ਮੂਸਾ ’ਚ ਸਮਾਗਮ ਕਰਵਾਇਆ ਗਿਆ।
ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਮਾਤਾ ਚਰਨ ਕੌਰ ਵਾਰ ਵਾਰ ਪੁੱਤ ਨੂੰ ਯਾਦ ਕਰਦਿਆਂ ਉਸ ਦੇ ਪ੍ਰਸ਼ੰਸਕਾਂ ਨੂੰ ਮਿਲੇ। ਸਿੱਧੂ ਮੂਸੇਵਾਲਾ ਦਾ ਪਿਤਾ ਬਲਕੌਰ ਸਿੰਘ ਸਿੱਧੂ ਵਿਦੇਸ਼ ਵਿਚ ਬਰਸੀ ਸਮਾਗਮਾਂ ਲਈ ਪਹਿਲਾਂ ਹੀ ਵਿਦੇਸ਼ ’ਚ ਹਨ। ਬਰਸੀ ਮੌਕੇ ਮੂਸੇਵਾਲਾ ਦੇ ਤਾਏ ਚਮਕੌਰ ਸਿੰਘ ਸਿੱਧੂ ਅਤੇ ਹਮਦਰਦਾਂ ਵਲੋਂ ਪ੍ਰਬੰਧ ਕੀਤੇ ਗਏ ਹਨ। ਮਾਤਾ ਚਰਨ ਕੌਰ ਨੇ ਸਭ ਤੋਂ ਪਹਿਲਾਂ ਮਰਹੂਮ ਪੰਜਾਬੀ ਗਾਇਕ ਦੀ ਯਾਦਗਾਰ ਉੱਤੇ ਲੱਗੇ ਉਸ ਦੇ ਬੁੱਤ ਨੂੰ ਇਸਨਾਨ ਕਰਵਾਇਆ। ਜਿਉਂ ਹੀ ਮਾਂ ਵਲੋਂ ਪੁੱਤਰ ਦੇ ਬੁੱਤ ਉੱਤੇ ਪਾਣੀ ਪਾਉਣਾ ਸ਼ੁਰੂ ਕੀਤਾ ਤਾਂ ਉਸ ਦੀਆਂ ਭੁੱਬਾਂ ਨਿਕਲ ਗਈਆਂ। ਮਾਤਾ ਨੇ ਸਰਕਾਰ ’ਤੇ ਗਿਲਾ ਕਰਦਿਆਂ ਕਿਹਾ ਹਕੂਮਤ ਵਲੋਂ ਪੁੱਤ ਦੇ ਕਤਲ ਦਾ ਆਸ ਅਨੁਸਾਰ ਇਨਸਾਫ਼ ਨਹੀਂ ਦਿੱਤਾ। ਜਿਹੜੇ ਛੇ ਜਣਿਆਂ ਨੇ ਪਿੰਡ ਜਵਾਹਰਕੇ ਵਿਖੇ 29 ਮਈ ਨੂੰ ਗੋਲੀਆਂ ਮਾਰ ਕੇ ਮੂਸੇਵਾਲਾ ਦਾ ਕਤਲ ਕੀਤਾ ਹੈ, ਉਹ ਤਾਂ ਭਾੜੇ ਦੇ ਟੱਟੂ ਹਨ, ਜਦੋਂ ਕਿ ਅਸਲ ਦੋਸ਼ੀ ਪੁਲੀਸ ਦੀ ਗਿ੍ਰਫ਼ਤ ਤੋਂ ਬਾਹਰ ਹਨ। ਉੱਧਰ ਮਾਨਸਾ ਸ਼ਹਿਰ ਵਿਚ ਗੁਰਦੁਆਰਾ ਚੌਕ ਤੋਂ ਸੇਵਾ ਸਿੰਘ ਠੀਕਰੀਵਾਲਾ ਚੌਕ ਤੱਕ ਮੋਮਬੱਤੀ ਮਾਰਚ ਕੱਢਿਆ ਗਿਆ।
ਇੱਥੇ ਦੱਸਣਯੋਗ ਹੈ ਕਿ ਨਵੀਂ ਬਣੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਦੀ ਆਪ ਸਰਕਾਰ ਵਲੋਂ ਵੀ.ਆਈ.ਪੀਜ਼ ਦੀ ਸੁਰੱਖਿਆ ਘਟਾਉਣ ਦੀ ਖਬਰ ਨਸ਼ਰ ਕੀਤੀ ਗਈ ਸੀ ਜਿਸ ਉਪਰੰਤ ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ ਸੀ। ਉਸ ਦੇ ਕਤਲ ਨਾਲ ਸਮੱੁਚੀ ਦੁਨੀਆਂ ’ਚ ਵਸਦੇ ਪੰਜਾਬੀ ਸੁੰਨ ਹੋ ਗਏ ਸਨ ਕਿਉਂਕਿ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਵੀ ਹੋ ਸਕਦਾ ਹੈ!
ਇਕ ਸਾਲ ਬੀਤ ਜਾਣ ਉਪਰੰਤ ਵੀ ਭਗਵੰਤ ਮਾਨ ਸਰਕਾਰ ਅਸਲ ਦੋਸ਼ੀਆਂ ਨੂੰ ਲੱਭ ਨਹੀਂ ਸਕੀ। ਭਗਵੰਤ ਮਾਨ ਮੁੱਖ ਮੰਤਰੀ ਹੋਣ ਤੋਂ ਪਹਿਲਾਂ ਇਕ ਪਰਪੱਕ ਕਲਾਕਾਰ ਰਹੇ ਹਨ ਅਤੇ ਉਹ ਇਕ ਕਲਾਕਾਰ ਦੀ ਮਾਨਸਿਕਤਾ ਮਹਿਸੂਸ ਕਰ ਸਕਦੇ ਹਨ ਪਰ ਉਹਨਾਂ ਉੱਪਰ ਇਹ ਦੋਸ਼ ਹਨ ਕਿ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੇ ਸਬੰਧ ਵਿਚ ਕੋਈ ਉਜਰ ਨਹੀਂ ਕੀਤਾ ਅਤੇ ਦੋਸ਼ੀ ਖੁੱਲ੍ਹੇਆਮ ਫਿਰ ਰਹੇ ਹਨ।
ਇਸ ਦੁਨੀਆਂ ਤੋਂ ਚਲੇ ਤਾਂ ਸਭ ਨੇ ਜਾਣਾ ਹੈ ਪਰ ਜੋ ਸਿੱਧੂ ਮੂਸੇਵਾਲਾ ਆਪਣੀ 29 ਕੁ ਸਾਲ ਦੀ ਉਮਰ ਵਿਚ ਕਰ ਗਿਆ ਉਹ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ। ਉਹਨੇ ਦੇਸ਼ ਵਿਦੇਸ਼ ਵਿਚ ਦਸਤਾਰ ਦਾ ਮਾਣ ਵਧਾਇਆ ਤੇ ਇਕ ਅਮੀਰ ਗਾਇਕ ਹੋਣ ਦੇ ਬਾਵਜੂਦ ਵੀ ਚੰਡੀਗੜ੍ਹ ਵਰਗੇ ਸ਼ਹਿਰ ਵਿਚ ਰਹਿਣ ਨਾਲੋਂ ਪਛੜੇ ਇਲਾਕੇ ਦੇ ਆਪਣੇ ਪਿੰਡ ਮੂਸਾ ਵਿਚ ਰਹਿਣ ਨੂੰ ਹੀ ਤਰਜੀਹ ਦਿੱਤੀ। ਪਿੰਡ ਵਿਚ ਹਵੇਲੀ ਬਣਾ ਕੇ ਇਕ ਅਣਗੌਲੇ ਪਿੰਡ ਨੂੰ ਦੁਨੀਆਂ ਦੇ ਨਕਸ਼ੇ ’ਤੇ ਲਿਆਂਦਾ ਅਤੇ ਅੱਜ ਗੋਰੇ ਕਾਲੇ ਕਲਾਕਾਰ ਉਸਦੀ ਹਵੇਲੀ ਵਿਚ ਆ ਕੇ ਫਿਲਮਾਂਕਣ ਕਰ ਰਹੇ ਹਨ ਅਤੇ ਉਸਨੂੰ ਯਾਦ ਕਰ ਰਹੇ ਹਨ। ਸਿੱਧੂ ਮੂਸੇਵਾਲਾ ਦਾ ਕਤਲ ਭਾਵੇਂ ਕਰ ਦਿੱਤਾ ਗਿਆ ਪਰ ਉਸਦੇ ਗਾਣਿਆਂ ਦਾ, ਉਸਦੀ ਲਿਖਤ ਦਾ, ਉਸਦੀ ਸੋਚ ਦਾ ਕਤਲ ਨਾ ਕੀਤਾ ਜਾ ਸਕਿਆ, ਉਹ ਦਿਨ ਪੁਰ ਦਿਨ ਹੋਰ ਵੀ ਪ੍ਰਫੱੁਲਤ ਹੋ ਰਹੀ ਹੈ। ਵਿਵਾਦ ਹਰੇਕ ਦੀ ਜ਼ਿੰਦਗੀ ਵਿਚ ਹੁੰਦਾ ਹੈ ਪਰ ਕਿਸੇ ਨੂੰ ਜਾਨੋਂ ਮਾਰ ਦੇਣਾ ਕਦੇ ਵੀ ਸਹੀ ਨਹੀਂ ਕਿਹਾ ਜਾ ਸਕਦਾ। ਅਸੀਂ ਅਦਾਰਾ ‘ਪੰਜਾਬੀ ਰਾਈਟਰ’ ਵਲੋਂ ਸਿੱਧੂ ਮੂਸੇਵਾਲਾ ਨੂੰ ਉਸਦੀ ਪਹਿਲੀ ਬਰਸੀ ਮੌਕੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ। ਆਮੀਨ!