
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ-19 ਮਹਾਮਾਰੀ ਖ਼ਿਲਾਫ਼ ਲੜਾਈ ’ਚ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਸੇ ਤਰ੍ਹਾਂ ਦੀ ਢਿੱਲ ਨਾ ਵਰਤਣ ਲਈ ਚੌਕਸ ਕਰਦਿਆਂ ਸੱਦਾ ਦਿੱਤਾ ਕਿ ਉਹ ਵਾਇਰਸ ਦੇ ਸੰਚਾਰ ਨੂੰ ਰੋਕਣ ਲਈ ਲਾਗ ਤੇ ਮੌਤ ਦਰਾਂ ਨੂੰ ਘਟਾਉਣ ਵੱਲ ਧਿਆਨ ਕੇਂਦਰਿਤ ਕਰਨ। ਕਰੋਨਾ ਦੀ ਸਭ ਤੋਂ ਵੱਧ ਮਾਰ ਝੱਲਣ ਵਾਲੇ ਅੱਠ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਵਰਚੁਅਲ ਮੀਟਿੰਗ ਜ਼ਰੀਏ ਮੁਖਾਤਬ ਹੁੰਦਿਆਂ ਪ੍ਰਧਾਨ ਮੰਤਰੀ ਨੇ ਵੱਧ ਤੋਂ ਵੱਧ ਆਰਟੀ-ਪੀਸੀਆਰ ਟੈਸਟ ਕੀਤੇ ਜਾਣ ਦਾ ਵੀ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਲਾਗ ਦਰ ਨੂੰ ਘਟਾ ਕੇ 5 ਫੀਸਦ ਜਦੋਂਕਿ ਕਰੋਨਾ ਕਰਕੇ ਹੋਣ ਵਾਲੀਆਂ ਮੌਤਾਂ ਦੀ ਦਰ ਇਕ ਫੀਸਦ ਤੋਂ ਹੇਠਾਂ ਰੱਖੀ ਜਾਵੇ। ਸ੍ਰੀ ਮੋਦੀ ਨੇ ਜ਼ੋਰ ਦੇ ਕੇ ਆਖਿਆ ਕਿ ਭਾਰਤ ਵਿੱਚ ਰਿਕਵਰੀ ਤੇ ਮੌਤ ਦਰ ਨੂੰ ਲੈ ਕੇ ਹੋਰਨਾਂ ਮੁਲਕਾਂ ਦੇ ਮੁਕਾਬਲੇ ਕੋਵਿਡ-19 ਹਾਲਾਤ ਵਧੇਰੇ ਸਥਿਰ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ ਵੈਕਸੀਨ ਦੀ ਉਪਲੱਬਧਤਾ ਮਗਰੋਂ ਪਹਿਲੀ ਤਰਜੀਹ ਸਿਹਤ ਤੇ ਮੂਹਰਲੀਆਂ ਸਫਾਂ ’ਚ ਕੰਮ ਕਰ ਰਹੇ ਕਾਮਿਆਂ ਨੂੰ ਦਿੱਤੀ ਜਾਵੇਗੀ। ਉਨ੍ਹਾਂ ਵੈਕਸੀਨ ਦੀ ਵੰਡ ਲਈ ਪਾਰਦਰਸ਼ੀ ਚੌਖਟਾ ਵਿਕਸਤ ਕਰਨ ਲਈ ਕੇਂਦਰ ਤੇ ਰਾਜਾਂ ਦਰਮਿਆਨ ਬਿਹਤਰ ਸਹਿਯੋਗ ਦਾ ਵੀ ਸੱਦਾ ਦਿੱਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਕਰੋਨਾ ਵੈਕਸੀਨ ਤਿਆਰ ਕਰਨ ਦੇ ਅਮਲ ’ਤੇ ਨੇੜਿਓਂ ਨਜ਼ਰ ਰੱਖ ਰਹੀ ਹੈ ਤੇ ਉਹ ਭਾਰਤੀ ਡਿਵੈਲਪਰਾਂ ਤੇ ਨਿਰਮਾਤਾਵਾਂ ਦੇ ਨਾਲ ਆਲਮੀ ਰੈਗੂਲੇਟਰਾਂ, ਹੋਰਨਾਂ ਮੁਲਕਾਂ ਦੀਆਂ ਸਰਕਾਰਾਂ, ਬਹੁਪੱਖੀ ਸੰਸਥਾਵਾਂ ਤੇ ਕੌਮਾਂਤਰੀ ਕੰਪਨੀਆਂ ਦੇ ਸੰਪਰਕ ਵਿਚ ਹਨ। ਸ੍ਰੀ ਮੋਦੀ ਨੇ ਕਿਹਾ, ‘ਸਾਨੂੰ ਵਾਇਰਸ ਦੇ ਸੰਚਾਰ ਨੂੰ ਰੋਕਣ ਲਈ ਆਪਣੇ ਯਤਨ ਤੇਜ਼ ਕਰਨੇ ਹੋਣਗੇ। ਟੈਸਟਿੰਗ, ਕਨਫਰਮੇਸ਼ਨ, ਸੰਪਰਕਾਂ ਦੀ ਟਰੇਸਿੰਗ ਤੇ ਡੇਟਾ ਨੂੰ ਸਿਖਰਲੀ ਤਰਜੀਹ ਦਿੱਤੀ ਜਾਵੇ।’ ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕਿ ਨਾਗਰਿਕਾਂ ਲਈ ਵੈਕਸੀਨ ਸਾਰੇ ਜ਼ਰੂਰੀ ਵਿਗਿਆਨਕ ਮਾਪਦੰਡਾਂ ਨੂੰ ਪੂਰਾ ਕਰੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਜਿਵੇਂ ਸਾਰਾ ਧਿਆਨ ਹਰ ਜ਼ਿੰਦਗੀ ਬਚਾਉਣ ਵੱਲ ਸੀ, ਠੀਕ ਉਸੇ ਤਰ੍ਹਾਂ ਹੁਣ ਹਰੇਕ ਤਕ ਵੈਕਸੀਨ ਦੀ ਰਸਾਈ ਯਕੀਨੀ ਬਣਾਉਣਾ ਮੁੱਖ ਤਰਜੀਹ ਰਹੇਗੀ। ਸ੍ਰੀ ਮੋਦੀ ਨੇ ਕਿਹਾ ਕਿ ਕਰੋਨਾ ਦੀ ਟੈਸਟਿੰਗ ਤੇ ਇਲਾਜ ਲਈ ਵੱਡੇ ਪੱਧਰ ’ਤੇ ਨੈੱਟਵਰਕ ਚੱਲ ਰਿਹੈ ਤੇ ਇਸ ਦਾ ਘੇਰਾ ਲਗਾਤਾਰ ਮੋਕਲਾ ਕੀਤਾ ਜਾ ਰਿਹੈ। ਮੀਟਿੰਗ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸਿਹਤ ਮੰਤਰੀ ਹਰਸ਼ ਵਰਧਨ ਵੀ ਮੌਜੂਦ ਸਨ। ਵਰਚੁਅਲ ਮੀਟਿੰਗ ’ਚ ਹਾਜ਼ਰੀ ਭਰਨ ਵਾਲਿਆਂ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਰਾਜਸਥਾਨ ਦੇ ਅਸ਼ੋਕ ਗਹਿਲੋਤ, ਪੱਛਮੀ ਬੰਗਾਲ ਦੀ ਮਮਤਾ ਬੈਨਰਜੀ, ਮਹਾਰਾਸ਼ਟਰ ਦੇ ਊਧਵ ਠਾਕਰੇ, ਛੱਤੀਸਗੜ੍ਹ ਦੇ ਭੁਪੇਸ਼ ਬਘੇਲ ਤੇ ਗੁਜਰਾਤ ਤੋਂ ਵਿਜੈ ਰੁਪਾਨੀ ਸ਼ਾਮਲ ਸਨ।