Your Advertisement
ਖੇਤਰੀ ਪਾਰਟੀਆਂ ਭਾਜਪਾ ਖ਼ਿਲਾਫ਼ ਇਕਜੁੱਟ ਹੋਣ: ਮਮਤਾ ਬੈਨਰਜੀ

ਇੱਥੇ ਅੱਜ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ ਗਈ ਅਤੇ ਕਾਂਗਰਸ ਦੀ ਲੀਡਰਸ਼ਿਪ ਖ਼ਿਲਾਫ਼ ਤਨਜ਼ ਕੱਸਦਿਆਂ ਭਾਜਪਾ ਖ਼ਿਲਾਫ਼ ਮਿਲ ਕੇ ਲੜਨ ਦਾ ਹੋਕ ਦਿੱਤਾ ਗਿਆ। ਮਮਤਾ ਬੈਨਰਜੀ ਨੇ ਟਿੱਪਣੀਆਂ ਕੀਤੀਆਂ, ‘‘ਹੁਣ ਕੋਈ ਯੂਪੀਏ ਨਹੀਂ ਹੈ ਅਤੇ ਕੋਈ ਵੀ ਵਿਅਕਤੀ ਜ਼ਿਆਦਾਤਰ ਸਮਾਂ ਵਿਦੇਸ਼ ਵਿਚ ਬੈਠ ਕੇ ਕੋਈ ਚੀਜ਼ ਹਾਸਲ ਨਹੀਂ ਕਰ ਸਕਦਾ ਹੈ।’’ ਉੱਧਰ, ਪਵਾਰ ਨੇ ਕਿਹਾ ਕਿ ਇਸ ਵੇਲੇ ਲੀਡਰਸ਼ਿਪ ਦਾ ਕੋਈ ਮਸਲਾ ਨਹੀਂ ਹੈ ਅਤੇ ਭਾਜਪਾ ਖ਼ਿਲਾਫ਼ ਲੜਾਈ ਵਿਚ ਸਾਰੀਆਂ ਹਮਖਿਆਲੀ ਪਾਰਟੀਆਂ ਦਾ ਸਵਾਗਤ ਹੈ। ਉਨ੍ਹਾਂ ਕਿਹਾ ਕਿ ਲੀਡਰਸ਼ਿਪ ਤਾਂ ਬਾਅਦ ਦੀ ਗੱਲ ਹੈ।

ਇਸ ਤੋਂ ਪਹਿਲਾਂ ਸਮਾਜ ਦੇ ਆਮ ਵਰਗ ਦੇ ਮੈਂਬਰਾਂ ਨਾਲ ਗੱਲਬਾਤ ਦੌਰਾਨ ਬੈਨਰਜੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਵਿਰੋਧੀ ਧਿਰ ਨੂੰ ਸਹੀ ਦਿਸ਼ਾ ਦਿਖਾਉਣ ਲਈ ਕਾਂਗਰਸ ਨੂੰ ਸਿਵਲ ਸੁਸਾਇਟੀ ਦੀਆਂ ਅਹਿਮ ਸ਼ਖ਼ਸੀਅਤਾਂ ਦੀ ਇਕ ਸਲਾਹਕਾਰ ਕਮੇਟੀ ਕਾਇਮ ਕਰਨ ਦੀ ਸਲਾਹ ਦਿੱਤੀ ਸੀ ਪਰ ਇਹ ਯੋਜਨਾ ਸਿਰੇ ਨਹੀਂ ਚੜ੍ਹੀ। ਉਨ੍ਹਾਂ ਕਿਹਾ, ‘‘ਜੇਕਰ ਸਾਰੀਆਂ ਖੇਤਰੀ ਪਾਰਟੀਆਂ ਇਕਜੁੱਟ ਹੋ ਜਾਣ ਤਾਂ ਭਾਜਪਾ ਨੂੰ ਹਰਾਉਣਾ ਆਸਾਨ ਹੋ ਜਾਵੇਗਾ।’’

ਟੀਐੱਮਸੀ ਮੁਖੀ ਨੇ ਕਿਹਾ, ‘‘ਅਸੀਂ ਕਹਿਣਾ ਚਾਹੁੰਦੇ ਹਾਂ ਭਾਜਪਾ ਹਟਾਓ, ਦੇਸ਼ ਬਚਾਓ।’’ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਉੱਤਰ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਨਹੀਂ ਲੜੇਗੀ। ਇਸ ਦੌਰਾਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਭਾਜਪਾ ਖ਼ਿਲਾਫ਼ ਵਿਰੋਧੀ ਗੱਠਜੋੜ ਦੀ ਅਗਵਾਈ ਕਰਨਗੇ ਤਾਂ ਬੈਨਰਜੀ ਨੇ ਕਿਹਾ ਕਿ ਉਹ ਇਕ ਛੋਟੀ ਜਿਹੀ ਵਰਕਰ ਸਨ ਅਤੇ ਉਹੀ ਰਹਿਣਾ ਪਸੰਦ ਕਰਨਗੇ।

ਕਾਂਗਰਸੀ ਆਗੂ ਰਾਹੁਲ ਗਾਂਧੀ ’ਤੇ ਵਰ੍ਹਦਿਆਂ ਮਮਤਾ ਬੈਨਰਜੀ ਨੇ ਕਿਹਾ, ‘‘ਸਿਆਸਤ ਵਿਚ ਲਗਾਤਾਰ ਕੋਸ਼ਿਸ਼ ਜ਼ਰੂਰੀ ਹੈ। ਤੁਸੀਂ ਜ਼ਿਆਦਾਤਰ ਸਮਾਂ ਵਿਦੇਸ਼ ਵਿਚ ਨਹੀਂ ਰਹਿ ਸਕਦੇ।’’ ਉਨ੍ਹਾਂ ਸ੍ਰੀ ਪਵਾਰ ਨਾਲ ਉਨ੍ਹਾਂ ਦੇ ਬੰਗਲੇ ‘ਸਿਲਵਰ ਓਕ’ ਵਿਚ ਕਰੀਬ ਅੱਧਾ ਘੰਟਾ ਗੱਲਬਾਤ ਕੀਤੀ।


No Comment posted
Name*
Email(Will not be published)*
Website