Your Advertisement
ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀ ਪ੍ਰਧਾਨਗੀ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਮਨਜਿੰਦਰ ਸਿੰਘ ਸਿਰਸਾ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਛੱਡਣ ਦੇ ਐਲਾਨ ਤੋਂ ਕੁਝ ਮਿੰਟਾਂ ਬਾਅਦ ਹੀ ਮਨਜਿੰਦਰ ਸਿੰਘ ਸਿਰਸਾ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਭਾਜਪਾ ਨੇ ਉਨ੍ਹਾਂ ਦੇ ਪਾਰਟੀ ਵਿਚ ਸ਼ਾਮਲ ਹੋਣ ਦਾ ਵੀਡੀਓ ਟਵੀਟ ਕੀਤਾ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਬੁੱਧਵਾਰ ਨੂੰ ਕੇਂਦਰੀ ਮੰਤਰੀਆਂ ਧਰਮਿੰਦਰ ਪ੍ਰਧਾਨ ਅਤੇ ਗਜੇਂਦਰ ਸਿੰਘ ਸ਼ੇਖਾਵਤ ਦੀ ਮੌਜੂਦਗੀ ਵਿਚ ਭਾਜਪਾ ’ਚ ਸ਼ਾਮਲ ਹੋਏ। ਸ਼ੇਖਾਵਤ ਜੋ ਕਿ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੇ ਇੰਚਾਰਜ ਹਨ, ਨੇ ਕਿਹਾ ਕਿ ਸਿਰਸਾ ਦਾ ਪਾਰਟੀ ਵਿੱਚ ਸ਼ਾਮਲ ਹੋਣਾ ਯਕੀਨੀ ਤੌਰ ’ਤੇ ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮਦਦਗਾਰ ਸਾਬਿਤ ਹੋਵੇਗਾ। ਸਿਰਸਾ ਕੌਮੀ ਰਾਜਧਾਨੀ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਪ੍ਰਮੁੱਖ ਚਿਹਰਾ ਰਹੇ ਹਨ ਅਤੇ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦੇ ਵੱਡੇ ਸਮਰਥਕ ਸਨ। ਸੰਸਦ ਨੇ ਹਾਲ ਹੀ ਵਿੱਚ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਇੱਕ ਬਿੱਲ ਪਾਸ ਕੀਤਾ ਹੈ ਜਿਸ ਨੂੰ ਭਾਜਪਾ ਵੱਲੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ, ਜਿਨ੍ਹਾਂ ਵਿੱਚ ਵੱਡੀ ਗਿਣਤੀ ਪੰਜਾਬ ਦੇ ਸਿੱਖ ਹਨ, ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਗਿਆ ਹੈ। ਸ੍ਰੀ ਪ੍ਰਧਾਨ ਨੇ ਕਿਹਾ ਕਿ ਸਿਰਸਾ ਦੇ ਸ਼ਾਮਲ ਹੋਣ ਨਾਲ ਭਾਜਪਾ ਹੋਰ ਮਜ਼ਬੂਤ ਹੋਵੇਗੀ ਅਤੇ ਸਿਰਸਾ ਨੇ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਛੱਡ ਦਿੱਤਾ ਹੈ। ਸਿਰਸਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰਦੇ ਹੋਏ ਇੱਕ ਟਵੀਟ ਵਿੱਚ ਕਿਹਾ, ‘‘ਮੇਰੇ ਨਾਲ ਕੰਮ ਕਰਨ ਵਾਲੇ ਸਾਰੇ ਅਹੁਦੇਦਾਰਾਂ, ਮੈਂਬਰਾਂ, ਸਟਾਫ਼ ਤੇ ਲੋਕਾਂ ਦਾ ਧੰਨਵਾਦ। ਮੈਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ। ਮੈਂ ਆਉਣ ਵਾਲੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅੰਦਰੂਨੀ ਚੋਣਾਂ ਨਹੀਂ ਲੜਾਂਗਾ। ਆਪਣੇ ਭਾਈਚਾਰੇ, ਮਨੁੱਖਤਾ ਤੇ ਦੇਸ਼ ਦੀ ਸੇਵਾ ਕਰਨ ਲਈ ਮੇਰੀ ਉਹੀ ਵਚਨਬੱਧਤਾ ਬਰਕਰਾਰ ਹੈ।’’ ਸਿਰਸਾ ਨੇ ਭਾਜਪਾ ਦੀ ਟਿਕਟ ’ਤੇ ਰਾਜੌਰੀ ਗਾਰਡਨ ਤੋਂ 2017 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਤੇ ਜਿੱਤੀਆਂ ਸਨ।

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ ਵਿਚ ਸ਼ਾਮਲ ਹੋਣ ਨੂੰ ਖਾਲਸਾ ਪੰਥ ਦੀਆਂ ਦੁਸ਼ਮਣ ਤਾਕਤਾਂ ਵੱਲੋਂ ਸਾਜ਼ਿਸ਼ਾਂ ਰਚ ਕੇ ਉਹ ਕੁਝ ਹਾਸਲ ਕਰਨ ਦਾ ਯਤਨ ਕਰਾਰ ਦਿੱਤਾ ਜੋ ਕਿ ਉਹ ਸਿੱਖ ਕੌਮ ਕੋਲੋਂ ਆਪਣੀ ਮਰਜ਼ੀ ਨਾਲ ਹਾਸਲ ਨਹੀਂ ਕਰ ਸਕੀਆਂ। ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਿੱਖ ਕੌਮ ਖ਼ਿਲਾਫ਼ ਇੰਦਰਾ ਗਾਂਧੀ ਵਾਲੇ ਹੱਥਕੰਡੇ ਵਰਤੇ ਜਾ ਰਹੇ ਹਨ। ਤਾਕਤ ਦੀ ਦੁਰਵਰਤੋਂ ਕਰਦਿਆਂ ਝੂਠੇ ਕੇਸ ਦਰਜ ਕਰ ਕੇ ਖਾਲਸਾ ਪੰਥ ਦੀ ਧਾਰਮਿਕ ਪ੍ਰਭੂਸੱਤਾ ’ਤੇ ਇਕ ਹੋਰ ਸਿੱਧਾ ਹਮਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਪੰਥ ਨੂੰ ਇਹ ਚੁਣੌਤੀ ਪ੍ਰਵਾਨ ਹੈ ਅਤੇ ਪੰਥ ਸਿੱਧਾ ਹੋ ਕੇ ਇਸ ਦਾ ਮੁਕਾਬਲਾ ਕਰੇਗਾ। ਸ੍ਰੀ ਚੀਮਾ ਨੇ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ, ਜਥੇਦਾਰ ਹਰਮੀਤ ਸਿੰਘ ਕਾਲਕਾ ਅਤੇ ਦਿੱਲੀ ਕਮੇਟੀ ਦੇ 11 ਹੋਰ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਸਨ। ਕਾਲਕਾ ਸਾਹਿਬ ਤੇ ਹੋਰ ਮੈਂਬਰ ਸਿੱਖ ਰਵਾਇਤਾਂ ’ਤੇ ਡਟੇ ਰਹੇ ਅਤੇ ਜਬਰ ਦਾ ਟਾਕਰਾ ਕੀਤਾ ਪਰ ਸਿਰਸਾ ਦਬਾਅ ਹੇਠ ਆ ਗਏ ਅਤੇ ਸਿੱਖ ਪੰਥ ਤੇ ਇਸ ਦੀ ਭਾਵਨਾ ਨਾਲ ਗੱਦਾਰੀ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਅੰਗਰੇਜ਼ਾਂ ਅਤੇ ਫਿਰ ਇੰਦਰਾ ਗਾਂਧੀ ਤੇ ਹੋਰ ਕਾਂਗਰਸ ਸਰਕਾਰਾਂ ਨੇ ਸਾਬੋਤਾਜ ਕਰ ਕੇ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਨੂੰ ਢਹਿ-ਢੇਰੀ ਕਰਨ ਦਾ ਯਤਨ ਕੀਤਾ।

No Comment posted
Name*
Email(Will not be published)*
Website