ਪੰਨੂ ਮਾਮਲੇ ਨਾਲ ਭਾਰਤ-ਅਮਰੀਕਾ ਸਬੰਧਾਂ ’ਤੇ ਅਸਰ ਨਹੀਂ ਪਿਆ: ਜੈਸ਼ੰਕਰ

ਪੰਨੂ ਮਾਮਲੇ ਨਾਲ ਭਾਰਤ-ਅਮਰੀਕਾ ਸਬੰਧਾਂ ’ਤੇ ਅਸਰ ਨਹੀਂ ਪਿਆ: ਜੈਸ਼ੰਕਰ

ਨਵੀਂ ਦਿੱਲੀ-ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਦਾਅਵਾ ਕੀਤਾ ਹੈ ਕਿ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਨਾਕਾਮ ਸਾਜ਼ਿਸ਼ ਲਈ ਭਾਰਤੀ ਏਜੰਸੀਆਂ ’ਤੇ ਲੱਗੇ ਦੋਸ਼ਾਂ ਨਾਲ ਭਾਰਤ ਅਤੇ ਅਮਰੀਕਾ ਦੇ ਸਬੰਧਾਂ ’ਤੇ ਕੋਈ ਅਸਰ ਨਹੀਂ ਪਿਆ ਹੈ। ਖ਼ਬਰ ਏਜੰਸੀ ਨੂੰ ਦਿੱਤੇ ਵਿਸ਼ੇਸ਼ ਇੰਟਰਵਿਊ ’ਚ ਜੈਸ਼ੰਕਰ ਨੇ ਕਿਹਾ ਕਿ ਭਾਰਤ-ਅਮਰੀਕਾ ਸਬੰਧਾਂ ਦੀ ਬੁਨਿਆਦ ਬਹੁਤ ਮਜ਼ਬੂਤ ਹੈ ਅਤੇ ਦੋਸ਼ਾਂ ਨਾਲ ਉਸ ’ਤੇ ਕੋਈ ਅਸਰ ਨਹੀਂ ਪਿਆ ਹੇ। ਉਨ੍ਹਾਂ ਕਿਹਾ,‘‘ਅਮਰੀਕਾ ਨੇ ਕੁਝ ਖਾਸ ਜਾਣਕਾਰੀ ਸਾਡੇ ਧਿਆਨ ਹੇਠ ਲਿਆਂਦੀ ਸੀ ਕਿਉਂਕਿ ਅਸੀ ਵੀ ਮੰਨਦੇ ਹਾਂ ਕਿ ਉਸ ਦਾ ਕੁਝ ਅਸਰ ਸਾਡੀ ਆਪਣੀ ਪ੍ਰਣਾਲੀ ’ਤੇ ਵੀ ਪੈਂਦਾ ਹੈ। ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਪਰ ਭਾਰਤ-ਅਮਰੀਕਾ ਸਬੰਧਾਂ ’ਤੇ ਕੋਈ ਫਰਕ ਨਹੀਂ ਪਿਆ ਹੈ।’’ ਜੈਸ਼ੰਕਰ ਨੇ ਕਿਹਾ ਕਿ ਬੀਤੇ ’ਚ ਅਮਰੀਕਾ ਨਾਲ ਸਬੰਧਾਂ ’ਚ ਸਮੱਸਿਆ ਸੀ। ‘ਨਹਿਰੂ-ਕ੍ਰਿਸ਼ਨਾ ਮੈਨਨ ਦੇ ਸਮੇਂ ਤੋਂ ਦੇਸ਼ ’ਚ ਖੱਬੇ-ਪੱਖੀ ਵਿਚਾਰਧਾਰਾ ਹਾਵੀ ਸੀ ਜੋ ਅਮਰੀਕਾ ਨਾਲ ਗੂੜ੍ਹੇ ਸਬੰਧ ਨਹੀਂ ਚਾਹੁੰਦੀ ਸੀ। ਇਹ ਵਤੀਰਾ 2014 ਤੱਕ ਜਾਰੀ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜਿਹੇ ਵਿਚਾਰਾਂ ਵਿਰੁੱਧ ਹਨ।’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਦੇਸ਼ ਦੀ ਵਿਦੇਸ਼ ਨੀਤੀ ’ਚ ਹਾਂ-ਪੱਖੀ ਰਵੱਈਆ ਅਪਣਾਇਆ ਗਿਆ। ਨਿੱਝਰ ਹੱਤਿਆ ਕਾਂਡ ਦੇ ਮਾਮਲੇ ’ਤੇ ਕੈਨੇਡਾ ਨਾਲ ਵਿਗੜੇ ਸਬੰਧਾਂ ਬਾਰੇ ਜੈਸ਼ੰਕਰ ਨੇ ਕਿਹਾ ਕਿ ਖਾਲਿਸਤਾਨੀ ਵੱਖਵਾਦੀਆਂ ਨੂੰ ਸਿਆਸੀ ਪਨਾਹ ਦੇ ਕੇ ਕੈਨੇਡਾ ਸਰਕਾਰ ਇਹ ਸੁਨੇਹਾ ਦੇ ਰਹੀ ਹੈ ਕਿ ਉਸ ਦਾ ਵੋਟ ਬੈਂਕ ਉਸ ਦੇ ਕਾਨੂੰਨ ਦੇ ਸ਼ਾਸਨ ਤੋਂ ਵਧੇਰੇ ਤਾਕਤਵਰ ਹੈ। -ਪੀਟੀਆਈ