Your Advertisement
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ

ਅੰਮ੍ਰਿਤਸਰ : ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਵਾਸਤੇ ਅੱਜ ਹੋਏ ਜਨਰਲ ਇਜਲਾਸ ਵਿਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸੰਸਥਾ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਰਘੁਜੀਤ ਸਿੰਘ ਵਿਰਕ ਨੂੰ ਸੀਨੀਅਰ ਮੀਤ ਪ੍ਰਧਾਨ, ਪ੍ਰਿੰਸੀਪਲ ਸੁਰਿੰਦਰ ਸਿੰਘ ਨੂੰ ਜੂਨੀਅਰ ਮੀਤ ਪ੍ਰਧਾਨ ਅਤੇ ਕਰਨੈਲ ਸਿੰਘ ਪੰਜੋਲੀ ਨੂੰ ਜਨਰਲ ਸਕੱਤਰ ਚੁਣਿਆ ਗਿਆ ਹੈ।

ਤੇਜਾ ਸਿੰਘ ਸਮੁੰਦਰੀ ਹਾਲ ਵਿਚ ਹੋਏ ਜਨਰਲ ਇਜਲਾਸ ਦੌਰਾਨ ਪ੍ਰਧਾਨ ਅਤੇ ਜਨਰਲ ਸਕੱਤਰ ਦੀ ਚੋਣ ਵੋਟਾਂ ਪਾ ਕੇ ਕੀਤੀ ਗਈ ਹੈ ਜਦੋਂਕਿ ਸੀਨੀਅਰ ਤੇ ਜੂਨੀਅਰ ਮੀਤ ਪ੍ਰਧਾਨ ਬਿਨਾਂ ਕਿਸੇ ਵਿਰੋਧ ਦੇ ਨਾਮਜ਼ਦ ਕੀਤੇ ਗਏ ਹਨ। ਸ਼੍ਰੋਮਣੀ ਕਮੇਟੀ ਦੀ 11 ਮੈਂਬਰੀ ਅੰਤ੍ਰਿੰਗ ਕਮੇਟੀ ਵਿਚ ਹਰਜਾਪ ਸਿੰਘ ਸੁਲਤਾਨਵਿੰਡ, ਸੁਰਜੀਤ ਸਿੰਘ ਕੰਗ, ਗੁਰਿੰਦਰਪਾਲ ਸਿੰਘ ਗੋਰਾ, ਜੋਧ ਸਿੰਘ ਸਮਰਾ, ਬੀਬੀ ਗੁਰਪ੍ਰੀਤ ਕੌਰ, ਸਰਵਣ ਸਿੰਘ ਕੁਲਾਰ, ਸੁਰਜੀਤ ਸਿੰਘ ਗੜ੍ਹੀ, ਜਰਨੈਲ ਸਿੰਘ ਡੋਗਰਾਂਵਾਲਾ, ਬਲਵਿੰਦਰ ਸਿੰਘ ਵੇਈਂਪੂਈ, ਅਮਰਜੀਤ ਸਿੰਘ ਬੰਡਾਲਾ ਅਤੇ ਵਿਰੋਧੀ ਧਿਰ ਦੇ ਇਕ ਮੈਂਬਰ ਵਜੋਂ ਗੁਰਪ੍ਰੀਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਅੱਜ ਇਜਲਾਸ ਦੌਰਾਨ ਵਿਰੋਧੀ ਧਿਰ ਦੇ ਮੈਂਬਰਾਂ ਵਲੋਂ ਪਾਏ ਰੌਲੇ-ਰੱਪੇ ਕਾਰਨ ਸਾਰੇ ਮਤੇ ਨਹੀਂ ਪੜ੍ਹੇ ਜਾ ਸਕੇ ਅਤੇ ਸਮਾਗਮ ਦੀ ਸਮਾਪਤੀ ਲਈ ਅਰਦਾਸ ਕਰ ਦਿੱਤੀ ਗਈ। ਸਮਾਗਮ ਦੇ ਸ਼ੁਰੂ ਵਿਚ ਹੀ ਬਲਵਿੰਦਰ ਸਿੰਘ ਬੈਂਸ ਤੇ ਉਨ੍ਹਾਂ ਦੇ ਸਾਥੀਆਂ ਨੇ ਲਾਪਤਾ ਸਰੂਪਾਂ ਦਾ ਮਾਮਲਾ ਉਠਾਉਣ ਦਾ ਯਤਨ ਕੀਤਾ ਜਦੋਂਕਿ ਚੋਣ ਦੇ ਮੱਧ ਦੌਰਾਨ ਵਿਰੋਧੀ ਧਿਰ ਦੇ ਇਨ੍ਹਾਂ ਸਾਰੇ ਮੈਂਬਰਾਂ ਨੇ ਅੰਤ੍ਰਿੰਗ ਕਮੇਟੀ ਵਿਚ ਦੋ ਮੈਂਬਰ ਲੈਣ ਦੀ ਮੰਗ ਨੂੰ ਲੈ ਕੇ ਰੌਲਾ ਪਾਇਆ, ਜਿਸ ਨਾਲ ਮਰਿਆਦਾ ਵੀ ਭੰਗ ਹੋਈ।

ਇਜਲਾਸ ਦੇ ਸ਼ੁਰੂ ਵਿਚ ਸਿੱਖ ਰਵਾਇਤਾਂ ਮੁਤਾਬਕ ਅਰਦਾਸ ਕੀਤੀ ਗਈ ਅਤੇ ਗੁਰਮੰਤਰ ਦਾ ਜਾਪ ਕੀਤਾ ਗਿਆ। ਬੀਬੀ ਜਗੀਰ ਕੌਰ ਨੇ ਸਦਨ ਦੀ ਕਾਰਵਾਈ ਸ਼ੁਰੂ ਕਰਦਿਆਂ ਨਵੇਂ ਪ੍ਰਧਾਨ ਦੀ ਚੋਣ ਲਈ ਮੈਂਬਰਾਂ ਦਾ ਨਾਂ ਪੇਸ਼ ਕਰਨ ਲਈ ਆਖਿਆ। ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਵਲੋਂ ਸੁਰਜੀਤ ਸਿੰਘ ਭਿੱਟੇਵੱਡ ਨੇ ਪ੍ਰਧਾਨ ਵਾਸਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਨਾਂ ਪੇਸ਼ ਕੀਤਾ, ਜਿਸ ਦੀ ਤਾਈਦ ਮਜੀਦ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਅਤੇ ਰਵਿੰਦਰ ਸਿੰਘ ਖਾਲਸਾ ਨੇ ਕੀਤੀ। ਇਸ ਦੌਰਾਨ ਦੂਜੀ ਧਿਰ ਵਲੋਂ ਅਮਰੀਕ ਸਿੰਘ ਸ਼ਾਹਪੁਰ ਨੇ ਪ੍ਰਧਾਨ ਵਾਸਤੇ ਮਿੱਠੂ ਸਿੰਘ ਕਾਹਨੇਕੇ ਦਾ ਨਾਂ ਪੇਸ਼ ਕੀਤਾ। ਇਸ ਮੌਕੇ ਵੋਟਾਂ ਪਾ ਕੇ ਚੋਣ ਕੀਤੀ ਗਈ। ਕੁੱਲ ਹਾਜ਼ਰ 142 ਮੈਂਬਰਾਂ ਨੇ ਵੋਟਾਂ ਪਾਈਆਂ, ਜਿਸ ਵਿਚੋਂ ਸ੍ਰੀ ਧਾਮੀ ਨੂੰ 122 ਅਤੇ ਸ੍ਰੀ ਕਾਹਨੇਕੇ ਨੂੰ ਸਿਰਫ 19 ਵੋਟਾਂ ਪ੍ਰਾਪਤ ਹੋਈਆਂ ਜਦੋਂਕਿ ਇਕ ਵੋਟ ਰੱਦ ਹੋ ਗਈ। ਇਸ ਦੌਰਾਨ ਸੀਨੀਅਰ ਮੀਤ ਪ੍ਰਧਾਨ ਰਘੁਜੀਤ ਸਿੰਘ ਵਿਰਕ ਅਤੇ ਜੂਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਸੁਰਿੰਦਰ ਸਿੰਘ ਨੂੰ ਬਿਨਾਂ ਵਿਰੋਧ ਚੁਣ ਲਿਆ ਗਿਆ। ਜਿਵੇਂ ਹੀ ਜਨਰਲ ਸਕੱਤਰ ਦੇ ਅਹੁਦੇ ਵਾਸਤੇ ਹਾਕਮ ਧਿਰ ਵਲੋਂ ਕਰਨੈਲ ਸਿੰਘ ਪੰਜੋਲੀ ਦਾ ਨਾਂ ਪੇਸ਼ ਕੀਤਾ ਤਾਂ ਦੂਜੀ ਧਿਰ ਨੇ ਵੀ ਇਸ ਅਹੁਦੇ ਵਾਸਤੇ ਗੁਰਪ੍ਰੀਤ ਸਿੰਘ ਦਾ ਨਾਂ ਐਲਾਨਿਆ। ਵਿਰੋਧੀ ਧਿਰ ਦੀ ਵੋਟਾਂ ਪਾਉਣ ਲਈ ਜ਼ਿੱਦ ਕਾਰਨ ਮੁੜ ਵੋਟਾਂ ਪਾਈਆਂ ਗਈਆਂ, ਜਿਸ ਵਿਚ ਸ੍ਰੀ ਪੰਜੋਲੀ ਨੂੰ 112 ਅਤੇ ਗੁਰਪ੍ਰੀਤ ਸਿੰਘ ਨੂੰ ਸਿਰਫ 21 ਵੋਟਾਂ ਹੀ ਪ੍ਰਾਪਤ ਹੋਈਆਂ। ਇਕ ਵੋਟ ਰੱਦ ਹੋਈ। ਇਸ ਦੌਰਾਨ ਨਵੇਂ ਚੁਣੇ ਗਏ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਨਾਲ ਗੱਲ ਕਰਦਿਆਂ ਆਖਿਆ ਕਿ ਉਹ ਚੱਲ ਰਹੀ ਧਰਮ ਪ੍ਰਚਾਰ ਲਹਿਰ ਨੂੰ ਹੋਰ ਜ਼ੋਰ ਸ਼ੋਰ ਨਾਲ ਚਲਾਉਣਗੇ ਅਤੇ ਮਾਂ ਬੋਲੀ ਪੰਜਾਬੀ ਨੂੰ ਹੋਰ ਪ੍ਰਫੁਲਿਤ ਕਰਨ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਨੇ ਵਿਰੋਧੀ ਧਿਰ ਦੇ ਮੈਂਬਰਾਂ ਵਲੋਂ ਪਾਏ ਰੌਲੇ ਰੱਪੇ ਨੂੰ ਹੁੱਲੜਬਾਜ਼ੀ ਆਖਦਿਆਂ ਕਿਹਾ ਕਿ ਇਸ ਨਾਲ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਮਰਿਆਦਾ ਦੀ ਉਲੰਘਣਾ ਹੋਈ ਹੈ। ਸ੍ਰੀ ਧਾਮੀ ਪਿਛਲੇ ਇਕ ਵਰ੍ਹੇ ਤੋਂ ਸੰਸਥਾ ਦੇ ਆਨਰੇਰੀ ਮੁੱਖ ਸਕੱਤਰ ਹਨ। ਉਹ 40 ਸਾਲਾਂ ਤੋਂ ਵਕਾਲਤ ਦੇ ਪੇਸ਼ੇ ਨਾਲ ਜੁੜੇ ਹੋਏ ਹਨ। ਨਵੀਂ ਨਿਯੁਕਤੀ ਮਗਰੋਂ ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਉਧਰ ਦਮਦਮੀ ਟਕਸਾਲ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰ ਚਰਨਜੀਤ ਸਿੰਘ ਜੱਸੋਵਾਲ ਅਤੇ ਜਗਤਾਰ ਸਿੰਘ ਰੋਡੇ ਨੇ ਜਨਰਲ ਇਜਲਾਸ ਦਾ ਬਾਈਕਾਟ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਇਥੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਹੋਰਡਿੰਗ ਬੋਰਡ ਅਤੇ ਕਿਤਾਬਾਂ ਦਾ ਲਾਇਆ ਸਟਾਲ ਹਟਾਇਆ ਗਿਆ, ਜਿਸ ਦੇ ਵਿਰੋਧ ਵਿਚ ਬਾਈਕਾਟ ਕੀਤਾ ਹੈ। ਚੀਫ਼ ਖ਼ਾਲਸਾ ਦੀਵਾਨ ਦੇ ਅਹੁਦੇਦਾਰਾਂ ਨੇ ਸ੍ਰੀ ਧਾਮੀ ਨੂੰ ਪ੍ਰਧਾਨ ਬਣਨ ’ਤੇ ਵਧਾਈ ਦਿੱਤੀ। ਇਜਲਾਸ ’ਚ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।


No Comment posted
Name*
Email(Will not be published)*
Website