Your Advertisement
ਕੁਆਡ ਵੱਲੋਂ ਚੀਨ ਦੀ ਇਕਤਰਫ਼ਾ ਕਾਰਵਾਈ ਦਾ ਵਿਰੋਧ

* ਹਿੰਦ-ਪ੍ਰਸ਼ਾਂਤ ਖਿੱਤੇ ’ਚ ਬੁਨਿਆਦੀ ਢਾਂਚੇ ਲਈ 50 ਅਰਬ ਡਾਲਰ ਦਾ ਹੋਵੇਗਾ ਨਿਵੇਸ਼; ਕੁਆਡ ਥੋੜ੍ਹ ਚਿਰੀ ਪਹਿਲ ਨਹੀਂ: ਬਾਇਡਨ

ਟੋਕੀਓ, 24 ਮਈ - ਚਾਰ ਮੁਲਕਾਂ ਦੇ ਸਮੂਹ ‘ਕੁਆਡ’ ਵਿੱਚ ਸ਼ਾਮਲ ਭਾਰਤ, ਆਸਟਰੇਲੀਆ, ਜਾਪਾਨ ਤੇ ਅਮਰੀਕਾ ਦੇ ਆਗੂਆਂ ਨੇ ਹਿੰਦ-ਪ੍ਰਸ਼ਾਂਤ ਖਿੱਤੇ ਵਿੱਚ ਤਾਕਤ ਦੇ ਜ਼ੋਰ, ਭੜਕਾਹਟ ਜਾਂ ਫਿਰ ਇਕਤਰਫ਼ਾ ਕਾਰਵਾਈ ਨਾਲ ਮੌਜੂਦਾ ਸਥਿਤੀ ਨੂੰ ਬਦਲਣ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਆਗੂਆਂ ਨੇ ਖਿੱਤੇ ਵਿੱਚ ਚੀਨ ਦੇ ਵਧਦੇ ਹਮਲਾਵਰ ਰੁਖ਼ ਦਰਮਿਆਨ ਕੌਮਾਂਤਰੀ ਨੇਮ ਅਧਾਰਿਤ ਪ੍ਰਬੰਧ ਕਾਇਮ ਰੱਖਣ ਦਾ ਸੰਕਲਪ ਦੁਹਰਾਇਆ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਕੁਆਡ ‘ਕੁਝ ਚਿਰ ਲਈ ਸ਼ੁਰੂ ਕੀਤੀ ਗਈ ਪਹਿਲ ਨਹੀਂ ਹੈ, ਬਲਕਿ ਇਸ ਦਾ ਮਕਸਦ ਕਈ ਅਹਿਮ ਕੰਮ ਕਰਨਾ ਹੈ ਤੇ ਸਮੂਹ ਆਪਣੇ ਮਕਸਦ ਨੂੰ ਲੈ ਕੇ ਗੰਭੀਰ ਹੈ। ਕੁਆਡ ਮੁਲਕਾਂ ਨੇ ਹਿੰਦ-ਪ੍ਰਸ਼ਾਂਤ ਖਿੱਤੇ ਵਿੱਚ ਉਤਪਾਦਕਤਾ ਤੇ ਖ਼ੁਸ਼ਹਾਲੀ ਵਧਾਉਣ ਲਈ ਬੁਨਿਆਦੀ ਢਾਂਚੇ ’ਤੇ ਸਹਿਯੋਗ ਨੂੰ ਮਜ਼ਬੂਤ ਕਰਨ ’ਤੇ ਸਹਿਮਤੀ ਜਤਾਈ। ਆਗੂਆਂ ਨੇ ਕਿਹਾ ਕਿ ਇਸ ਟੀਚੇ ਦੀ ਪੂਰਤੀ ਲਈ ‘ਕੁਆਡ’ ਅਗਲੇ ਪੰਜ ਸਾਲਾਂ ਵਿੱਚ ਹਿੰਦ-ਪ੍ਰਸ਼ਾਂਤ ਵਿੱਚ 50 ਅਰਬ ਅਮਰੀਕੀ ਡਾਲਰ ਤੋਂ ਵਧ ਦੀ ਬੁਨਿਆਦੀ ਢਾਂਚਾ ਸਹਾਇਤਾ ਤੇ ਨਿਵੇਸ਼ ਦਾ ਵਿਸਥਾਰ ਕਰਨ ਦੀ ਕੋਸ਼ਿਸ਼ ਕਰੇਗਾ।

ਕੁਆਡ ਸਮੂਹ ਦੇ ਆਗੂਆਂ ਦੀ ਦੂਜੀ ਪ੍ਰਤੱਖ ਬੈਠਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਰੀਕੀ ਸਦਰ ਜੋਅ ਬਾਇਡਨ, ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਤੇ ਆਸਟਰੇਲੀਆ ਦੇ ਨਵੇਂ ਚੁਣੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਹਿੰਦ-ਪ੍ਰਸ਼ਾਂਤ ਖਿੱਤੇ ਦੇ ਘਟਨਾਕ੍ਰਮ ਅਤੇ ਸਾਂਝੇ ਹਿੱਤਾਂ ਨਾਲ ਜੁੜੇ ਆਲਮੀ ਮੁੱਦਿਆਂ ’ਤੇ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ। ਸ੍ਰੀ ਮੋਦੀ ਨੇ ਕੁਆਡ ਆਗੂਆਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਸਮੂਹ ਦੇ ਮੈਂਬਰ ਮੁਲਕਾਂ ਦਰਮਿਆਨ ਆਪਸੀ ਵਿਸ਼ਵਾਸ ਤੇ ਦ੍ਰਿੜ ਸੰਕਲਪ ਨਾ ਸਿਰਫ਼ ਜਮਹੂਰੀ ਤਾਕਤਾਂ ਨੂੰ ਨਵੀਂ ਊਰਜਾ ਦੇ ਰਿਹਾ ਹੈ, ਬਲਕਿ ਆਜ਼ਾਦ, ਖੁੱਲ੍ਹੇ ਤੇ ਸੰਮਲਿਤ ਹਿੰਦ-ਪ੍ਰਸ਼ਾਂਤ ਖਿੱਤੇ ਦੀ ਸਥਾਪਨਾ ਨੂੰ ਵੀ ਹੱਲਾਸ਼ੇਰੀ ਦੇ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਆਡ ਹਿੰਦ-ਪ੍ਰਸ਼ਾਂਤ ਖਿੱਤੇ ਲਈ ਰਚਨਾਤਮਕ ਏਜੰਡੇ ਨਾਲ ਅੱਗੇ ਵੱਧ ਰਿਹਾ ਹੈ, ਜਿਸ ਨਾਲ ‘ਕੁੱਲ ਆਲਮ ਦੇ ਭਲੇ ਦੀ ਦਿਸ਼ਾ ਵਿੱਚ ਕੰਮ ਕਰਨ ਵਾਲੀ ਤਾਕਤ’ ਦੇ ਰੂਪ ਵਿੱਚ ਇਸ ਦੀ ਦਿੱਖ ਹੋਰ ਮਜ਼ਬੂਤ ਹੋਵੇਗੀ। ਅਮਰੀਕੀ ਸਦਰ ਬਾਇਡਨ ਨੇ ਕਿਹਾ ਕਿ ਕੁਆਡ ਨੂੰ ਨਜ਼ਰਅੰਦਾਜ਼ ਕਰਨਾ ਮੁਸ਼ਕਲ ਹੈ ਤੇ ਚਾਰ ਮੁਲਕੀ ਸਮੂਹ ਦਾ ਮਤਲਬ ‘ਕਾਰੋਬਾਰ’ ਹੈ। ਉਨ੍ਹਾਂ ਕਿਹਾ ਕਿ ਕੁਆਡ ਮੈਂਬਰ ਮੁਲਕਾਂ ਦੇ ਚਾਰ ਆਗੂ ਰਣਨੀਤਕ ਪੱਖੋਂ ਅਹਿਮ ਹਿੰਦ-ਪ੍ਰਸ਼ਾਂਤ ਖਿੱਤੇ ਲਈ ਚੀਜ਼ਾਂ ਦਰੁਸਤ ਕਰਨ ਦੇ ਇਰਾਦੇ ਨਾਲ ਇਥੇ ਆਏ ਹਨ। ਬਾਇਡਨ ਨੇ ਆਪਣੇ ਸੰਬੋਧਨ ਵਿੱਚ ਯੂਕਰੇਨ ’ਤੇ ਕੀਤੇ ਹਮਲੇ ਲਈ ਰੂਸ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਮਾਸਕੋ ਸਭਿਆਚਾਰ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਬਾਇਡਨ ਨੇ ਸਿਖਰ ਵਾਰਤਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਦਿਆਂ ਕਿਹਾ ਕਿ ‘ਤੁਹਾਨੂੰ ਮੁੜ ਵੇਖਣਾ ਸ਼ਾਨਦਾਰ ਹੈ।’ ਬਾਇਡਨ ਨੇ ਕਿਹਾ ਕਿ ਰੂਸ ਜਿੰਨਾ ਚਿਰ ਯੂਕਰੇਨ ਖਿਲਾਫ਼ ਜੰਗ ਜਾਰੀ ਰੱਖੇਗਾ, ਅਮਰੀਕਾ ਆਪਣੇ ਭਾਈਵਾਲਾਂ ਨਾਲ ਕੰਮ ਕਰਦਾ ਰਹੇਗਾ। ਆਸਟਰੇਲੀਆ ਦੇ ਨਵੇਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੁਆਡ ਮੁਲਕਾਂ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ, ‘‘ਮੇਰੀ ਸਰਕਾਰ ਆਰਥਿਕ, ਸਾਈਬਰ, ਊਰਜਾ, ਸਿਹਤ ਤੇ ਵਾਤਾਵਰਨ ਸੁਰੱਖਿਆ ਜਿਹੇ ਮੁੱਦਿਆਂ ਰਾਹੀਂ ਹਿੰਦ-ਪ੍ਰਸ਼ਾਂਤ ਖਿੱਤੇ ਨੂੰ ਵਧੇਰੇ ਮਜ਼ਬੂਤ ਬਣਾਉਣ ਨੂੰ ਤਰਜੀਹ ਦੇਵੇਗੀ।’’ ਉਨ੍ਹਾਂ ਕਿਹਾ ਕਿ ਆਸਟਰੇਲੀਆ ਅਗਲੇ ਸਾਲ ਕੁਆਡ ਸਿਖਰ ਵਾਰਤਾ ਦੀ ਮੇਜ਼ਬਾਨੀ ਗਰੇਗਾ। ਜਪਾਨ ਦੇ ਪ੍ਰਧਾਨ ਮੰਤਰੀ ਕਿਸ਼ਿਦਾ ਨੇ ਕਿਹਾ ਕਿ ਰੂਸ ਵੱਲੋਂ ਯੂਕਰੇਨ ’ਤੇ ਕੀਤੀ ਚੜ੍ਹਾਈ ਯੂਐੱਨ ਚਾਰਟਰ ਦੇ ਸਿਧਾਂਤਾਂ ਦੀ ਖਿਲਾਫ਼ਵਰਜ਼ੀ ਹੈ। ਉਨ੍ਹਾਂ ਕਿਹਾ, ‘‘ਅਸੀਂ ਹਿੰਦ-ਪ੍ਰਸ਼ਾਂਤ ਖਿੱਤੇ ਵਿੱਚ ਅਜਿਹੀਆਂ ਘਟਨਾਵਾਂ ਦੀ ਇਜਾਜ਼ਤ ਨਹੀਂ ਦੇ ਸਕਦੇ।’’ ਮੀਟਿੰਗ ਤੋਂ ਬਾਅਦ ਜਾਰੀ ਸਾਂਝੇ ਬਿਆਨ ਵਿੱਚ ਕੁਆਡ ਆਗੂਆਂ ਨੇ ਕਿਹਾ, ‘‘ਅਸੀਂ ਹਿੰਦ-ਪ੍ਰਸ਼ਾਂਤ ਖਿੱਤੇ ਵਿੱਚ ਮੌਜੂਦ ਸਥਿਤੀ ਨੂੰ ਬਦਲਣ ਲਈ ਤਾਕਤ ਦੇ ਜ਼ੋਰ ’ਤੇ, ਭੜਕਾਊ ਜਾਂ ਫਿਰ ਇਕਤਰਫ਼ਾ ਕਾਰਵਾਈ ਦਾ ਜ਼ੋਰਦਾਰ ਵਿਰੋਧ ਕਰਦੇ ਹਾਂ। ਇਸ ਵਿੱਚ ਵਿਵਾਦਿਤ ਚੀਜ਼ਾਂ ਦਾ ਫੌਜੀਕਰਨ, ਸਾਹਿਲਾਂ ਦੀ ਰੱਖਿਆ ਲਈ ਬੇੜਿਆਂ ਤੇ ਸਾਗਰੀ ਮਿਲੀਸ਼ੀਆ ਦੀ ਖ਼ਤਰਨਾਕ ਵਰਤੋਂ, ਦੂਜੇ ਮੁਲਕਾਂ ਦੇ ਸਾਹਿਲੀ ਸਰੋਤਾਂ ਦੀ ਵਰਤੋਂ ਜਿਹੀਆਂ ਸਰਗਰਮੀਆਂ ’ਚ ਅੜਿੱਕਾ ਪਾਉਣਾ ਸ਼ਾਮਲ ਹਨ।’’ ਕੁਆਡ ਆਗੂਆਂ ਨੇ ਕਿਹਾ ਕਿ ਉਹ ਕੌਮਾਂਤਰੀ ਕਾਨੂੰਨਾਂ ਦੀ ਪਾਲਣਾ ਕਰਨ ਦੇ ਹਮਾਇਤੀ ਹਨ, ਜਿਵੇਂ ਕਿ ਸਾਗਰੀ ਕਾਨੂੰਨ ਨੂੰ ਲੈ ਕੇ ਸਾਂਝੇ ਕਰਾਰ (ਯੂਐੱਨਸੀਐੱਲਓਐੱਸ) ਵਿੱਚ ਦਰਸਾਇਆ ਗਿਆ ਹੈ। ਕਾਬਿਲੇਗੌਰ ਹੈ ਕਿ ਇਹ ਸਿਖਰ ਵਾਰਤਾ ਅਜਿਹੇ ਮੌਕੇ ਹੋ ਰਹੀ ਹੈ ਜਦੋਂ ਚੀਨ ਅਤੇ ਕੁਆਡ ਮੈਂਬਰ ਮੁਲਕਾਂ ਦਰਮਿਆਨ ਰਿਸ਼ਤਿਆਂ ’ਚ ਕਸ਼ੀਦਗੀ ਸਿਖਰ ’ਤੇ ਹੈ। ਆਗੂਆਂ ਨੇ ਅਤਿਵਾਦ ਤੇ ਇਸ ਦੇ ਵੱਖ ਵੱਖ ਰੂਪਾਂ ਦੀ ਸਾਫ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ 26/11 ਮੁੰਬਈ ਤੇ ਪਠਾਨਕੋਟ ਹਮਲੇ ਸਣੇ ਦਹਿਸ਼ਤੀ ਹਮਲਿਆਂ ਨੂੰ ਜੰਮ ਕੇ ਭੰਡਿਆ, ਜਿਨ੍ਹਾਂ ਪਿੱਛੇ ਪਾਕਿਸਤਾਨ ਆਧਾਰਿਤ ਦਹਿਸ਼ਤੀ ਸਮੂਹਾਂ ਦਾ ਹੱਥ ਸੀ। ਕੁਆਡ ਆਗੂਆਂ ਨੇ ਜ਼ੋਰ ਦੇ ਕੇ ਆਖਿਆ ਕਿ ਦਹਿਸ਼ਤੀ ਕਾਰਵਾਈ ਨੂੰ ਕਿਸੇ ਵੀ ਆਧਾਰ ’ਤੇ ਨਿਆਂਸੰਗਤ ਨਹੀਂ ਠਹਿਰਾਇਆ ਜਾ ਸਕਦਾ। ਇਕ ਸਾਂਝੇੇ ਬਿਆਨ ਵਿੱਚ ਕੁਆਡ ਆਗੂਆਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਮਤਾ ਨੰਬਰ 2593 (2021) ਦੀ ਤਾਈਦ ਕੀਤੀ, ਜੋ ਇਹ ਮੰਗ ਕਰਦਾ ਹੈ ਕਿ ਅਫ਼ਗ਼ਾਨ ਸਰਜ਼ਮੀਨ ਨੂੰ ਕਿਸੇ ਹੋਰ ਮੁਲਕ ਖਿਲਾਫ਼ ਹਮਲੇ ਜਾਂ ਦਹਿਸ਼ਗਰਦਾਂ ਨੂੰ ਸਿਖਲਾਈ ਜਾਂ ਪਨਾਹ ਦੇਣ ਜਾਂ ਦਹਿਸ਼ਤੀ ਹਮਲਿਆਂ ਲਈ ਵਿੱਤ ਜੁਟਾਉਣ ਵਜੋਂ ਨਹੀਂ ਵਰਤਿਆ ਜਾ ਸਕਦਾ।


No Comment posted
Name*
Email(Will not be published)*
Website