ਸੀਏਏ ਤਹਿਤ 14 ਵਿਅਕਤੀਆਂ ਨੂੰ ਮਿਲੀ ਭਾਰਤ ਦੀ ਨਾਗਰਿਕਤਾ

ਸੀਏਏ ਤਹਿਤ 14 ਵਿਅਕਤੀਆਂ ਨੂੰ ਮਿਲੀ ਭਾਰਤ ਦੀ ਨਾਗਰਿਕਤਾ

ਨਵੀਂ ਦਿੱਲੀ- ਨਾਗਰਿਕਤਾ ਸੋਧ ਐਕਟ (ਸੀਏਏ) ਤਹਿਤ 14 ਵਿਅਕਤੀਆਂ ਨੂੰ ਨਾਗਰਿਕਤਾ ਸਰਟੀਫਿਕੇਟਾਂ ਦਾ ਪਹਿਲਾ ਸੈੱਟ ਅੱਜ ਜਾਰੀ ਕੀਤਾ ਗਿਆ। ਸੀਏਏ ਲਾਗੂ ਹੋਣ ਦੇ ਕਰੀਬ ਦੋ ਮਹੀਨਿਆਂ ਬਾਅਦ ਤਿੰਨ ਗੁਆਂਢੀ ਮੁਲਕਾਂ ਤੋਂ ਆਏ ਗ਼ੈਰ-ਮੁਸਲਿਮ ਪਰਵਾਸੀਆਂ ਨੂੰ ਪਹਿਲੀ ਵਾਰ ਭਾਰਤੀ ਨਾਗਰਿਕਤਾ ਪ੍ਰਦਾਨ ਕੀਤੀ ਗਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਨੂੰ ‘ਇਤਿਹਾਸਕ ਦਿਨ’ ਕਰਾਰ ਦਿੰਦਿਆਂ ਕਿਹਾ ਕਿ ਪਾਕਿਸਤਾਨ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ’ਚ ਧਰਮ ਦੇ ਆਧਾਰ ’ਤੇ ਤਸੀਹੇ ਝੱਲਣ ਵਾਲੇ ਲੋਕਾਂ ਦੀ ਦਹਾਕਿਆਂ ਲੰਮੀ ਉਡੀਕ ਅੱਜ ਖ਼ਤਮ ਹੋ ਗਈ ਹੈ। ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਆਜ਼ਾਦੀ ਸਮੇਂ ਕੀਤੇ ਗਏ ਵਾਅਦੇ ਨੂੰ ਹੁਣ ਪੂਰਾ ਕਰ ਦਿੱਤਾ ਹੈ। ਉਨ੍ਹਾਂ ‘ਐਕਸ’ ’ਤੇ ਕਿਹਾ, ‘‘ਕਈ ਦਹਾਕਿਆਂ ਤੱਕ ਮੁਸ਼ਕਲਾਂ ਸਹਿਣ ਵਾਲੇ ਲੋਕਾਂ ਨੂੰ ਇਨਸਾ਼ਫ ਅਤੇ ਹੱਕ ਦੇਣ ਲਈ ਮੈਂ ਮੋਦੀ ਜੀ ਦਾ ਧੰਨਵਾਦ ਕਰਦਾ ਹਾਂ। ਮੈਂ ਆਪਣੇ ਸਾਰੇ ਸ਼ਰਨਾਰਥੀ ਭਰਾਵਾਂ ਅਤੇ ਭੈਣਾਂ ਨੂੰ ਯਕੀਨ ਦਿਵਾਉਂਦਾ ਹਾਂ ਕਿ ਮੋਦੀ ਸਰਕਾਰ ਸੀਏਏ ਰਾਹੀਂ ਉਨ੍ਹਾਂ ਨੂੰ ਦੇਸ਼ ਦੀ ਨਾਗਰਿਕਤਾ ਦੇਵੇਗੀ। ਮੋਦੀ ਦੀ ਗਾਰੰਟੀ, ਵਾਅਦੇ ਪੂਰੇ ਕਰਨ ਦੀ ਗਾਰੰਟੀ ਹੈ।’’ ਕੇਂਦਰੀ ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ ਨੇ 14 ਵਿਅਕਤੀਆਂ ਨੂੰ ਨਾਗਰਿਕਤਾ ਸਬੰਧੀ ਸਰਟੀਫਿਕੇਟ ਸੌਂਪੇ। ਨਾਗਰਿਕਤਾ ਸਰਟੀਫਿਕੇਟ ਦਿੰਦਿਆਂ ਗ੍ਰਹਿ ਸਕੱਤਰ ਨੇ ਅਰਜ਼ੀਕਾਰਾਂ ਨੂੰ ਵਧਾਈ ਦਿੱਤੀ ਅਤੇ ਨਾਗਰਿਕਤਾ ਸੋਧ ਨੇਮ, 2024 ਦੀਆਂ ਵਿਸ਼ੇਸ਼ਤਾਵਾਂ ਦਾ ਬਖਾਨ ਕੀਤਾ। ਇਸ ਮੌਕੇ ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ, ਰਜਿਸਟਰਾਰ ਜਨਰਲ ਆਫ਼ ਇੰਡੀਆ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਨਾਗਰਿਕਤਾ ਸਰਟੀਫਿਕੇਟ ਲੋਕ ਸਭਾ ਚੋਣਾਂ ਦੇ ਐਨ ਵਿਚਕਾਰ ਸੌਂਪੇ ਗਏ ਹਨ।