ਲੋਕ ਸਭਾ ਚੋਣਾਂ: ਚੌਥੇ ਗੇੜ ਲਈ 64 ਫ਼ੀਸਦ ਪੋਲਿੰਗ

ਲੋਕ ਸਭਾ ਚੋਣਾਂ: ਚੌਥੇ ਗੇੜ ਲਈ 64 ਫ਼ੀਸਦ ਪੋਲਿੰਗ

ਨਵੀਂ ਦਿੱਲੀ- ਲੋਕ ਸਭਾ ਚੋਣਾਂ ਦੇ ਚੌਥੇ ਗੇੜ ਲਈ ਅੱਜ 64 ਫ਼ੀਸਦ ਤੋਂ ਵੱਧ ਪੋਲਿੰਗ ਦਰਜ ਕੀਤੀ ਗਈ ਹੈ। ਆਂਧਰਾ ਪ੍ਰਦੇਸ਼ ਤੇ ਪੱਛਮੀ ਬੰਗਾਲ ਵਿਚ ਹਿੰਸਕ ਘਟਨਾਵਾਂ ਦਰਮਿਆਨ 10 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਪੈਂਦੇ 96 ਹਲਕਿਆਂ ਲਈ ਵੋਟਾਂ ਪਈਆਂ। ਚੋਣ ਕਮਿਸ਼ਨ ਮੁਤਾਬਕ ਰਾਤ ਦਸ ਵਜੇ ਤੱਕ 64.05 ਫ਼ੀਸਦ ਵੋਟਾਂ ਪਈਆਂ ਹਨ ਤੇ ਇਹ ਅੰਕੜਾ ਵਧਣ ਦੇ ਆਸਾਰ ਹਨ ਕਿਉਂਕਿ ਸ਼ਾਮੀਂ 6 ਵਜੇ ਵੋਟਿੰਗ ਦਾ ਅਧਿਕਾਰਤ ਸਮਾਂ ਖ਼ਤਮ ਹੋਣ ਮੌਕੇ ਵੀ ਪੋਲਿੰਗ ਬੂਥਾਂ ’ਤੇ ਲੋਕ ਕਤਾਰਾਂ ਵਿਚ ਖੜ੍ਹੇ ਸਨ। ਪੱਛਮੀ ਬੰਗਾਲ ਵਿਚ 76.56 ਫ਼ੀਸਦ ਨਾਲ ਸਭ ਤੋਂ ਵੱਧ ਪੋਲਿੰਗ ਹੋਈ ਜਦੋਂਕਿ ਜੰਮੂ ਕਸ਼ਮੀਰ ਦੇ ਇਕੋ ਇਕ ਸੰਸਦੀ ਹਲਕੇ ਸ੍ਰੀਨਗਰ ਲਈ 37.93 ਫ਼ੀਸਦ ਪੋੋਲਿੰਗ ਰਿਕਾਰਡ ਕੀਤੀ ਗਈ ਹੈ। ਧਾਰਾ 370 ਮਨਸੂਖ ਕੀਤੇ ਜਾਣ ਮਗਰੋਂ ਵਾਦੀ ਵਿਚ ਇਹ ਪਹਿਲੀ ਲੋਕ ਸਭਾ ਚੋਣ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ‘ਦਹਾਕਿਆਂ ਵਿਚ ਇਹ ਸਭ ਤੋਂ ਵੱਧ ਵੋਟ ਫੀਸਦ’ ਹੈ। ਇਸੇ ਤਰ੍ਹਾਂ ਆਂਧਰਾ ਪ੍ਰਦੇਸ਼ ਵਿਚ 68.20 ਫ਼ੀਸਦ, ਬਿਹਾਰ 56.75 ਫ਼ੀਸਦ, ਝਾਰਖੰਡ 64.59 ਫ਼ੀਸਦ, ਮੱਧ ਪ੍ਰਦੇਸ਼ 71.72 ਫ਼ੀਸਦ, ਮਹਾਰਾਸ਼ਟਰ 57.58 ਫ਼ੀਸਦ, ਉੜੀਸਾ 64.81 ਫ਼ੀਸਦ, ਤਿਲੰਗਾਨਾ 62.28 ਫ਼ੀਸਦ ਤੇ ਉੱਤਰ ਪ੍ਰਦੇਸ਼ ਵਿਚ 58.05 ਫ਼ੀਸਦ ਪੋਲਿੰਗ ਦਰਜ ਕੀਤੀ ਗਈ ਹੈ। ਆਂਧਰਾ ਪ੍ਰਦੇਸ਼ ਵਿਚ ਲੋਕ ਸਭਾ ਦੀਆਂ 25 ਸੀਟਾਂ ਦੇ ਨਾਲ ਹੀ 175 ਅਸੈਂਬਲੀ ਹਲਕਿਆਂ ਤੇ ਉੜੀਸਾ ਦੀਆਂ 28 ਅਸੈਂਬਲੀ ਸੀਟਾਂ ਲਈ ਵੀ ਵੋਟਾਂ ਪਈਆਂ।