
ਇੰਡੋਨੇਸ਼ੀਆ ਵਿੱਚ ਬੀਤੇ ਦਿਨੀਂ ਲਾਪਤਾ ਹੋਏ ਜਹਾਜ਼ ਦਾ ਅੱਜ ਮਲਬਾ ਮਿਲ ਗਿਆ ਹੈ ਅਤੇ ਕੁੱਝ ਮਨੁੱਖੀ ਸਰੀਰ ਦੇ ਅੰਗ ਵੀ ਪ੍ਰਾਪਤ ਹੋਏ ਹਨ। ਸ੍ਰੀਵਿਜੈ ਏਅਰਲਾਈਨ ਦਾ ਜਹਾਜ਼ ਜਕਾਰਤਾ ਤੋਂ ਉਡਾਣ ਭਰਨ ਤੋਂ ਤੁਰੰਤ ਮਗਰੋਂ ਸਮੁੰਦਰ ਵਿੱਚ ਹਾਦਸਾਗ੍ਰਸਤ ਹੋ ਗਿਆ ਸੀ। ਸ਼ਨਿਚਰਵਾਰ ਨੂੰ ਹਾਦਸਾਗ੍ਰਸਤ ਹੋਏ ਬੋਇੰਗ 737-500 ਜਹਾਜ਼ ਵਿੱਚ ਅਮਲੇ ਸਣੇ 62 ਲੋਕ ਸਵਾਰ ਸਨ।
ਸਾਲ 2018 ਮਗਰੋਂ ਇਹ ਇੰਡੋਨੇਸ਼ੀਆ ਵਿੱਚ ਸਭ ਤੋਂ ਵੱਡਾ ਜਹਾਜ਼ ਹਾਦਸਾ ਹੈ। ਉਸ ਸਮੇਂ 189 ਯਾਤਰੀਆਂ ਨੂੰ ਲਿਜਾ ਰਿਹਾ ਲਾਇਨ ਏਅਰ ਬੋਇੰਗ 737 ਮੈਕਸ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਵਿੱਚ ਹੋਰ ਦੇਸ਼ਾਂ ਵਿੱਚ ਹੋਏ ਹਵਾਈ ਹਾਦਸਿਆਂ ਦੇ ਮੁਕਾਬਲੇ ਸਭ ਤੋਂ ਵੱਧ ਮੌਤਾਂ ਹੋਈਆਂ ਸਨ।
ਇੰਡੋਨੇਸ਼ਿਆਈ ਖੋਜ ਅਤੇ ਬਚਾਅ ਏਜੰਸੀ ਦੇ ਮੁਖੀ ਬੇਗਸ ਪੁਰੂਹਿਤੋ ਨੇ ਫ਼ੌਜ ਦੇ ਸਮੁੰਦਰੀ ਜਹਾਜ਼ ਵਿੱਚ ਪੱਤਰਕਾਰਾਂ ਨੂੰ ਦੱਸਿਆ, ‘‘ਸਾਨੂੰ ਦੋ ਥਾਵਾਂ ਤੋਂ ਸਿਗਨਲ ਮਿਲੇ ਹਨ। ਇਹ ਬਲੈਕ ਬਾਕਸ ਦੇ ਹੋ ਸਕਦੇ ਹਨ।’’ ਬਚਾਅ ਟੀਮ ਨੂੰ ਜਾਵਾ ਸਮੁੰਦਰ ’ਚੋਂ ਮਨੁੱਖੀ ਸਰੀਰ ਦੇ ਅੰਗ, ਫਟੇ ਹੋੲੇ ਕੱਪੜੇ ਅਤੇ ਮਲਬੇ ਦੇ ਟੁਕੜੇ ਮਿਲੇ ਹਨ, ਜਿਨ੍ਹਾਂ ਨੂੰ ਜਕਾਰਤਾ ਬੰਦਰਗਾਹ ’ਤੇ ਲਿਆਂਦਾ ਜਾ ਰਿਹਾ ਹੈ। ਧਾਤੂ ਦੇ ਇੱਕ ਮੁੜੇ ਹੋਏ ਟੁਕੜੇ ’ਤੇ ਨੀਲੇ ਅਤੇ ਲਾਲ ਰੰਗ ਨਾਲ ਸ੍ਰੀਵਿਜੈ ਪੇਂਟ ਕੀਤਾ ਹੋਇਆ ਹੈ। ਪੁਲੀਸ ਨੇ ਲਾਸ਼ਾਂ ਦੀ ਪਛਾਣ ਲਈ ਉਨ੍ਹਾਂ ਦੇ ਪਰਿਵਾਰਾਂ ਨੂੰ ਦੰਦਾਂ ਦੇ ਰਿਕਾਰਡ ਅਤੇ ਡੀਐੱਨਏ ਦੇ ਨਮੂਨੇ ਦੇਣ ਦੀ ਅਪੀਲ ਕੀਤੀ ਹੈ। ਇਸ ਜਹਾਜ਼ ਵਿੱਚ ਅਮਲੇ ਦੇ 12 ਮੈਂਬਰ ਅਤੇ 50 ਯਾਤਰੀ ਸਵਾਰ ਵਿੱਚ ਸਨ, ਜਿਨ੍ਹਾਂ ਵਿੱਚ ਦਸ ਬੱਚੇ ਸਨ।