Your Advertisement
ਕੁਤਬ ਮੀਨਾਰ ਪੂਜਾ ਕਰਨ ਦੀ ਥਾਂ ਨਹੀਂ: ਏਐੱਸਆਈ

ਨਵੀਂ ਦਿੱਲੀ, 25 ਮਈ - ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਨੇ ਅੱਜ ਦਿੱਲੀ ਦੀ ਇੱਕ ਅਦਾਲਤ ’ਚ ਕੁਤਬ ਮੀਨਾਰ ਕੰਪਲੈਕਸ ਅੰਦਰ ਹਿੰਦੂ ਤੇ ਜੈਨ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਮੁੜ ਸਥਾਪਤ ਕਰਨ ਦੀ ਮੰਗ ਸਬੰਧੀ ਅਪੀਲ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਕੋਈ ਪੂਜਾ ਵਾਲੀ ਥਾਂ ਨਹੀਂ ਹੈ ਅਤੇ ਸਮਾਰਕ ਦੀ ਮੌਜੂਦਾ ਸਥਿਤੀ ਬਦਲੀ ਨਹੀਂ ਜਾ ਸਕਦੀ। ਏਐੱਸਆਈ ਨੇ ਇਹ ਵੀ ਕਿਹਾ ਕਿ ਕੇਂਦਰ ਵੱਲੋਂ ਸੁਰੱਖਿਅਤ ਇਸ ਸਮਾਰਕ ’ਚ ਪੂਜਾ ਦੇ ਮੌਲਿਕ ਅਧਿਕਾਰ ਦਾ ਦਾਅਵਾ ਕਰਨ ਵਾਲੇ ਕਿਸੇ ਵੀ ਵਿਅਕਤੀ ਦੀ ਦਲੀਲ ਨਾਲ ਸਹਿਮਤ ਹੋਣਾ ਕਾਨੂੰਨ ਦੇ ਉਲਟ ਹੋਵੇਗਾ। ਏਐੱਸਆਈ ਨੇ ਹਾਲਾਂਕਿ ਇਹ ਕਿਹਾ ਕਿ ਕੁਤਬ ਕੰਪਲੈਕਸ ਦੀ ਉਸਾਰੀ ਦੌਰਾਨ ਹਿੰਦੂ ਤੇ ਜੈਨ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਤੇ ਹੋਰ ਸਮੱਗਰੀ ਦੀ ਮੁੜ ਵਰਤੋਂ ਕੀਤੀ ਗਈ ਸੀ। ਵਧੀਕ ਜ਼ਿਲ੍ਹਾ ਜੱਜ ਨਿਖਿਲ ਚੋਪੜਾ ਨੇ ਪਟੀਸ਼ਨ ’ਤੇ ਫ਼ੈਸਲਾ 9 ਜੂਨ ਲਈ ਰਾਖਵਾਂ ਰੱਖ ਲਿਆ ਹੈ। ਮਾਮਲੇ ਦੀ ਸੁਣਵਾਈ ਦੌਰਾਨ ਏਐੱਸਆਈ ਨੇ ਕਿਹਾ, ‘ਜ਼ਮੀਨ ਦੀ ਸਥਿਤੀ ਦਾ ਉਲੰਘਣ ਕਰਦਿਆਂ ਮੌਲਿਕ ਅਧਿਕਾਰ ਦਾ ਲਾਭ ਨਹੀਂ ਲਿਆ ਜਾ ਸਕਦਾ। ਸੰਭਾਲ ਦਾ ਮੂਲ ਸਿਧਾਂਤ ਉਸ ਸਮਾਰਕ ’ਚ ਕੋਈ ਨਵੀਂ ਰਵਾਇਤ ਸ਼ੁਰੂ ਕਰਨ ਦੀ ਇਜਾਜ਼ਤ ਦੇਣਾ ਨਹੀਂ ਹੈ ਜਿਸ ਕਾਨੂੰਨ ਤਹਿਤ ਸਮਾਰਕ ਨੂੰ ਸੁਰੱਖਿਅਤ ਦੇ ਨੋਟੀਫਾਈ ਐਲਾਨਿਆ ਗਿਆ ਹੋਵੇ।’ ਏਐੱਸਆਈ ਨੇ ਕਿਹਾ ਕਿ ਅਜਿਹੀ ਕਿਸੇ ਵੀ ਥਾਂ ’ਤੇ ਪੂਜਾ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਜਿੱਥੇ ਸਮਾਰਕ ਨੂੰ ਆਪਣੀ ਸੰਭਾਲ ਹੇਠ ਲੈਣ ਦੌਰਾਨ ਇਹ ਨਹੀਂ ਕੀਤਾ ਜਾਂਦਾ ਸੀ। ਉਨ੍ਹਾਂ ਕਿਹਾ, ‘ਕੁਤਬ ਮੀਨਾਰ ਪੂਜਾ ਕਰਨ ਵਾਲੀ ਥਾਂ ਨਹੀਂ ਹੈ ਅਤੇ ਕੇਂਦਰ ਸਰਕਾਰ ਵੱਲੋਂ ਇਸ ਦੀ ਸੰਭਾਲ ਕੀਤੇ ਜਾਣ ਦੇ ਸਮੇਂ ਤੋਂ ਕੁਤਬ ਮੀਨਾਰ ਜਾਂ ਕੁਤਬ ਮੀਨਾਰ ਦਾ ਕੋਈ ਵੀ ਹਿੱਸਾ ਕਿਸੇ ਭਾਈਚਾਰੇ ਵੱਲੋਂ ਪੂਜਾ ਅਧੀਨ ਨਹੀਂ ਸੀ।’ ਏਐੱਸਆਈ ਦੇ ਵਕੀਲ ਨੇ ਕਿਹਾ ਕੁਵੱਤ-ਉਲ-ਇਸਲਾਮ ਮਸਜਿਦ ’ਚ ਫਾਰਸੀ ਦੇ ਸ਼ਿਲਾਲੇਖ ਤੋਂ ਇਹ ਬਹੁਤ ਸਪੱਸ਼ਟ ਹੈ ਕਿ ਉਸ ਨੂੰ 27 ਮੰਦਰਾਂ ਤੋਂ ਨੱਕਾਸ਼ੀਦਾਰ ਥੰਮਲਿਆਂ ਤੇ ਹੋਰ ਨੱਕਾਸ਼ੀ ਵਾਲੀ ਸਮੱਗਰੀ ਤੋਂ ਬਣਾਇਆ ਗਿਆ ਸੀ। ਉਨ੍ਹਾਂ ਕਿਹਾ, ‘ਸ਼ਿਲਾਲੇਖ ਤੋਂ ਸਪੱਸ਼ਟ ਹੈ ਕਿ ਇਨ੍ਹਾਂ ਮੰਦਰਾਂ ਦੇ ਅਵਸ਼ੇਸ਼ ਵਰਤ ਕੇ ਮਸਜਿਦ ਦਾ ਨਿਰਮਾਣ ਕੀਤਾ ਗਿਆ ਹੈ ਪਰ ਕਿਤੇ ਵੀ ਇਹ ਜ਼ਿਕਰ ਨਹੀਂ ਹੈ ਕਿ ਮੰਦਰ ਢਾਹ ਕੇ ਇਹ ਸਮੱਗਰੀ ਪ੍ਰਾਪਤ ਕੀਤੀ ਗਈ ਸੀ। ਨਾਲ ਹੀ ਇਹ ਵੀ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਨੂੰ ਉਸ ਥਾਂ ਤੋਂ ਹਾਸਲ ਕੀਤਾ ਗਿਆ ਸੀ ਜਾਂ ਬਾਹਰੋਂ ਲਿਆਂਦਾ ਗਿਆ ਸੀ। ਮੰਦਰ ਤੋੜੇ ਨਹੀਂ ਗਏ ਬਲਕਿ ਨਿਰਮਾਣ ਲਈ ਮੰਦਰਾਂ ਦੇ ਅਵਸ਼ੇਸ਼ ਵਰਤੇ ਗਏ ਹਨ।’

No Comment posted
Name*
Email(Will not be published)*
Website