Your Advertisement
ਸਿੱਧੂ ਨੇ ਬੇਅਦਬੀ ਮਾਮਲੇ ’ਤੇ ਕੈਪਟਨ ਨੂੰ ਮੁੜ ਘੇਰਿਆ

ਬਰਗਾੜੀ ਤੇ ਬਹਿਬਲ ਕਲਾਂ ਬੇਅਦਬੀ ਮਾਮਲੇ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਲਗਾਤਾਰ ਬਿਆਨਬਾਜ਼ੀ ਕਰ ਰਹੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਅੱਜ ਮੁੜ ਇਸ ਮਾਮਲੇ ਵਿਚ ਆਖਿਆ ਕਿ ਜਦੋਂ ਇਸ ਸਬੰਧੀ ਲੋੜੀਂਦੇ ਸਬੂਤ ਮੌਜੂਦ ਹਨ ਤਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਕਿਉਂ ਨਹੀਂ ਹੋ ਰਹੀ।

ਆਪਣੇ ਟਵਿੱਟਰ ਖਾਤੇ ਰਾਹੀਂ ਸ੍ਰੀ ਸਿੱਧੂ ਨੇ ਬਿਨਾਂ ਕਿਸੇ ਦਾ ਨਾਂ ਲਏ ਆਖਿਆ ਕਿ ਇਸ ਮਾਮਲੇ ਤੋਂ 6 ਸਾਲ ਬਾਅਦ ਇਕ ਹੋਰ ‘ਸਿਟ’ (ਵਿਸ਼ੇਸ਼ ਜਾਂਚ ਟੀਮ) ਦੀ ਜਾਂਚ ਰਿਪੋਰਟ ਦੀ ਉਡੀਕ ਕਿਉਂ ਕੀਤੀ ਜਾ ਰਹੀ ਹੈ, ਜਦੋਂਕਿ ਲੋੜੀਂਦੇ ਸਬੂਤ ਮੌਜੂਦ ਹਨ। ਇਸ ਮਾਮਲੇ ਦੇ ਮੁੱਖ ਮੁਲਜ਼ਮਾਂ ਦੀ ਗ੍ਰਿਫਤਾਰੀ ਤੁਰੰਤ ਕਿਉਂ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਪੁਲੀਸ ਆਮ ਮਾਮਲਿਆਂ ਵਿਚ ਤਾਂ ਤੁਰੰਤ ਕਾਰਵਾਈ ਕਰਦੀ ਹੈ ਪਰ ਇਸ ਮਾਮਲੇ ’ਤੇ ਚੁੱਪ ਹੈ।

ਉਨ੍ਹਾਂ ਬੀਤੇ ਦਿਨ ਵੀ ਆਖਿਆ ਸੀ ਕਿ ਉਸ ਦੀ ਆਤਮਾ ਕੱਲ੍ਹ ਵੀ ਤੇ ਅੱਜ ਵੀ ਨਿਆਂ ਦੀ ਮੰਗ ਕਰ ਰਹੀ ਹੈ। ਇਸ ਦੀ ਮੰਗ ਭਲਕੇ ਵੀ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਵੀ ਉਹ ਸਿੱਧੇ ਅਸਿੱਧੇ ਤੌਰ ’ਤੇ ਇਸ ਮਾਮਲੇ ਵਿਚ ਢਿੱਲ ਮੱਠ ਵਰਤਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਟਹਿਰੇ ਵਿਚ ਖੜ੍ਹਾ ਕਰ ਚੁੱਕੇ ਹਨ। ਸ੍ਰੀ ਸਿੱਧੂ ਨੇ ਆਪਣੇ ਟਵੀਟ ਨਾਲ ਉਸ ਵੇਲੇ ਦੀ ਇਕ ਵੀਡੀਓ ਵੀ ਅਪਲੋਡ ਕੀਤੀ ਹੈ ਜਦੋਂ ਉਹ ਵਜ਼ਾਰਤ ਵਿਚ ਸ਼ਾਮਲ ਸਨ। ਵੀਡੀਓ ਵਿਚ ਉਹ ਬੇਅਦਬੀ ਕਾਂਡ ਨਾਲ ਸਬੰਧਤ ਪਿੰਡਾਂ ਦਾ ਦੌਰਾ ਕਰ ਰਹੇ ਹਨ ਅਤੇ ਲੋਕਾਂ ਨੂੰ ਮਿਲ ਰਹੇ ਹਨ। ਉਨ੍ਹਾਂ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਹਨ।

ਇਸੇ ਵੀਡੀਓ ਵਿੱਚ ਹੀ ਨਵਜੋਤ ਸਿੱਧੂ ਡੇਰਾ ਸਿਰਸਾ ਮੁਖੀ ਖ਼ਿਲਾਫ਼ ਕੇਸ ਦਰਜ ਹੋਣ ਦੇ ਬਾਵਜੂਦ ਅਕਾਲੀ ਦਲ ਦੀ ਸਰਕਾਰ ਦੌਰਾਨ ਕੋਈ ਵੀ ਕਾਰਵਾਈ ਨਾ ਹੋਣ ਦੀ ਗੱਲ ਵੀ ਕਰਦੇ ਹਨ। ਉਹ ਬਾਦਲ ਪਰਿਵਾਰ ’ਤੇ ਡੇਰਾ ਮੁਖੀ ਨੂੰ ਬਚਾਉਣ ਦੀ ਚਾਰਾਜੋਈ ਕਰਨ ਦੀ ਗੱਲ ਵੀ ਕਰ ਰਹੇ ਹਨ। ਬਹਿਬਲ ਕਲਾਂ ਗੋਲ਼ੀ ਕਾਂਡ ਦੀ ਗੱਲ ਕਰਦਿਆਂ ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਵੱਲੋਂ ਉਸ ਵੇਲੇ ਮੁੱਖ ਮੰਤਰੀ ਵਜੋਂ ਰਾਤ ਦੇ ਦੋ ਵਜੇ ਡੀਜੀਪੀ ਨੂੰ ਫੋਨ ਕਰਕੇ ਆਦੇਸ਼ ਜਾਰੀ ਕੀਤੇ ਗਏ ਸਨ।

No Comment posted
Name*
Email(Will not be published)*
Website