Your Advertisement
ਰਾਜ ਸਭਾ: ਮੈਂਬਰਾਂ ਦੀ ਮੁਅੱਤਲੀ ਨੂੰ ਲੈ ਕੇ ਪੈਂਦਾ ਰਿਹਾ ਰੌਲਾ-ਰੱਪਾ

ਨਵੀਂ ਦਿੱਲੀ : ਸਰਦ ਰੁੱਤ ਇਜਲਾਸ ਦੇ ਤੀਜੇ ਦਿਨ ਅੱਜ ਰਾਜ ਸਭਾ ਵਿੱਚ ਵਿਰੋਧੀ ਪਾਰਟੀਆਂ ਦੇ 12 ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ਲੈ ਕੇ ਮੁੜ ਰੌਲਾ-ਰੱਪਾ ਪਿਆ। ਵਿਰੋਧੀ ਧਿਰਾਂ ਮੁਅੱਤਲੀ ਵਾਪਸ ਲੈਣ ਲਈ ਨਾਅਰੇਬਾਜ਼ੀ ਕਰਦੀਆਂ ਰਹੀਆਂ ਜਿਸ ਕਰਕੇ ਉਪਰਲੇ ਸਦਨ ਦੀ ਕਾਰਵਾਈ ਨੂੰ ਕਈ ਵਾਰ ਮੁਲਤਵੀ ਕਰਨਾ ਪਿਆ। ਸਦਨ ਦੇ ਚੇਅਰਮੈਨ ਐੱਮ.ਵੇੈਂਕਈਆ ਨਾਇਡੂ ਨੇ ਇਕ ਵਾਰ ਫਿਰ 12 ਸੰਸਦ ਮੈਂਬਰਾਂ ਦੀ ਮੁਅੱਤਲੀ ਦੇ ਫੈਸਲੇ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ। ਨਾਇਡੂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਵੱਲੋਂ ਕੋਈ ਵੀ ਗੱਲ ਰਿਕਾਰਡ ਵਿੱਚ ਨਹੀਂ ਜਾਵੇਗੀ ਤੇ ਇਨ੍ਹਾਂ ਵੱਲੋਂ ਸਦਨ ਦੇ ਐਨ ਵਿਚਾਲੇ ਆ ਕੇ ਕੀਤਾ ਜਾਣ ਵਾਲਾ ਵਿਹਾਰ ਪੂਰੇ ਦੇਸ਼ ਨੂੰ ਵੇਖਣ ਦਿਓ।

ਸ਼ਾਮ ਤਿੰਨ ਵਜੇ ਦੇ ਕਰੀਬ ਸਦਨ ਜੁੜਿਆ ਤਾਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਸਦਨ ਦੇ ਐਨ ਵਿਚਾਲੇ ਆ ਕੇ ਨਾਅਰੇਬਾਜ਼ੀ ਕੀਤੀ। ਵਿਰੋਧੀ ਧਿਰਾਂ ਨੇ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਡੈਮਾਂ (ਬੰਨ੍ਹਾਂ) ਦੀ ਸੁਰੱਖਿਆ ਲਈ ਬਿੱਲ ਪੇਸ਼ ਕਰਨ ਤੋਂ ਡੱਕਿਆ। ਉਸ ਮੌਕੇ ਸਦਨ ਦੀ ਕਾਰਵਾਈ ਚਲਾ ਰਹੇ ਭੁਬਨੇਸ਼ਵਰ ਕਾਲਿਤਾ ਨੇ ਨਾਅਰੇਬਾਜ਼ੀ ਕਰ ਰਹੇ ਮੈਂਬਰਾਂ ਨੂੰ ਆਪਣੀਆਂ ਸੀਟਾਂ ’ਤੇ ਬੈਠਣ ਦੀ ਅਪੀਲ ਕਰਦੇ ਰਹੇ। ਇਸ ਤੋਂ ਪਹਿਲਾਂ ਦੁਪਹਿਰ ਨੂੰ ਸਦਨ ਜੁੜਨ ਮੌਕੇ ਡਿਪਟੀ ਚੇਅਰਮੈਨ ਹਰਿਵੰਸ਼ ਨੇ ਨਾਅਰੇਬਾਜ਼ੀ ਕਰ ਰਹੇ ਮੈਂਬਰਾਂ ਨੂੰ ਇਥੋਂ ਤੱਕ ਕਿਹਾ ਕਿ ਉਹ ਸੀਟਾਂ ’ਤੇ ਬੈਠ ਜਾਣ ਤਾਂ ਸਦਨ ਵਿੱਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੂੰ ਮੁਅੱਤਲੀ ਦੇ ਮੁੱਦੇ ’ਤੇ ਬੋਲਣ ਦੀ ਇਜਾਜ਼ਤ ਦਿੱਤੀ ਜਾਵੇਗੀ। ਹਾਲਾਂਕਿ ਸ਼ੇਖਾਵਤ ਵੱਲੋਂ ਡੈਮ ਸੁਰੱਖਿਆ ਬਿੱਲ ਚਰਚਾ ਲਈ ਸਦਨ ਵਿੱਚ ਪੇਸ਼ ਕਰਨ ਮੌਕੇ ਖੜਗੇ ਨੇ ਉਪ ਚੇਅਰਮੈਨ ਤੋਂ ਮੈਂਬਰਾਂ ਦੀ ਮੁਅੱਤਲੀ ਸਬੰਧੀ ਬੋਲਣ ਦੀ ਆਗਿਆ ਮੰਗੀ ਪਰ ਹਰਿਵੰਸ਼ ਨੇ ਨਾਂਹ ਕਰ ਦਿੱਤੀ। ਮੰਤਰੀ(ਗਜੇਂਦਰ) ਨੇ ਜਿਵੇਂ ਹੀ ਬਿੱਲ ’ਤੇ ਬੋਲਣਾ ਸ਼ੁਰੂ ਕੀਤਾ ਤਾਂ ਵਿਰੋਧੀ ਧਿਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਰੌਲਾ ਰੱਪਾ ਘਟਦਾ ਨਾ ਵੇਖ ਸਦਨ ਨੂੰ ਮੁਲਤਵੀ ਕਰ ਦਿੱਤਾ ਗਿਆ।

No Comment posted
Name*
Email(Will not be published)*
Website