Your Advertisement
ਪੰਜਾਬ ਮਾਡਲ ਬਾਰੇ ਪਰਗਟ ਦੇ ਸਿੱਧੂ ਨਾਲ ਇਕਮਤ ਨਾ ਹੋਣ ਦੇ ਚਰਚੇ

ਪੰਜਾਬ ਕਾਂਗਰਸ ਦੇ ਸੂਬਾਈ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਬੜੇ ਜ਼ੋਰ-ਸ਼ੋਰ ਨਾਲ ‘ਪੰਜਾਬ ਮਾਡਲ’ ਲੋਕਾਂ ਅੱਗੇ ਪੇਸ਼ ਕੀਤਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ਸ੍ਰੀ ਸਿੱਧੂ ਹਾਲ ਦੀ ਘੜੀ ਇਕੱਲੇ ਹੀ ਨਜ਼ਰ ਆ ਰਹੇ ਹਨ। ਨਵਜੋਤ ਸਿੰਘ ਸਿੱਧੂ ਤੇ ਸਿੱਖਿਆ ਮੰਤਰੀ ਪਰਗਟ ਸਿੰਘ ਇੱਕੋ ਸਮੇਂ ਹੀ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਦੋਵੇਂ ਹੀ ਇੱਕਜੁਟ ਨਜ਼ਰ ਆਉਂਦੇ ਰਹੇ ਸਨ, ਪਰ ਪਿਛਲੇ ਦਿਨਾਂ ਵਿੱਚ ਤੇਜ਼ੀ ਨਾਲ ਵਾਪਰੀਆਂ ਘਟਨਾਵਾਂ ਦੌਰਾਨ ਸਿੱਧੂ ਤੇ ਪਰਗਟ ਸਿੰਘ ਵਿੱਚ ਦੂਰੀਆਂ ਵਧਦੀਆਂ ਜਾ ਰਹੀਆਂ ਹਨ। ਸਿੱਧੂ ਪੰਜਾਬ ਦਾ ਮਾਡਲ ਪੇਸ਼ ਕਰਨ ਸਮੇਂ ਹਮੇਸ਼ਾ ਇਕੱਲੇ ਨਜ਼ਰ ਆਉਂਦੇ ਹਨ ਤੇ ਉਨ੍ਹਾਂ ਨਾਲ ਹੁਣ ਕਾਂਗਰਸ ਹਾਈਕਮਾਂਡ ਵੱਲੋਂ ਥਾਪੇ ਚਾਰ ਕਾਰਜਕਾਰੀ ਪ੍ਰਧਾਨ ਵੀ ਨਜ਼ਰ ਨਹੀਂ ਆਉਂਦੇ। ਪਰਗਟ ਸਿੰਘ ਦਾ ਮੰਤਰੀ ਬਣਨ ਤੋਂ ਬਾਅਦ ਸਿਆਸੀ ਕੱਦ ਵਧਿਆ ਹੈ ਤੇ ਪਾਰਟੀ ਵਿੱਚ ਵੀ ਉਨ੍ਹਾਂ ਦੀ ਪਕੜ ਮਜ਼ਬੂਤ ਹੋਈ ਹੈ।

ਸਿੱਧੂ ਤੇ ਪਰਗਟ ਸਿੰਘ ਵਿਚਾਲੇ ਦੂਰੀਆਂ ਵਧਣ ਦਾ ਮੁੱਢ ਲੰਘੀ 17 ਦਸੰਬਰ ਨੂੰ ਉਦੋਂ ਬੱਝਾ ਸੀ ਜਦੋਂ ਪਰਗਟ ਸਿੰਘ ਦੇ ਵਿਧਾਨ ਸਭਾ ਹਲਕੇ ਵਿੱਚ ਰੱਖੀ ਇੱਕ ਚੋਣ ਰੈਲੀ ਵਿੱਚ ਪੰਜਾਬ ਕਾਂਗਰਸ ਦੇ ਸੂਬਾਈ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਹੀਂ ਪਹੁੰਚੇ ਸਨ ਜਦਕਿ ਪਰਗਟ ਸਿੰਘ ਨੇ ਆਪਣੇ ਫੇਸਬੁੱਕ ਅਕਾਊਂਟ ’ਤੇ ਸਿੱਧੂ ਦੇ ਆਉਣ ਦੀ ਪੁਸ਼ਟੀ ਕੀਤੀ ਸੀ। ਸਟੇਜ ’ਤੇ  ਲੱਗੀਆਂ ਫਲੈਕਸਾਂ ’ਤੇ ਸਿੱਧੂ ਦੀਆਂ ਤਸਵੀਰਾਂ ਬੜੀ ਪ੍ਰਮੁੱਖਤਾ ਨਾਲ ਲਗਾਈਆਂ ਗਈਆਂ ਸਨ। ਕਾਂਗਰਸੀ ਆਗੂਆਂ ਦਾ ਮੰਨਣਾ ਸੀ ਕਿ ਜੇ ਉਸ ਦਿਨ ਨਵਜੋਤ ਸਿੰਘ ਸਿੱਧੂ ਰੈਲੀ ਵਿੱਚ ਆ ਜਾਂਦੇ ਤੇ ਕਾਂਗਰਸ ਦੀ ਏਕਤਾ ਦਾ ਸੁਨੇਹਾ ਜਾਣਾ ਸੀ ਕਿਉਂਕਿ ਇਸ  ਰੈਲੀ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਤੇ ਚੋਣ ਪ੍ਰਚਾਰ ਕਮੇਟੀ ਦੇ ਮੁਖੀ ਸੁਨੀਲ ਜਾਖੜ ਤੇ ਹੋਰ ਆਗੂ ਹਾਜ਼ਰ ਸਨ। ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪੇਸ਼ ਕੀਤੇ ਜਾ ਰਹੇ ਪੰਜਾਬ ਮਾਡਲ ਦੀ ਪਰਗਟ ਸਿੰਘ ਨੇ ਡਟ ਕੇ ਹਮਾਇਤ ਨਹੀਂ ਕੀਤੀ। ਪਰਗਟ ਸਿੰਘ ਨੇ ਕਿਹਾ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਆਗੂ ਕੋਲ ਅਜਿਹਾ ਕੋਈ ਆਗੂ ਨਹੀਂ ਜਿਹੜਾ ਰਾਤੋ-ਰਾਤ ਪੰਜਾਬ ਦੀ ਸਥਿਤੀ ਨੂੰ ਬਦਲ ਸਕਦਾ ਹੈ।

No Comment posted
Name*
Email(Will not be published)*
Website