
ਵਾਸ਼ਿੰਗਟਨ-ਅਮਰੀਕਾ ਦੀ ਇਕ ਸਰਕਾਰੀ ਏਜੰਸੀ ਨੇ ਬਦਲਾਅ ਨੂੰ ਅੱਗੇ ਵਧਾਉਣ ਦੀ ਪ੍ਰਕਿਰਿਆ ਲਈ ਪੈ ਰਹੇ ਦਬਾਅ ਵਿਚਾਲੇ ਆਖਿਰਕਾਰ ਰਾਸ਼ਟਰਪਤੀ ਚੋਣਾਂ 'ਚ ਡੈਮੋਕ੍ਰੇਟਿਕ ਉਮੀਦਵਾਰ ਜੋ ਬਾਈਡੇਨ ਨੂੰ ਜੇਤੂ ਵਜੋਂ ਮਾਨਤਾ ਪ੍ਰਦਾਨ ਕਰ ਦਿੱਤੀ। ਜਰਨਲ ਸਰਵਿਸੇਜ ਐਡਨੀਸਟ੍ਰੇਸ਼ਨ (ਜੀ.ਐੱਸ.ਏ.) ਦੀ ਪ੍ਰਸ਼ਾਸਨ ਏਮਿਲੀ ਮਰਫੀ ਦੇ ਫੈਸਲਿਆਂ ਤੋਂ ਬਾਅਦ ਹੁਣ ਆਉਣ ਵਾਲੀ ਬਾਈਡੇਨ ਟੀਮ ਦੀ ਸੰਘੀ ਸਰੋਤਾਂ, ਵੱਖ-ਵੱਖ ਸੰਘੀ ਏਜੰਸੀਆਂ ਅਤੇ ਖੁਫੀਆ ਜਾਣਕਾਰੀਆਂ ਤੱਕ ਪਹੁੰਚ ਹੋਵੇਗੀ।
ਰਾਸ਼ਟਰਪਤੀ ਚੋਣਾਂ ਤੋਂ ਬਾਅਦ ਬਦਲਾਅ ਦੀ ਪ੍ਰਕਿਰਿਆ ਨੂੰ ਰਸਮੀ ਤੌਰ 'ਤੇ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਜੀ.ਐੱਸ.ਏ. ਦੀ ਹੈ। ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਵੋਟਾਂ ਦੀ ਗਿਣਤੀ 'ਚ ਧਾਂਧਲੀ ਦਾ ਦੋਸ਼ ਲਗਾ ਕੇ ਖੁਦ ਨੂੰ ਚੋਣ ਜੇਤੂ ਕਹਿੰਦੇ ਆ ਰਹੇ ਸਨ। ਅਮਰੀਕਾ 'ਚ ਤਿੰਨ ਨਵੰਬਰ ਨੂੰ ਰਾਸ਼ਟਰਪਤੀ ਅਹੁਦੇ ਲਈ ਚੋਣਾਂ ਹੋਈਆਂ ਸਨ ਜਿਸ 'ਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਟਰੰਪ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਬਾਈਡੇਨ ਸਨ।
ਪਿਛਲੇ ਦੋ ਹਫਤੇ ਤੋਂ ਜ਼ਿਆਦਾ ਸਮੇਂ ਤੋਂ ਮਰਫੀ ਡੈਮੋਕ੍ਰੇਟਿਕ ਪਾਰਟੀ ਦੇ ਨੇਤਾਵਾਂ, ਰਾਸ਼ਟਰੀ ਸੁਰੱਖਿਆ ਮਾਹਰਾਂ ਅਤੇ ਸਿਹਤ ਅਧਿਕਾਰੀਆਂ ਵੱਲੋਂ ਆਲੋਚਨਾ ਦਾ ਸਾਹਮਣਾ ਕਰਦੀ ਆ ਰਹੀ ਸੀ। ਮਰਫੀ ਨੇ ਆਖਿਰਕਾਰ ਬਾਈਡੇਨ ਦੇ ਨਾਂ 'ਮਾਨਤਾ ਪੱਤਰ' 'ਚ ਲਿਖਿਆ ਕਿ ਟਰੰਪ ਪ੍ਰਸ਼ਾਸਨ ਬਦਲਾਅ ਦੀ ਰਸਮੀ ਪ੍ਰਕਿਰਿਆ ਸ਼ੁਰੂ ਕਰਨ ਲਈ ਤਿਆਰ ਹੈ। ਪੱਤਰ ਪ੍ਰਸ਼ਾਸਨ ਵੱਲੋਂ ਟਰੰਪ ਦੀ ਹਾਰ ਸਵੀਕਾਰ ਕੀਤੇ ਜਾਣ ਦੀ ਦਿਸ਼ਾ 'ਚ ਪਹਿਲਾ ਕਦਮ ਹੈ।