Your Advertisement
ਕੈਪਟਨ ਦੀ ਬਾਦਲਾਂ ਨਾਲ ਮਿਲੀਭੁਗਤ: ਚੰਨੀ

ਬੰਗਾ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਬਾਦਲਾਂ ਨਾਲ ਰਲੇ ਹੋਣ ਦਾ ਤਨਜ਼ ਕੱਸਦਿਆਂ ਉਨ੍ਹਾਂ ਨੂੰ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਵਿਚੋਲਗੀ ਕਰਨ ਵਾਲਾ ਵਿਅਕਤੀ ਦੱਸਿਆ ਹੈ। ਉਹ ਬੰਗਾ ਹਲਕੇ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਲਈ ਗਰਾਂਟ ਦੇਣ ਪੁੱਜੇ ਸਨ। ਉਨ੍ਹਾਂ ਕਿਹਾ ਕਿ ਉਕਤ ਸਾਂਝ ਦੇ ਜੱਗ ਜਾਹਿਰ ਹੋਣ ਨਾਲ ਵਾਰੋ-ਵਾਰੀ ਸੱਤਾ ਹਾਸਲ ਕਰਨ ਦੀ ਸਾਜ਼ਿਸ਼ ’ਤੇ ਹੁਣ ਰੋਕ ਲੱਗ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਆਮ ਲੋਕਾਂ ਦੀ ਸਰਕਾਰ ਦੇ ਮੋਹਰੀ ਵਜੋਂ ਉਹ ਪੰਜਾਬੀਆਂ ਦੀ ਸੇਵਾ ’ਚ ਹਰ ਵਕਤ ਹਾਜ਼ਰ ਹਨ।

ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਹ ਅਰਵਿੰਦ ਕੇਜਰੀਵਾਲ ਵਾਂਗ ਫਾਰਮ ਭਰਨ ਦਾ ਡਰਾਮਾ ਨਹੀਂ ਕਰਦੇ ਸਗੋਂ ਜੋ ਐਲਾਨ ਕੀਤੇ ਹਨ, ਉਨ੍ਹਾਂ ਨੂੰ ਨਾਲੋਂ ਨਾਲ ਲਾਗੂ ਕੀਤਾ ਜਾ ਰਿਹਾ ਹੈ। ਬਸਪਾ-ਅਕਾਲੀ ਦਲ ਗੱਠਜੋੜ ਬਾਰੇ ਉਨ੍ਹਾਂ ਕਿਹਾ ਕਿ ਬਸਪਾ ਨੂੰ ਘੱਟ ਵੋਟ ਫ਼ੀਸਦੀ ਵਾਲੀਆਂ ਸੀਟਾਂ ਦੇ ਕੇ ਅਕਾਲੀ ਦਲ ਨੇ ਬਸਪਾ ਨੂੰ ਖ਼ਤਮ ਕਰਨ ਦੀ ਕੋਝੀ ਚਾਲ ਚੱਲੀ ਹੈ। ਇਸ ਦੇ ਨਾਲ ਹੀ ਉਨ੍ਹਾਂ ਮੌਜੂਦਾ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗਈਆਂ ਰਿਆਇਤਾਂ ਦਾ ਗੁਣਗਾਣ ਵੀ ਕੀਤਾ। ਇਸ ਮੌਕੇ ਉਨ੍ਹਾਂ ਨੇ ਬੰਗਾ ਹਲਕੇ ਦੇ ਵਿਕਾਸ ਕਾਰਜਾਂ ਲਈ 25 ਕਰੋੜ ਦੀ ਗਰਾਂਟ ਦੇਣ, ਕਸਬਾ ਔੜ ਨੂੰ ਸਬ-ਤਹਿਸੀਲ, ਬੰਗਾ ਵਿੱਚ ਡਿਗਰੀ ਕਾਲਜ ਅਤੇ ਸਟੇਡੀਅਮ ਬਣਾਉਣ, ਸਿਵਲ ਹਸਪਤਾਲ ਨੂੰ ਅੱਪਗ੍ਰੇਡ ਕਰਨ ਦਾ ਐਲਾਨ ਵੀ ਕੀਤਾ। ਉਨ੍ਹਾਂ ਦੋਆਬੇ ਦੀਆਂ ਸੜਕਾਂ ਦੇ ਨਿਰਮਾਣ ਲਈ 32 ਕਰੋੜ ਦੀ ਰਾਸ਼ੀ ਦੇਣ ਦੀ ਇਸ ਮੌਕੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ, ਪ੍ਰਿੰਸੀਪਲ ਸਕੱਤਰ ਹੁਸਨ ਲਾਲ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਆਦਿ ਵੀ ਸ਼ਾਮਲ ਸਨ।

ਕਤਾਰ ’ਚ ਲਾਏ ਟਿਕਟ ਦੇ ਦਾਅਵੇਦਾਰ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਆਮਦ ਮੌਕੇ ਅੱਜ ਬੰਗਾ ਹਲਕੇ ਦੇ ਸਾਰੇ ਦਾਅਵੇਦਾਰ ਇੱਕ ਕਤਾਰ ਵਿੱਚ ਬੈਠੇ ਨਜ਼ਰ ਆਏ। ਉਂਜ ਪਾਰਟੀ ਪ੍ਰੋਗਰਾਮਾਂ ’ਚ ਇਨ੍ਹਾਂ ਦਾਅਵੇਦਾਰਾਂ ’ਚੋਂ ਕਈ ਜਣੇ ‘ਤੂੰ-ਤੂੰ, ਮੈਂ-ਮੈਂ’ ਉੱਤੇ ਉੱਤਰ ਆਉਂਦੇ ਸਨ। ਅੱਜ ਜਿੰਨਾਂ ਚਿਰ ਸਮਾਗਮ ਚੱਲਦਾ ਰਿਹਾ ਸਾਰੇ ਦਾਅਵੇਦਾਰਾਂ ਨੇ ਸ਼ਾਂਤੀ ਬਣਾਈ ਰੱਖੀ। ਬੰਗਾ ਵਾਸੀਆਂ ਨੂੰ ਇਨ੍ਹਾਂ ਦਾਅਵੇਦਾਰਾਂ ’ਚੋਂ ਕਿਸੇ ਇੱਕ ਨੂੰ ਉਮੀਦਵਾਰ ਐਲਾਨੇ ਜਾਣ ਦੀ ‘ਉਡੀਕ’ ਸੀ ਪਰ ਮੁੱਖ ਮੰੰਤਰੀ ਵੱਲੋਂ ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ਬੰਗਾ ਤੋਂ ਉਮੀਦਵਾਰੀ ਦਾ ਇਸ਼ਾਰਾ ਨਾ ਦਿੱਤੇ ਜਾਣ ਨੇ ਲੋਕਾਂ ਦੀ ਉਡੀਕ ਦੀਆਂ ਘੜੀਆਂ ਹੋਰ ਲੰਬੀਆਂ ਕਰ ਦਿੱਤੀਆਂ ਹਨ।

ਚੰਨੀ ਆਪਣੇ ਭਰਾ ਖਾਤਰ ਬਾਦਲਾਂ ਨਾਲ ਮਿਲੇ: ਅਮਰਿੰਦਰ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਚਰਨਜੀਤ ਚੰਨੀ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਚੰਨੀ ਆਪਣੇ ਭਰਾ ਨੂੰ ਲੁਧਿਆਣਾ ਸਿਟੀ ਸੈਂਟਰ ਮਾਮਲੇ ਵਿਚ ਬਚਾਉਣ ਲਈ ਬਾਦਲਾਂ ਨਾਲ ਮਿਲ ਗਏ ਸਨ| ਚੇਤੇ ਰਹੇ ਕਿ ਚੰਨੀ ਨੇ ਅੱਜ ਅਮਰਿੰਦਰ ਸਿੰਘ ’ਤੇ ਬਾਦਲਾਂ ਨਾਲ ਮਿਲੇ ਹੋਣ ਦੇ ਇਲਜ਼ਾਮ ਲਾਏ ਹਨ| ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੇ ਨਹੀਂ ਬਲਕਿ ਚੰਨੀ ਨੇ ਖੁਦ ਆਪਣੇ ਭਰਾ ਨੂੰ ਬਚਾਉਣ ਲਈ ਬਾਦਲਾਂ ਨਾਲ ਮਿਲੀਭੁਗਤ ਕੀਤੀ ਅਤੇ ਸਮਰਥਨ ਦੇਣ ਦਾ ਵਾਅਦਾ ਕੀਤਾ। ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੇ ਤਾਂ 2002 ਵਿਚ ਬਾਦਲਾਂ ਨੂੰ ਸਲਾਖਾਂ ਪਿੱਛੇ ਡੱਕਿਆ ਸੀ ਅਤੇ ਬਦਲੇ ਵਿਚ ਬਾਦਲਾਂ ਨੇ ਉਨ੍ਹਾਂ ’ਤੇ ਝੂਠਾ ਮੁਕੱਦਮਾ ਦਾਇਰ ਕੀਤਾ ਜਿਸ ਕਰਕੇ ਉਹ 13 ਸਾਲ ਅਦਾਲਤਾਂ ਵਿਚ ਲੜਦੇ ਰਹੇ ਜਦੋਂ ਕਿ ਚੰਨੀ ਨੇ ਆਪਣੇ ਭਰਾ ਨੂੰ ਬਚਾਉਣ ਲਈ ਬਾਦਲਾਂ ਨੂੰ ਅੰਦਰੋਂ-ਅੰਦਰੀ ਸਮਰਥਨ ਦਿੱਤਾ|

No Comment posted
Name*
Email(Will not be published)*
Website