Your Advertisement
ਕਿਸਾਨ ਅੰਦੋਲਨ ਦੀ ਵਰ੍ਹੇਗੰਢ ਅੱਜ

ਨਵੀਂ ਦਿੱਲੀ : ਖੇਤੀ ਕਾਨੂੰਨਾਂ ਅਤੇ ਹੋਰ ਮੰਗਾਂ ਲਈ ਦਿੱਲੀ ਦੇ ਬਾਰਡਰਾਂ ’ਤੇ ਡਟੇ ਕਿਸਾਨਾਂ ਦੇ ਅੰਦੋਲਨ ਨੂੰ ਭਲਕੇ ਇਕ ਵਰ੍ਹਾ ਮੁਕੰਮਲ ਹੋਣ ’ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਜ਼ੋਰਦਾਰ ਮੁਜ਼ਾਹਰੇ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਦੇ ਫ਼ੈਸਲੇ ਮਗਰੋਂ ਹਜ਼ਾਰਾਂ ਕਿਸਾਨ ਭਲਕੇ 26 ਨਵੰਬਰ ਨੂੰ ਇਸ ਅੰਦੋਲਨ ਦੀ ਪਹਿਲੀ ਵਰ੍ਹੇਗੰਢ ਜਿੱਤ ਦੇ ਜਸ਼ਨ ਵਜੋਂ ਵੀ ਮਨਾਉਣਗੇ। ਇਨ੍ਹਾਂ ਮੋਰਚਿਆਂ ਉਪਰ ਹਜ਼ਾਰਾਂ ਕਿਸਾਨ ਇਕੱਠੇ ਹੋ ਚੁੱਕੇ ਹਨ ਅਤੇ ਉਹ ਆਜ਼ਾਦ ਭਾਰਤ ਵਿੱਚ ਚੱਲੇ ਸਭ ਤੋਂ ਲੰਬੇ ਕਿਸਾਨ ਅੰਦੋਲਨ ਦੇ ਗਵਾਹ ਬਣਨਗੇ। ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਹੋਰ ਸੂਬਿਆਂ ਦੀਆਂ ਰਾਜਧਾਨੀਆਂ ਵਿੱਚ ਵਿਰੋਧ ਪ੍ਰਦਰਸ਼ਨਾਂ ਤੋਂ ਇਲਾਵਾ ਟਰੈਕਟਰ ਰੈਲੀਆਂ ਵੀ ਕੱਢੀਆਂ ਜਾਣਗੀਆਂ। ਉਧਰ ਦਿੱਲੀ ਦੇ ਪੁਲੀਸ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਕਿਹਾ ਹੈ ਕਿ ਕਿਸੇ ਨੂੰ ਵੀ ਜਮਹੂਰੀ ਪ੍ਰਦਰਸ਼ਨਾਂ ’ਤੇ ਕੋਈ ਇਤਰਾਜ਼ ਨਹੀਂ ਹੈ ਪਰ ਕਿਸੇ ਵੀ ਹਾਲਤ ’ਚ ਕਾਨੂੰਨ ਵਿਵਸਥਾ ਨੂੰ ਭੰਗ ਨਹੀਂ ਹੋਣ ਦਿੱਤਾ ਜਾਵੇਗਾ।

ਬਹਾਦਰਗੜ੍ਹ ਰੇਲਵੇ ਸਟੇਸ਼ਨ ’ਤੇ ਮੌਜੂਦ ਕਿਸਾਨਾਂ ਦਾ ਜਥਾ।

ਅੰਦੋਲਨ ਦੇ ਵੱਖ-ਵੱਖ ਪੜਾਵਾਂ ’ਤੇ ‘ਸ਼ਹੀਦ’ ਹੋਏ ਕਿਸਾਨਾਂ ਦੀ ਕੁਰਬਾਨੀ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਿਜਦਾ ਕੀਤਾ ਜਾਵੇਗਾ। ਅੰਦੋਲਨ ਦੌਰਾਨ ਸਾਲ ਭਰ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਕਰ ਰਹੀਆਂ ਸਮਾਜ ਸੇਵੀ ਸੰਸਥਾਵਾਂ, ਡਾਕਟਰਾਂ ਅਤੇ ਹੋਰ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਜਾਵੇਗਾ। ਮੋਰਚੇ ਦੇ ਆਗੂਆਂ ਡਾ. ਦਰਸ਼ਨ ਪਾਲ ਅਤੇ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਇੰਨੇ ਲੰਬੇ ਸਮੇਂ ਤੱਕ ਸੰਘਰਸ਼ ਨੂੰ ਜਾਰੀ ਰੱਖਣਾ ਪਿਆ ਜੋ ਭਾਰਤ ਸਰਕਾਰ ਦੇ ਆਪਣੇ ਮਿਹਨਤਕਸ਼ ਨਾਗਰਿਕਾਂ ਪ੍ਰਤੀ ਅਸੰਵੇਦਨਸ਼ੀਲਤਾ ਤੇ ਹੰਕਾਰ ਦਾ ਸਪੱਸ਼ਟ ਪ੍ਰਤੀਬਿੰਬ ਹੈ। ਕਿਸਾਨ ਆਗੂਆਂ ਯੁੱਧਵੀਰ ਸਿੰਘ ਅਤੇ ਗੁਰਨਾਮ ਸਿੰਘ ਚੜੂਨੀ ਮੁਤਾਬਕ ਅੰਦੋਲਨ ਨੇ ਕਿਸਾਨਾਂ, ਆਮ ਨਾਗਰਿਕਾਂ ਅਤੇ ਵੱਡੇ ਪੱਧਰ ’ਤੇ ਦੇਸ਼ ਲਈ ਕਈ ਜਿੱਤਾਂ ਪ੍ਰਾਪਤ ਕੀਤੀਆਂ। ਅੰਦੋਲਨ ਨੇ ਖੇਤਰੀ, ਧਾਰਮਿਕ ਜਾਂ ਜਾਤੀ ਵੰਡਾਂ ਨੂੰ ਕੱਟਦੇ ਹੋਏ ਕਿਸਾਨਾਂ ਲਈ ਇਕਜੁੱਟ ਪਛਾਣ ਦੀ ਭਾਵਨਾ ਪੈਦਾ ਕੀਤੀ ਹੈ। ਕਿਸਾਨ ਆਗੂਆਂ ਬਲਬੀਰ ਸਿੰਘ ਰਾਜੇਵਾਲ ਅਤੇ ਸ਼ਿਵ ਕੁਮਾਰ ‘ਕੱਕਾਜੀ’ ਅਨੁਸਾਰ ਅੰਦੋਲਨ ਨੇ ਟਰੇਡ ਯੂਨੀਅਨਾਂ, ਔਰਤਾਂ, ਵਿਦਿਆਰਥੀਆਂ ਅਤੇ ਨੌਜਵਾਨ ਸੰਗਠਨਾਂ ਸਮੇਤ ਹੋਰ ਅਗਾਂਹਵਧੂ ਤੇ ਜਮਹੂਰੀ ਜਨਤਕ ਸੰਗਠਨਾਂ ਦੇ ਸਹਿਯੋਗ ਨਾਲ ਤਾਕਤ ਪ੍ਰਾਪਤ ਕੀਤੀ। ਉਨ੍ਹਾਂ ਦੁਹਰਾਇਆ ਕਿ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨਾ ਅੰਦੋਲਨ ਦੀ ਪਹਿਲੀ ਵੱਡੀ ਜਿੱਤ ਹੈ ਅਤੇ ਹੋਰ ਜਾਇਜ਼ ਮੰਗਾਂ ਵੀ ਛੇਤੀ ਮੰਨੀਆਂ ਜਾਣੀਆਂ ਚਾਹੀਦੀਆਂ ਹਨ। ਕਿਸਾਨ ਆਗੂ ਹਨਨ ਮੌਲਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਇਤਿਹਾਸਕ ਅੰਦੋਲਨ ਦੇ ਇੱਕ ਸਾਲ ਪੂਰੇ ਹੋਣ ’ਤੇ ਦਿੱਲੀ ਦੇ ਮੋਰਚਿਆਂ ਅਤੇ ਦੂਰ-ਦੁਰਾਡੇ ਰਾਜਾਂ ਦੀਆਂ ਰਾਜਧਾਨੀਆਂ ਅਤੇ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਭਾਰੀ ਮੁਜ਼ਾਹਰੇ ਕੀਤੇ ਜਾਣਗੇ। ਕਿਸਾਨ ਆਗੂ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਸਮੇਤ ਸੰਯੁਕਤ ਕਿਸਾਨ ਮੋਰਚੇ ਦੀਆਂ ਹੋਰ ਯੂਨੀਅਨਾਂ ਦੇ ਪ੍ਰਧਾਨ ਜਾਂ ਜਨਰਲ ਸਕੱਤਰਾਂ ਵਿੱਚੋਂ ਇੱਕ ਨੂੰ ਮੁੱਖ ਮੰਚ ਤੋਂ ਬੋਲਣ ਦੀ ਆਗਿਆ ਹੋਵੇਗੀ। ਉਨ੍ਹਾਂ ਦੱਸਿਆ ਕਿ ਗਾਇਕਾਂ ਨੂੰ ਵੀ ਸਿਰਫ਼ ਪੰਜ-ਸੱਤ ਮਿੰਟ ਹੀ ਦਿੱਤੇ ਜਾਣਗੇ। ਗਾਜ਼ੀਪੁਰ ਅਤੇ ਟਿਕਰੀ ਦੇ ਮੋਰਚਿਆਂ ਵੱਲੋਂ ਵੀ ਆਪਣੇ ਪੱਧਰ ’ਤੇ ਸਮਾਗਮ ਉਲੀਕੇ ਗਏ ਹਨ। ਕੁੱਝ ਕਿਸਾਨ ਜਥੇਬੰਦੀਆਂ ਵੱਲੋਂ ਸਿੰਘੂ ਮੋਰਚੇ ’ਤੇ ਬਣਾਈਆਂ ਬਾਂਸਾਂ ਦੀਆਂ ਝੌਂਪੜੀਆਂ ਵਿੱਚ ਧਾਰਮਿਕ ਸਮਾਗਮ ਵੀ ਕੀਤੇ ਜਾਣਗੇ ਜੋ 27 ਨਵੰਬਰ ਤੋਂ ਬਾਅਦ ਮੁਕੰਮਲ ਹੋਣਗੇ।

ਵੱਖ ਵੱਖ ਸੂਬਿਆਂ ਤੋਂ ਿਦੱਲੀ ਦੇ ਬਾਰਡਰਾਂ ’ਤੇ ਪਹੁੰਚੇ ਲੋਕ

ਦਿੱਲੀ ਦੇ ਬਾਰਡਰਾਂ ’ਤੇ ਅੰਦੋਲਨ ਦੀ ਪਹਿਲੀ ਵਰ੍ਹੇਗੰਢ ਮਨਾਉਣ ਲਈ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਉੱਤਰਾਖੰਡ ਦੇ ਕਿਸਾਨ ਵੱਡੀ ਗਿਣਤੀ ’ਚ ਇਥੇ ਪੁੱਜਣੇ ਸ਼ੁਰੂ ਹੋ ਗਏ ਹਨ। ਬਹੁਤੇ ਕਿਸਾਨ ਬੀਤੀ ਸ਼ਾਮ ਨੂੰ ਉਕਤ ਰਾਜਾਂ ਤੋਂ ਦਿੱਲੀ ਲਈ ਤੁਰੇ ਹੋਏ ਸਨ ਜੋ ਅੱਜ ਸਵੇਰੇ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਦੇ ਮੋਰਚਿਆਂ ਉਪਰ ਪਹੁੰਚ ਗਏ। ਬਹਾਦਰਗੜ੍ਹ ਦੇ ਰੇਲਵੇ ਸਟੇਸ਼ਨ ’ਤੇ ਕਿਸਾਨਾਂ ਦੇ ਵੱਡੇ ਗੁੱਟ ਪੱਛਮੀ ਤੇ ਉੱਤਰ ਭਾਰਤ ਤੋਂ ਆਉਣ ਵਾਲੀਆਂ ਗੱਡੀਆਂ ਤੋਂ ਉੱਤਰੇ ਤੇ ਟਿਕਰੀ ਬਾਰਡਰ ਪਹੁੰਚੇ। ਨਰੇਲਾ ਦੇ ਰੇਲਵੇ ਸਟੇਸ਼ਨ ਉਪਰ ਪੰਜਾਬ, ਹਰਿਆਣਾ ਵਿੱਚੋਂ ਲੰਘ ਕੇ ਦਿੱਲੀ ਆਉਣ ਵਾਲੀਆਂ ਗੱਡੀਆਂ ਵਿੱਚੋਂ ਕਿਸਾਨ ਦਿੱਲੀ ਪੁੱਜੇ। ਉਧਰ ਗਾਜ਼ੀਪੁਰ ਮੋਰਚੇ ਵਿੱਚ ਸ਼ਾਮਲ ਹੋਣ ਵਾਲੇ ਕਿਸਾਨਾਂ ਨੇ ਵੀ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਤੋਂ ਕਾਰਾਂ, ਬੱਸਾਂ ਅਤੇ ਰੇਲ ਗੱਡੀਆਂ ਰਾਹੀਂ ਸਫ਼ਰ ਪੂਰਾ ਕਰਕੇ ਮੋਰਚੇ ਦੀ ਰੌਣਕ ਵਧਾਈ ਹੈ। ਹਰਿਆਣਾ ਦੇ ਸੋਨੀਪਤ ਅਤੇ ਪਾਣੀਪਤ ਦੇ ਕਿਸਾਨਾਂ ਨੇ ਸਿੰਘੂ ਅਤੇ ਝੱਜਰ, ਰੋਹਤਕ, ਬਹਾਦਰਗੜ੍ਹ ਤੇ ਨੇੜੇ ਦੇ ਜ਼ਿਲ੍ਹਿਆਂ ਤੋਂ ਟਿਕਰੀ ਮੋਰਚੇ ਲਈ ਚਾਲੇ ਪਾਏ।

No Comment posted
Name*
Email(Will not be published)*
Website